-ਡਾਕਟਰ ਮਨੋਜ ਡੋਗਰਾ
ਅੱਖਾਂ ਵਿੱਚ ਉਮੀਦ ਦੇ ਸੁਫਨੇ, ਨਵੀਂ ਉਡਾਣ ਭਰਦਾ ਹੋਇਆ ਮਨ, ਕੁਝ ਕਰ ਕੇ ਦਿਖਾਉਣ ਦਾ ਦਮ-ਖਮ ਅਤੇ ਦੁਨੀਆ ਨੂੰ ਆਪਣੀ ਮੁੱਠੀ 'ਚ ਕਰਨ ਦੀ ਹਿੰਮਤ ਰੱਖਣ ਵਾਲਾ ਹੀ ਨੌਜਵਾਨ ਕਹਾਉਂਦਾ ਹੈ। ਨੌਜਵਾਨ ਸ਼ਬਦ ਹੀ ਮਨ ਵਿੱਚ ਉਡਾਣ ਤੇ ਉਮੰਗ ਪੈਦਾ ਕਰਦਾ ਹੈ। ਉਮਰ ਦਾ ਇਹੋ ਦੌਰ ਹੈ, ਜਦੋਂ ਨਾ ਸਿਰਫ ਉਸ ਨੌਜਵਾਨ ਦਾ, ਸਗੋਂ ਉਸ ਦੇ ਰਾਸ਼ਟਰ ਦਾ ਭਵਿੱਖ ਤੈਅ ਕੀਤਾ ਜਾ ਸਕਦਾ ਹੈ।
ਅੱਜ ਦੇ ਭਾਰਤ ਨੂੰ ਨੌਜਵਾਨ ਭਾਰਤ ਕਿਹਾ ਜਾਂਦਾ ਹੈ ਕਿਉਂਕਿ ਸਾਡੇ ਦੇਸ਼ ਵਿੱਚ ਅਸੰਭਵ ਨੂੰ ਸੰਭਵ ਵਿੱਚ ਬਦਲਣ ਵਾਲੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਅੱਜ ਦਾ ਇੱਕ ਸੱਚ ਇਹ ਵੀ ਹੈ ਕਿ ਨੌਜਵਾਨ ਬੜੀ ਮਨਮਰਜ਼ੀ ਕਰਦੇ ਹਨ ਤੇ ਕਿਸੇ ਦੀ ਸੁਣਦੇ ਨਹੀਂ। ਨੌਜਵਾਨਾਂ ਵਿੱਚ ਸੰਸਕਾਰਾਂ ਤੇ ਸਹਿਣਸ਼ੀਲਤਾ ਦੀ ਕਮੀ ਨਜ਼ਰ ਆਉਂਦੀ ਹੈ। ਅੱਜ ਦਾ ਨੌਜਵਾਨ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਦਿਸ਼ਾਹੀਣਤਾ ਦੀ ਇਸ ਸਥਿਤੀ 'ਚ ਨੌਜਵਾਨਾਂ ਦੀ ਊਰਜਾ ਦਾ ਨਾਂਹ ਪੱਖੀ ਦਿਸ਼ਾਵਾਂ ਵੱਲ ਜਾਣਾ ਅਤੇ ਭਟਕਣਾ ਵਧਦੀ ਜਾਂਦੀ ਹੈ। ਟੀਚੇ ਦੀ ਹੀਣਤਾ ਦੇ ਮਾਹੌਲ ਨੇ ਨੌਜਵਾਨਾਂ ਨੂੰ ਇੰਨਾ ਭਰਮਾ ਕੇ ਰੱਖ ਦਿੱਤਾ ਹੈ ਕਿ ਉਨ੍ਹਾਂ ਨੂੰ ਸੁੱਝ ਹੀ ਨਹੀਂ ਰਿਹਾ ਕਿ ਕਰਨਾ ਕੀ ਹੈ, ਕੀ ਹੋ ਰਿਹਾ ਅਤੇ ਆਖਰ ਉਨ੍ਹਾਂ ਦਾ ਹੋਵੇਗਾ ਕੀ?
ਅੱਜ ਨੌਜਵਾਨਾਂ 'ਚ ਸੰਜਮ ਦੀ ਘਾਟ, ਆਤਮ-ਕੇਂਦਰਿਤ, ਨਸ਼ਾ, ਲਾਲਚ, ਹਿੰਸਾ, ਕਾਮੁਕਤਾ ਉਨ੍ਹਾਂ ਦੇ ਸੁਭਾਅ ਦਾ ਅੰਗ ਬਣਦੇ ਜਾਂਦੇ ਹਨ। ਇਹ ਬੜੀ ਚਿੰਤਾ ਦਾ ਵਿਸ਼ਾ ਹੈ, ਪਰ ਸਮੱਸਿਆ ਦੀ ਤੈਅ ਤੱਕ ਜੇ ਜਾਓ ਤਾਂ ਪਹਿਲਾ ਅਪਰਾਧ ਮਾਤਾ-ਪਿਤਾ ਤੇ ਰਿਸ਼ਤੇਦਾਰਾਂ ਦਾ ਹੈ। ਕਾਰੋਬਾਰੀ ਰੁਝੇਵੇਂ, ਵ੍ਹਟਸਐਪ, ਫੇਸਬੁਕ 'ਤੇ ਉਲਝੇ ਰਹਿਣ ਨਾਲ ਨੌਜਵਾਨਾਂ ਵੱਲ ਧਿਆਨ ਕੇਂਦਰਿਤ ਨਹੀਂ ਕਰ ਰਹੇ। ਮਾਪੇ ਉਨ੍ਹਾਂ ਦੀ ਹਰ ਜਾਇਜ਼ ਜਾਂ ਨਾਜਾਇਜ਼ ਮੰਗ ਨੂੰ ਪੂਰਾ ਕਰ ਦਿੰਦੇ ਹਨ।
ਦੂਜਾ ਸਭ ਤੋਂ ਵੱਡਾ ਜ਼ਿੰਮੇਵਾਰ ਅੱਜ ਦਾ ਸਮਾਜ ਹੈ, ਜਿਸ ਦੇ ਲਈ ਹਰ ਵਿਅਕਤੀ ਆਪਣਾ ਆਰਥਿਕ ਯੋਗਦਾਨ ਨਾਂਅ ਲਈ ਦਿੰਦਾ ਹੈ, ਪਰ ਨੌਜਵਾਨਾਂ ਦੇ ਮੋਟੀਵੇਸ਼ਨ ਲਈ ਕੁਝ ਨਹੀਂ ਕੀਤਾ ਜਾਂਦਾ। ਲੋੜ ਹੈ ਮਾਪੇ ਅਤੇ ਸਮਾਜ ਅੱਜ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਅਜਿਹੇ ਆਯੋਜਨ ਕਰਨ, ਜਿਨ੍ਹਾਂ ਨਾਲ ਨੌਜਵਾਨਾਂ ਵਿੱਚ ਚੰਗੇ ਸੰਸਕਾਰ ਪੈਦਾ ਹੋਣ। ਨੌਜਵਾਨ ਸੰਸਕਾਰੀ ਹੋਣਗੇ ਤਾਂ ਦੇਸ਼, ਸਮਾਜ ਦਾ ਭਵਿੱਖ ਉਜਵਲ ਹੋਵੇਗਾ। ਹੁੰਦਾ ਇਸ ਦੇ ਉਲਟ ਹੈ। ਅੱਜ ਦਾ ਨੌਜਵਾਨ ਖੁਦ ਦੀ ਸਮਰੱਥਾ ਨੂੰ ਪਛਾਣ ਨਹੀਂ ਰਿਹਾ। ਉਸ ਵਿੱਚ ਸਹਿਣਸ਼ੀਲਤਾ ਦੀ ਕਮੀ ਨਜ਼ਰ ਆਉਂਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਮਾਪਿਆਂ ਦਾ ਬੱਚਿਆਂ ਵੱਲ ਧਿਆਨ ਨਾ ਦੇਣਾ ਹੈ। ਕਈ ਮਾਪੇ ਬੱਚਿਆਂ 'ਤੇ ਪੜ੍ਹਾਈ ਦਾ ਦਬਾਅ ਬਣਾ ਰੱਖਦੇ ਹਨ, ਸਿਰਫ ਪੜ੍ਹਾਈ-ਪੜ੍ਹਾਈ ਦੀ ਰਟ ਲਾਈ ਜਾਂਦੇ ਹਨ ਅਤੇ ਬੱਚਾ ਸਮਾਜ ਤੋਂ ਟੁੱਟ ਜਾਂਦਾ ਹੈ, ਉਸ ਵਿੱਚ ਸੰਸਕਾਰਾਂ ਦਾ ਵਿਕਾਸ ਨਹੀਂ ਹੁੰਦਾ। ਉਹ ਸਿਰਫ ਕਿਤਾਬੀ ਕੀੜਾ ਬਣ ਕੇ ਰਹਿ ਜਾਂਦਾ ਹੈ। ਉਸ ਨੂੰ ਅਸਲ ਜ਼ਿੰਦਗੀ ਦੀ ਜਾਣਕਾਰੀ ਨਹੀਂ ਹੁੰਦੀ, ਉਹ ਸਿਰਫ ਕਿਤਾਬਾਂ ਤੱਕ ਸੀਮਿਤ ਰਹਿੰਦਾ ਹੈ। ਕਈ ਵਾਰ ਤਾਂ ਮਾਪੇ ਬੱਚਿਆਂ 'ਤੇ ਇੰਨਾ ਦਬਾਅ ਬਣਾ ਦਿੰਦੇ ਹਨ ਕਿ ਜੇ ਉਹ ਉਨ੍ਹਾਂ ਦੀ ਇੱਛਾ ਮੁਤਾਬਕ ਨਤੀਜੇ ਨਹੀਂ ਦਿੰਦੇ ਤਾਂ ਬੱਚੇ ਕਈ ਵਾਰ ਘਰ ਵਾਲਿਆਂ ਦੇ ਡਰ ਨਾਲ ਮਾਨਸਿਕ ਤਣਾਅ ਵਿੱਚ ਚਲੇ ਜਾਂਦੇ ਹਨ ਅਤੇ ਉਸ 'ਚੋਂ ਬਾਹਰ ਨਹੀਂ ਨਿਕਲਦੇ। ਕਈ ਵਾਰ ਤਾਂ ਹਾਲਤ ਖੁਦਕੁਸ਼ੀ ਤੱਕ ਚਲੀ ਜਾਂਦੀ ਹੈ।
ਸੰਸਕਾਰਾਂ ਨਾਲ ਵਿਅਕਤੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਜੇ ਦੇਸ਼ ਦਾ ਨੌਜਵਾਨ ਵਰਗ ਮਜ਼ਬੂਤ ਨਹੀਂ ਹੋਵੇਗਾ ਤਾਂ ਰਾਸ਼ਟਰ ਮਜ਼ਬੂਤ ਨਹੀਂ ਹੋਵੇਗਾ। ਇਸੇ ਕੜੀ ਵਿੱਚ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਸੀ ਕਿ ਬੱਚਿਆਂ ਨੂੰ ਪ੍ਰੀਖਿਆ ਦੇ ਸਮੇਂ ਜ਼ਿਆਦਾ ਤਣਾਅ ਨਹੀਂ ਲੈਣਾ ਚਾਹੀਦਾ। ਇਸ ਦੇ ਨਾਲ ਉਨ੍ਹਾਂ ਨੇ ਮਾਪਿਆਂ ਨੂੰ ਵੀ ਬੱਚਿਆਂ ਲਈ ਅਜਿਹਾ ਮਾਹੌਲ ਤਿਆਰ ਕਰਨ ਲਈ ਕਿਹਾ ਸੀ, ਜਿਸ ਨਾਲ ਉਹ ਖੁਦ ਨੂੰ ਇਕੱਲਾ ਤੇ ਦਬਾਅ 'ਚ ਮਹਿਸੂਸ ਨਾ ਕਰਨ। ਉਨ੍ਹਾਂ ਦੱਸਿਆ ਸੀ ਕਿ ਨੌਜਵਾਨਾਂ ਨੂੰ ਖੁਦ ਦੀ ਤਾਕਤ ਨੂੰ ਪਛਾਣ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਮਜ਼ਬੂਤ ਇਰਾਦੇ ਰੱਖਣੇ ਚਾਹੀਦੇ ਹਨ।
ਸਰਕਾਰ ਨੇ ਇਸ ਸਾਲ ‘ਫਿੱਟ ਇੰਡੀਆ ਮੂਵਮੈਂਟ' ਵੀ ਲਾਂਚ ਕੀਤੀ ਸੀ, ਜਿਸ ਨਾਲ ਨੌਜਵਾਨ ਗਲਤ ਰਾਹ 'ਤੇ ਨਾ ਜਾਵੇ। ਸਰਕਾਰ ਸਮੇਂ-ਸਮੇਂ 'ਤੇ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ, ਪਰ ਸਥਾਨਕ ਪੱਧਰ 'ਤੇ ਵੀ ਕੁਝ ਮਹੱਤਵ ਪੂਰਨ ਕਦਮ ਚੁੱਕਣ ਦੀ ਲੋੜ ਹੈ, ਜਿਵੇਂ ਪੰਚਾਇਤ ਪੱਧਰ 'ਤੇ ਨੌਜਵਾਨਾਂ ਲਈ ਮਨੋਰੰਜਕ ਪ੍ਰੋਗਰਾਮ ਰੱਖਣੇ ਚਾਹੀਦੇ ਹਨ। ਸਮੇਂ ਸਮੇਂ 'ਤੇ ਖੇਡ ਮੁਕਾਬਲੇ ਕਰਵਾਉਣੇ ਚਾਹੀਦੇ ਹਨ, ਜਿਮਨੇਜ਼ੀਅਮ ਦੀ ਵਿਵਸਥਾ ਕਰਨੀ ਚਾਹੀਦੀ ਹੈ।
ਜੇ ਇਹ ਵਿਵਸਥਾ ਹੋਵੇ ਤਾਂ ਸੰਭਵ ਹੈ ਕਿ ਨੌਜਵਾਨ ਵਰਗ ਤਣਾਅ, ਦਬਾਅ ਤੋਂ ਮੁਕਤ ਹੋਵੇਗਾ, ਵਰਨਾ ਅਖਬਾਰਾਂ ਵਿੱਚ ਇਹ ਖਬਰਾਂ ਆਮ ਹੋ ਗਈਆਂ ਹਨ ਕਿ ‘‘ਪ੍ਰੀਖਿਆ ਦੇ ਨਤੀਜੇ 'ਚ ਫੇਲ ਹੋਣ 'ਤੇ ਵਿਦਿਆਰਥੀ ਜਾਂ ਵਿਦਿਆਰਥਣ ਨੇ ਲਗਾਈ ਫਾਂਸੀ” ਜਾਂ ਮਾਪਿਆਂ ਨੇ ਫੋਨ ਚਲਾਉਣ ਤੋਂ ਰੋਕਿਆ ਤਾਂ ਦੇ ਦਿੱਤੀ ਜਾਨ। ਆਖਰ ਦੇਸ਼ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਹੈ? ਕੁਝ ਲਾਪਰਵਾਹੀ ਮਾਪਿਆਂ ਦੀ ਵੀ ਹੈ, ਜਿਹੜੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਜਾਂ ਫਿਰ ਉਨ੍ਹਾਂ 'ਤੇ ਲੋੜ ਤੋਂ ਵੱਧ ਪਾਬੰਦੀ ਲਾ ਦਿੰਦੇ ਹਨ। ਕਿਤੇ ਨਾ ਕਿਤੇ ਇਹੋ ਕਾਰਨ ਹੈ ਕਿ ਅੱਜ ਦੇ ਨੌਜਵਾਨਾਂ ਵਿੱਚ ਸੰਸਕਾਰਾਂ ਤੇ ਸਹਿਣਸ਼ੀਲਤਾ ਦੀ ਕਮੀ ਦੇਖਣ ਨੂੰ ਮਿਲਦੀ ਹੈ।