Welcome to Canadian Punjabi Post
Follow us on

29

March 2024
 
ਨਜਰਰੀਆ

ਅੱਠਵੀਂ ਪਾਸ ਅਧਿਆਪਕ

October 18, 2019 08:50 AM

-ਪ੍ਰਿੰਸੀਪਲ ਵਿਜੈ ਕੁਮਾਰ
ਪੰਜਵੀਂ ਜਮਾਤ ਪਾਸ ਕਰਨ ਪਿੱਛੋਂ ਛੇਵੀਂ ਵਿੱਚ ਅੰਗਰੇਜ਼ੀ ਦਾ ਵਿਸ਼ੇ ਪੜ੍ਹਨ ਪੈ ਗਿਆ। ਅੰਗਰੇਜ਼ੀ ਦੇ ਅਧਿਆਪਕ ਦੇ ਮਿਹਨਤੀ ਨਾ ਹੋਣ ਕਾਰਨ ਅੰਗਰੇਜ਼ੀ ਬਾਰੇ ਮਨ ਵਿੱਚ ਡਰ ਅਜਿਹਾ ਬੈਠਾ ਕਿ ਜਦੋਂ ਅੰਗਰੇਜ਼ੀ ਦਾ ਪੀਰੀਅਡ ਆਉਣਾ, ਕੰਬਣੀ ਛਿੜ ਜਾਣੀ। ਮੈਂ ਸਭ ਤੋਂ ਪਿੱਛੇ ਜਾ ਬੈਠਦਾ। ਖੈਰ, ਕਿਸੇ ਨਾ ਕਿਸੇ ਢੰਗ ਨਾਲ ਛੇਵੀਂ ਦਾ ਬੇੜਾ ਪਾਰ ਲੱਗ ਗਿਆ।
ਸਾਡੇ ਪਰਵਾਰ ਦਾ ਕਿੱਤਾ ਭਾਵੇਂ ਦੁਕਾਨਦਾਰੀ ਸੀ, ਪਰ ਪਿਤਾ ਜੀ ਦੀ ਇੱਛਾ ਸੀ ਕਿ ਮੈੈਂ ਪੜ੍ਹ-ਲਿਖ ਕੇ ਅਫਸਰ ਬਣਾਂ। ਉਹ ਅਨਪੜ੍ਹ ਹੁੰਦਿਆਂ ਹੋਇਆਂ ਵੀ ਪੜ੍ਹਾਈ ਦੀ ਵੁੱਕਤ ਸਮਝਦੇ ਸਨ। ਅਗਲੇ ਸਾਲ ਸੱਤਵੀਂ ਜਮਾਤ ਦਾ ਅੰਗਰੇਜ਼ੀ ਪੜ੍ਹਾਉਣ ਵਾਲਾ ਅਧਿਆਪਕ ਵਾਹਵਾ ਮਿਹਨਤੀ ਸੀ, ਪਰ ਨਾਲ-ਨਾਲ ਸਖਤ ਵੀ ਬਹੁਤ ਸੀ। ਕਮਜ਼ੋਰ ਬੱਚਿਆਂ ਉਤੇ ਉਸ ਦੀ ਵਿਸ਼ੇਸ਼ ਨਜ਼ਰ ਹੁੰਦੀ। ਉਸ ਦੀ ਸਖਤੀ ਨੇ ਅੰਗਰੇਜ਼ੀ ਬਾਰੇ ਮੇਰੇ ਅੰਦਰ ਹੋਰ ਜ਼ਿਆਦਾ ਖੌਫ ਪੈਦਾ ਕਰ ਦਿੱਤਾ। ਉਹ ਮੈਨੂੰ ਹਰ ਰੋਜ਼ ਜਮਾਤ ਦੇ ਬਾਹਰ ਖ਼ੜਾ ਕਰ ਦਿੰਦਾ। ਸਤੰਬਰ ਦੀ ਪ੍ਰੀਖਿਆ ਵਿੱਚ ਅੰਗਰੇਜ਼ੀ ਵਿੱਚੋਂ ਮੇਰੇ ਅੱਠ ਨੰਬਰ ਆਏ। ਅਧਿਆਪਕ ਨੇ ਸਕੂਲ ਮੁਖੀ ਨੂੰ ਕਹਿ ਕੇ ਫੇਲ੍ਹ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਸੱਦਿਆ। ਇਨ੍ਹਾਂ ਵਿੱਚ ਮੈਂ ਵੀ ਸਾਂ। ਪਿਤਾ ਜੀ ਅੰਗਰੇਜ਼ੀ ਵਿੱਚੋਂ ਮੇਰੇ ਨੰਬਰ ਦੇਖ ਕੇ ਹੈਰਾਨ ਰਹਿ ਗਏ। ਉਹ ਮੈਨੂੰ ਮਿਹਨਤ ਕਰਾਉਣ ਦਾ ਵਾਅਦਾ ਕਰਕੇ ਆ ਗਏ।
ਛੁੱਟੀ ਤੋਂ ਬਾਅਦ ਘਰ ਪਹੁੰਚਦੇ ਹੀ ਪਿਤਾ ਜੀ ਦਾ ਫਰਮਾਨ ਹੋ ਗਿਆ, ‘ਕਾਕਾ, ਪੜ੍ਹਾਈ ਤੇਰੇ ਵੱਸ ਦੀ ਗੱਲ ਨਹੀਂ। ਦੁਕਾਨਦਾਰਾਂ ਦੇ ਨਿਆਣੇ ਪੜ੍ਹਾਈ ਨਹੀਂ ਕਰ ਸਕਦੇ। ਜਿਹੜੀ ਖੋਰੀ ਮੈਂ ਖੋਤਦਾ ਆਇਆ ਹਾਂ, ਤੂੰ ਵੀ ਖੋਤਣੀ ਸ਼ੁਰੂ ਕਰ ਦੇ। ਪੜ੍ਹਾਈ ਛੱਡ ਅਤੇ ਦੁਕਾਨ 'ਤੇ ਬੈਠਿਆ ਕਰ।'' ਪਿਤਾ ਜੀ ਦਾ ਗੁੱਸਾ ਦੇਖ ਕੇ ਮੈਂ ਕੰਬਣ ਲੱਗ ਪਿਆ। ਮਾਂ ਨੇ ਉਠ ਕੇ ਮੈਨੂੰ ਜੱਫੀ ਵਿੱਚ ਲੈ ਲਿਆ। ਉਹ ਭਾਵੇਂ ਬਹੁਤ ਘੱਟ ਪੜ੍ਹੀ-ਲਿਖੀ ਸੀ, ਪਰ ਮਨ ਦੀਆਂ ਗੱਲਾਂ ਬੁੱਝ ਲੈਂਦੀ ਸੀ। ਉਸ ਨੇ ਪਿਤਾ ਜੀ ਨੂੰ ਸ਼ਾਂਤ ਕਰਦਿਆਂ ਕਿਹਾ, ‘ਸੰਭਾਲ ਕੇ ਰੱਖੋ ਆਪਣੀ ਦੁਕਾਨ, ਮੇਰੇ ਪੁੱਤ ਨੇ ਨਹੀਂ ਕੋਈ ਦੁਕਾਨ-ਦਕੂਨ ਕਰਨੀ।’ ਮਾਂ ਦੇ ਇਨ੍ਹਾਂ ਬੋਲਾਂ ਨਾਲ ਮੈਨੂੰ ਰਤਾ ਕੁ ਸਾਹ ਆਉਂਦਾ ਜਾਪਿਆ। ਮਾਂ ਨੇ ਲਾਡ ਲਡਾਉਂਦਿਆਂ ਪੁੱਛਿਆਂ, ‘ਪੁੱਤ ਤੰੂ ਪਰਚਿਆਂ ਵਿੱਚ ਤਾਂ ਚੰਗੇ ਨੰਬਰ ਲਏ ਆ, ਫਿਰ ਤੈਨੂੰ ਅੰਗਰੇਜ਼ੀ ਕਿਉਂ ਨਹੀਂ ਆਉਂਦੀ?'' ਇੱਕ ਪਲ ਲਈ ਮਾਂ ਦੀਆਂ ਅੱਖਾਂ ਅੰਦਰ ਝਾਕਿਆ ਤਾਂ ਲੱਗਿਆ, ਉਸ ਨੀਵੀਆਂ ਹੋ ਗਈਆਂ ਸਨ, ਬੱਸ, ਮੈਂ ਇੰਨਾ ਆਖ ਸਕਿਆ ਕਿ ਮੈਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ। ਮਾਂ ਨੇ ਤੁਰੰਤ ਵਰਾਇਆ, ‘‘ਤੂੰ ਘਬਰਾ ਨਾ, ਮੈਂ ਤੇਰੇ ਪਾਪਾ ਨਾਲ ਗੱਲ ਕਰਦੀ ਆਂ।''
ਰਾਤ ਦੇ ਖਾਣੇ ਵੇਲੇ ਮਾਂ ਨੇ ਵੇਲਾ ਵੇਖ ਕੇ ਪਿਤਾ ਜੀ ਨੂੰ ਕਿਹਾ, ‘‘ਮੁੰਡਾ ਅੰਗਰੇਜ਼ੀ ਤੋਂ ਡਰ ਗਿਐ, ਇਹ ਨਲਾਇਕ ਨਹੀਂ ਆ। ਇਸ ਨੂੰ ਹੌਸਲਾ ਦਿਓ ਭੋਰਾ।'' ਨਾਲ ਉਸ ਨੇ ਮੈਨੂੰ ਮਾਸਟਰ ਮੁਨਸ਼ੀ ਰਾਮ ਕੋਲ ਪੜ੍ਹਨ ਭੇਜਣ ਦੀ ਸੁਲ੍ਹਾ ਜਿਹੀ ਵੀ ਮਾਰੀ। ਮਾਸਟਰ ਮੁਨਸ਼ੀ ਰਾਮ ਜੀ ਸਾਡੀ ਦੁਕਾਨ ਤੋਂ ਪੰਜ ਚਾਰ ਦੁਕਾਨਾਂ ਪਰੇ ਆਰ ਐਮ ਪੀ ਦੁਕਾਨ ਉਤੇ ਕੰਪਾਊਡਰੀ ਕਰਦੇ ਸਨ। ਉਹ ਸਰਕਾਰੀ ਸਕੂਲ ਤੋਂ ਬਤੌਰ ਅਧਿਆਪਕ ਸੇਵਾਮੁਕਤ ਹੋਏ ਸਨ। ਉਨ੍ਹਾਂ ਬਾਰੇ ਅਕਸਰ ਗੱਲਾਂ ਚਲਦੀਆਂ ਹੁੰਦੀਆਂ ਸਨ ਕਿ ਉਹ ਲਾਹੌਰ ਤੋਂ ਅੱਠਵੀਂ ਜਮਾਤ ਪਾਸ ਕਰਕੇ ਆਏ ਸਨ ਅਤੇ ਆਪਣੇ ਸਕੂਲ ਵਿੱਚ ਦਸਵੀਂ ਜਮਾਤ ਤੱਕ ਅੰਗਰੇਜ਼ੀ ਪੜ੍ਹਉਂਦੇ ਸਨ। ਉਨ੍ਹਾਂ ਕੋਲ ਅੰਗਰੇਜ਼ੀ ਪੜ੍ਹਿਆ ਬੱਚਾ ਮੁੜ ਮਾਰ ਨਹੀਂ ਖਾਂਦਾ। ਉਹ ਟਿਊਸ਼ਨ ਨਹੀਂ ਕਰਦੇ ਸਨ ਸਗੋਂ ਆਪਣੀ ਲਿਆਕਤ ਅਤੇ ਕਾਬਲੀਅਤ ਦੇ ਗੁਣ ਬੱਚਿਆਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਸ਼ੌਕ ਸੀ।
ਮਾਂ ਦੀ ਸਲਾਹ ਮੰਨ ਕੇ ਪਿਤਾ ਜੀ ਨੇ ਮੈਨੂੰ ਅੰਗਰੇਜ਼ੀ ਪੜ੍ਹਨ ਲਈ ਮਾਸਟਰ ਮੁਨਸ਼ੀ ਰਾਮ ਜੀ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਮਾਸਟਰ ਜੀ ਦੀ ਮੋਤੀਆਂ ਵਰਗੀ ਲਿਖਾਈ ਵੀ ਮਨ ਨੂੰ ਟੁੰਬਦੀ ਸੀ। ਪਾਠ ਪੜ੍ਹਾਉਂਦਿਆਂ ਉਹ ਬੱਚਿਆਂ ਨੂੰ ਅੰਗਰੇਜ਼ੀ ਦਾ ਉਚਾਰਨ ਅਤੇ ਵਿਆਕਰਨ ਸਿਖਾਉਣਾ ਨਹੀਂ ਸੀ ਭੁੱਲਦੇ। ਜਮਾਤ ਦੇ ਪੱਧਰ ਅਨੁਸਾਰ ਵਿਆਕਰਨ ਅਤੇ ਫਰਾਟੇਦਾਰ ਢੰਗ ਨਾਲ ਅੰਗਰੇਜ਼ੀ ਪੜ੍ਹਨ ਦਾ ਤਰੀਕਾ ਉਨ੍ਹਾਂ ਮੈਨੂੰ ਤਿੰਨ ਮਹੀਨਿਆਂ ਵਿੱਚ ਸਿਖਾ ਦਿੱਤਾ। ਫਿਰ ਮੈਂ ਮੋਤੀਆਂ ਵਰਗੇ ਅੱਖਰ ਲਿਖਣ ਲੱਗ ਪਿਆ। ਦਸੰਬਰ ਵਾਲੀ ਪ੍ਰੀਖਿਆ ਵਿੱਚ ਮੇਰਾ ਨੰਬਰਾਂ ਵਾਲਾ ਮੀਟਰ ਅੱਠ ਤੋਂ ਸਿੱਧਾ ਅੱਸੀ ਉਤੇ ਪੁੱਜ ਗਿਆ। ਅੰਗਰੇਜ਼ੀ ਵਾਲੇ ਅਧਿਆਪਕ ਕੋਲੋਂ ਮੈਨੂੰ ਸਾਰੀ ਜਮਾਤ ਦੇ ਸਾਹਮਣੇ ਸ਼ਾਬਾਸ਼ ਮਿਲੀ। ਮੇਰਾ ਅੰਗਰੇਜ਼ੀ ਦਾ ਡਰ ਦੂਰ ਹੋ ਗਿਆ ਸੀ। ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ ਜਿਸ ਦਿਨ ਇੱਕ ਡਾਕਟਰ ਦੇ ਇੰਜਨੀਅਰ ਪੁੱਤਰ ਨੇ ਮਾਸਟਰ ਮੁਨਸ਼ੀ ਰਾਮ ਜੀ ਨੂੰ ਆਪਣੇ ਅਧਿਕਾਰੀ ਨੂੰ ਲਿਖਿਆ ਹੋਇਆ ਪੱਤਰ ਦਿਖਾ ਕੇ ਉਸ ਵਿੱਚੋਂ ਗਲਤੀਆਂ ਚੁਗਣ ਲਈ ਕਿਹਾ ਸੀ। ਮਾਸਟਰ ਜੀ ਨੇ ਉਸ ਦੇ ਲਿਖੇ ਹੋਏ ਸਾਰੇ ਪੱਤਰ ਨੂੰ ਰੱਦ ਕਰਕੇ ਸਾਰਾ ਪੱਤਰ ਆਪ ਲਿਖਿਆ ਸੀ।..
ਮੇਰਾ ਅਨੁਭਵ ਕਹਿੰਦਾ ਹੈ ਕਿ ਹਰ ਅਧਿਆਪਕ ਨੂੰ ਮਾਸਟਕ ਮੁਨਸ਼ੀ ਰਾਮ ਜਿਹਾ ਮਿਹਨਤੀ, ਗਿਆਨ ਭਰਪੂਰ ਤੇ ਬੱਚਿਆਂ ਦਾ ਭਲਾ ਤੱਕਣ ਵਾਲਾ ਹੋਣਾ ਚਾਹੀਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ