Welcome to Canadian Punjabi Post
Follow us on

18

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਵਿਸ਼ਵ ਲਈ ਸਬਕ ਹੈ ਸਾਊਦੀ ਅਰਬੀਆ ਬਾਰੇ ਕੈਨੇਡਾ ਦਾ ਸਟੈਂਡ?

October 18, 2018 08:56 AM

ਪੰਜਾਬੀ ਪੋਸਟ ਸੰਪਾਦਕੀ

ਸਾਊਦੀ ਅਰਬੀਆ ਦਾ ਨਿਜਾਮ ਕਿੰਨਾ ਕੁਰਖਤ ਅਤੇ ਬਦਲਾਖੋਰ ਹੋ ਸਕਦਾ ਹੈ, ਇਸਦੀ ਮਿਸਾਲ ਵਾਸਿੰ਼ਗਟਨ ਪੋਸਟ ਲਈ ਕੰਮ ਕਰਦੇ ਮਸ਼ਹੂਰ ਪੱਤਰਕਾਰ ਜਮਾਲ ਖਾਸ਼ੋਗੀ ਦਾ ਸਾਊਦੀ ਅਰਬੀਆ ਦੇ ਤੁਰਕੀ ਦੀ ਰਾਜਧਾਨੀ ਇਸਤਾਨਬੁਲ ਵਿੱਚ ਸਥਿਤ ਕਾਨਸੁਲੇਟ ਜਨਰਲ ਵਿੱਚੋਂ ਗੁੰਮ ਹੋ ਜਾਣਾ ਹੈ। ਤੁਰਕੀ ਸਰਕਾਰ ਦੇ ਸੋ੍ਰਤਾਂ ਅਤੇ ਤੁਰਕੀ ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਜਮਾਲ ਨੂੰ ਸਾਊਦੀ ਅਰਬੀਆ ਨਿਜਾਮ ਵੱਲੋਂ ਭੇਜੀ ਗਈ 15 ਮੈਂਬਰੀ ਖੁਫੀਆ ਟੀਮ ਨੇ ਤਸੀਹੇ ਦੇ ਕੇ ਮਾਰ ਦਿੱਤਾ ਹੈ। ਨਿਊਯਾਰਕ ਟਾਈਮਜ਼ ਵੱਲੋਂ ਕੱਲ ਰੀਲੀਜ਼ ਕੀਤੀ ਗਈ ਇੱਕ ਆਡੀਓ ਰਿਕਾਰਡਿੰਗ ਵਿੱਚ ਸਾਊਦੀ ਕਾਨਸੁਲੇਟ ਜਨਰਲ ਮੁਹੰਮਦ ਅਲ ਓਤੈਬੀ ਆਖਦਾ ਜਾਪਦਾ ਹੈ, “ਇਹ ਕੰਮ ਬਾਹਰ ਜਾ ਕੇ ਕਰੋ, ਤੁਸੀਂ ਮੇਰੇ ਲਈ ਵੀ ਮੁਸ਼ਕਲ ਖੜੀ ਕਰੋਗੇ”। ਨਿਊਯਾਰਕ ਟਾਈਮਜ਼ ਮੁਤਾਬਕ ਜਮਾਲ ਨੂੰ ਤਸੀਹੇ ਦੇਣ ਵਾਲਿਆਂ ਵਿੱਚੋਂ ਇੱਕ ਕਾਨਸੁਲੇਟ ਜਨਰਲ ਨੂੰ ਆਖਦਾ ਹੈ। “ਜੇ ਸਾਊਦੀ ਵਿੱਚ ਜਾ ਕੇ ਜਿਉਂਦਾ ਰਹਿਣਾ ਚਾਹੁੰਦਾ ਹੈਂ ਤਾਂ ਚੁੱਪ ਕਰ ਜਾ”। ਜਮਾਲ ਖਾਸ਼ੋਗੀ ਕਾਨਸੁਲੇਟ ਦਫ਼ਤਰ ਵਿੱਚ ਆਪਣੇ ਤਲਾਕ ਦੇ ਤਸਦੀਕਸ਼ੁਦਾ ਕਾਗਜ਼ ਹਾਸਲ ਕਰਨ ਗਿਆ ਸੀ, ਜੋ ਉਸਦੀ ਆਖਰੀ ਫੇਰੀ ਸਾਬਤ ਹੋਈ।

 

ਜਮਾਲ ਖਾਗੋਸ਼ੀ ਬਾਰੇ ਸਾਊਦੀ ਨਿਜਾਮ ਨੂੰ ਗਿਲਾ ਸੀ ਕਿ ਉਸ ਵੱਲੋਂ ਸਾਊਦੀ ਬਾਦਸ਼ਾਹਤ ਬਾਰੇ ਆਲੋਚਨਾਤਮਕ ਲੇਖ ਲਿਖੇ ਜਾਂਦੇ ਹਨ।

 

ਪੱਤਰਕਾਰ ਜਮਾਲ ਖਾਸ਼ੋਗੀ ਦਾ ਕਤਲ ਹੋਣਾ ਜਾਂ ਗੁੰਮ ਹੋ ਜਾਣਾ ਸਾਊਦੀ ਵਿੱਚੋਂ ਲਗਾਤਾਰ ਉੱਗ ਰਹੇ ਉਸ ਰੁਝਾਨ ਵੱਲ ਸੰਕੇਤ ਹੈ ਜੋ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਲਈ ਮਸ਼ਹੂਰ ਹੈ। ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਆਪਣੇ ਵਿਰੋਧੀਆਂ ਨੂੰ ਮਿੱਟੀ ਬਰਾਬਰ ਵੀ ਨਹੀਂ ਜਾਣਦਾ। ਸਮਝਿਆ ਜਾਂਦਾ ਹੈ ਕਿ ਜੇ ਕਿਸੇ ਸਾਊਦੀ ਸ਼ਹਿਰੀ ਵੱਲੋਂ ਪ੍ਰਿੰਸ ਜਾਂ ਸਾਊਦੀ ਰਾਜ ਘਰਾਣੇ ਦੀ ਨੁਕਤਾਚੀਨੀ ਕੀਤੀ ਜਾਵੇ ਤਾਂ ਉਸਦੇ ਦਿਨ ਅੱਜ ਖਤਮ ਹੋਏ ਜਾਂ ਕੱਲ। ਬੇਸ਼ੱਕ ਪੱਛਮੀ ਮੁਲਕਾਂ ਵਿੱਚ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪੈਸੇ ਸਹਾਰੇ ਖੁਦ ਬਾਰੇ ਉੱਨਤੀਪਸੰਦ ਅਤੇ ਖੁੱਲੇ ਖਿਆਲਾਂ ਵਾਲਾ ਹੋਣ ਦਾ ਭਰਮ ਪੈਦਾ ਕੀਤਾ ਹੈ ਪਰ ਸੱਚਾਈ ਕਾਫੀ ਕੌੜੀ ਹੈ।

 

ਜਮਾਲ ਖਾਸ਼ੋਗੀ ਅਸਲ ਵਿੱਚ ਸ਼ਾਹੀ ਰਾਜ ਘਰਾਣੇ ਦਾ ਮਿੱਤਰ ਅਤੇ ਸਹਿਯੋਗੀ ਵਿਅਕਤੀ ਸੀ। ਉਸਦਾ ਦਾਦਾ ਮੁਹੰਮਦ ਖਾਸ਼ੋਗੀ ਸਾਊਦੀ ਬਾਦਸ਼ਾਹਤ ਦੇ ਬਾਨੀ ਅਬਦੁਲਾ-ਅਜ਼ੀਜ਼ ਅਲ ਸਾਊਦ ਦਾ ਨਿੱਜੀ ਡਾਕਟਰ ਰਿਹਾ ਸੀ। ਉਹ ਹਥਿਆਰਾਂ ਦੇ ਮਸ਼ਹੂਰ ਡੀਲਰ ਅਦਨਾਨ ਖਾਗੋਸ਼ੀ ਦਾ ਭਤੀਜਾ ਹੈ। ਜਮਾਲ ਖਾਸ਼ੋਗੀ ਸਾਊਦੀ ਬਾਦਸ਼ਾਹਤ ਦੇ ਪਿੱਠੂ ਅਖਬਾਰ ਅਲ-ਵਤਨ ਦਾ ਮੁੱਖ ਸੰਪਾਦਕ ਰਿਹਾ ਹੈ ਪਰ ਉਸਨੂੰ ਕੱਟੜ ਇਸਲਾਮਿਕ ਮੁਹਿੰਮ ਦੇ ਬਾਨੀ ਇਬਨ-ਤਾਮੀਆ ਬਾਰੇ ਇੱਕ ਆਲੋਚਨਾਤਮਕ ਲੇਖ ਛਾਪਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ। ਚੇਤੇ ਰਹੇ ਕਿ ਇਬਨ-ਤਾਮੀਆ ਉਸ ਵਹਾਬੀ ਲਹਿਰ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਜਿਸ ਦੇ ਸਿਧਾਂਤਕ ਅਸੂਲਾਂ ਨੂੰ ਬੁਨਿਆਦ ਬਣਾ ਕੇ ਆਈਸਿਸ ਅਤੇ ਅਲ-ਕਾਇਦਾ ਵਰਗੀਆਂ ਅਤਿਵਾਦੀ ਤਨਜ਼ੀਮਾਂ ਦਾ ਜਨਮ ਹੋਇਆ। ਜਮਾਲ ਖਾਗੋਸ਼ੀ ਖੁਦ ਇੱਕ ਪੱਤਰਕਾਰ ਵਜੋਂ ਓਸਾਮਾ ਬਿਨ ਲਾਦੇਨ ਨੂੰ ਅਫਗਾਨਸਤਾਨ ਦੇ ਤੋਰਾ ਬੋਰਾ ਇਲਾਕੇ ਵਿੱਚ ਅਕਸਰ ਮਿਲਦਾ ਰਿਹਾ ਹੈ ਅਤੇ ਇੱਕ ਵਾਰ ਸੁਡਾਨ ਵਿੱਚ ਵੀ ਓਸਾਮਾ ਬਿਨ ਲਾਦੇਨ ਨਾਲ ਮੁਲਾਕਾਤ ਕਰ ਚੁੱਕਾ ਹੈ। ਉਸਨੇ ਇੱਕ ਵਾਰ ਓਸਾਮਾ ਬਿਨ ਲਾਦੇਨ ਨੂੰ ਹਥਿਆਰਾਂ ਦਾ ਰਾਹ ਛੱਡਣ ਦੀ ਸਲਾਹ ਵੀ ਦਿੱਤੀ ਸੀ। ਅਨੁਮਾਨ ਹਨ ਕਿ ਸਾਊਦੀ ਅਰਬੀਆ ਵੱਲੋਂ ਵਹਾਬੀ ਮੁਹਿੰਮ ਨੂੰ ਮਜ਼ਬੂਤ ਬਣਾਉਣ ਉੱਤੇ 1980 ਤੋਂ ਲੈ ਕੇ 100 ਬਿਲੀਅਨ ਡਾਲਰ ਖਰਚ ਕੀਤੇ ਜਾ ਚੁੱਕੇ ਹਨ।

 

ਜਮਾਲ ਖਾਸ਼ੋਗੀ ਬਾਰੇ ਅਮਰੀਕਨ ਪ੍ਰਸ਼ਾਸ਼ਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਰਵਈਆ ਬਹੁਤ ਹੀ ਅਸਪੱਸ਼ਟ ਹੈ। ਟਰੰਪ ਮੁਤਾਬਕ ਸਾਊਦੀ ਨੂੰ ਸਿੱਧੀ ਸਜ਼ਾ ਦੇਣ ਦਾ ਅਰਥ ਹੋਵੇਗਾ ਕਈ ਬਿਲੀਅਨ ਡਾਲਰਾਂ ਦੇ ਹਥਿਆਰਾਂ ਦੀ ਵੇਚ ਵੱਟਤ ਨੂੰ ਜੋਖਮ ਵਿੱਚ ਪਾਉਣਾ। ਅਨੁਮਾਨ ਹਨ ਕਿ ਪਿਛਲੇ 10-12 ਸਾਲ ਵਿੱਚ ਅਮਰੀਕਾ ਵੱਲੋਂ ਸਾਊਦੀ ਨੂੰ 110 ਬਿਲੀਅਨ ਡਾਲਰ ਤੋਂ ਵੱਧ ਦੇ ਹਥਿਆਰ ਵੇਚੇ ਜਾ ਚੁੱਕੇ ਹਨ। ਇਹਨਾਂ ਵਿੱਚ ਉਹ ਹਥਿਆਰ ਵੀ ਸ਼ਾਮਲ ਹਨ ਜਿਸ ਨਾਲ ਸਾਊਦੀ ਅਰਬੀਆ ਨੇ ਯਮਨ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਮਾਰਿਆ ਅਤੇ 80 ਲੱਖ ਤੋਂ ਵੱਧ ਨੂੰ ਭੁੱਖਮਰੀ ਦੇ ਮੂੰਹ ਵਿੱਚ ਧੱਕਿਆ।

 

ਵਿੱਕੀਲੀਕਸ ਮੁਤਾਬਕ ਸਾਊਦੀ ਅਰਬੀਆ ਨੂੰ ਹਥਿਆਰ ਵੇਚਣ/ਵੱਟਣ ਨਾਲ ਜੁੜੇ ਪੈਸਿਆਂ ਦਾ ਹੀ ਕਮਾਲ ਹੈ ਕਿ ਜਮਾਲ ਖਾਸ਼ੋਗੀ ਦੇ ਗੁੰਮ ਹੋ ਜਾਣ ਦੀ ਖ਼ਬਰ ਨੂੰ ਇੰਗਲੈਂਡ ਦੇ ਕਿਸੇ ਵੀ ਮੁੱਖ ਅਖ਼ਬਾਰ ਨੇ ਅਹਿਮ ਖ਼ਬਰ ਵਜੋਂ ਨਹੀਂ ਸੀ ਨਸ਼ਰ ਕੀਤਾ। ਇਸ ਤੱਥ ਦੇ ਬਾਵਜੂਦ ਕਿ ਰਿਊਟਰਜ਼ ਅਤੇ ਐਸੋਸੀਏਟਡ ਪਰੈੱਸ ਵੱਲੋਂ ਇਸ ਬਾਰੇ ਤੱਥ ਬਾਰੇ ਰਿਪੋਰਟਿੰਗ ਕੀਤੀ ਜਾ ਚੁੱਕੀ ਸੀ।

 

ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਇਸ ਸਾਲ ਅਗਸਤ ਵਿੱਚ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਸਾਊਦੀ ਅਰਬੀਆ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਬਾਰੇ ਕੀਤਾ ਟਵੀਟ ਮਾਅਨੇ ਰੱਖਦਾ ਹੈ। ਸਾਊਦੀ ਅਰਬੀਆ ਨੇ ਬੇਬਾਕ ਹੋ ਕੇ ਕੈਨੇਡਾ ਨੂੰ ਬੇਇੱਜ਼ਤ ਕੀਤਾ ਸੀ ਅਤੇ ਹਾਲੇ ਤੱਕ ਆਪਣੀ ਧੌਂਸ ਨੂੰ ਕਾਇਮ ਕਰਨ ਵਾਲੇ ਰਵਈਏ ਉੱਤੇ ਅੜਿਆ ਹੋਇਆ ਹੈ। ਅਮਰੀਕਾ ਅਤੇ ਇੰਗਲੈਂਡ ਵਰਗੇ ਮੁਲਕਾਂ ਨੇ ਕੈਨੇਡਾ ਲਈ ਹਾਅ ਦਾ ਨਾਅਰਾ ਤੱਕ ਨਹੀਂ ਸੀ ਮਾਰਿਆ। ਬੇਸ਼ੱਕ ਕੈਨੇਡਾ ਵੀ ਸਾਊਦੀ ਅਰਬੀਆ ਨਾਲ ਜੁੜੇ ਹਥਿਆਰਾਂ ਅਤੇ ਹੋਰ ਵਿਉਪਾਰਕ ਹਿੱਤਾਂ ਦੇ ਮੱਦੇਨਜ਼ਰ ਬਹੁਤਾ ਕੁਸਕ ਨਹੀਂ ਸੀ ਸਕਿਆ ਪਰ ਕੈਨੇਡਾ ਅੱਖਾਂ ਬੰਦ ਕਰਕੇ ਚੁੱਪ ਵੀ ਨਹੀਂ ਰਿਹਾ। ਪਿੱਛੇ ਮੁੜ ਕੇ ਵੇਖਿਆਂ ਜਾਪਦਾ ਹੈ ਕਿ ਕੈਨੇਡਾ ਦਾ ਸਟੈਂਡ ਅਮਰੀਕਾ, ਇੰਗਲੈਂਡ ਅਤੇ ਹੋਰ ਮੁਲਕਾਂ ਨਾਲੋਂ ਕਿਤੇ ਚੰਗਾ ਰਿਹਾ ਹੈ ਜਿਸਤੋਂ ਬਾਕੀ ਵਿਸ਼ਵ ਸਬਕ ਸਿੱਖ ਸਕਦਾ ਹੈ। ਦੇਰ ਆਇਦ ਦਰੁਸਤ ਆਇਦ।

Have something to say? Post your comment