Welcome to Canadian Punjabi Post
Follow us on

27

March 2019
ਟੋਰਾਂਟੋ/ਜੀਟੀਏ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਆਯੋਜਿਤ ਸਮਾਗ਼ਮ 'ਚ ਲਿੰਡਾ ਜੈੱਫ਼ਰੀ, ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਬਲਬੀਰ ਸੋਹੀ ਨੇ ਕੀਤੀ ਸਿ਼ਰਕਤ

October 18, 2018 08:51 AM

ਬਰੈਂਪਟਨ, (ਡਾ. ਝੰਡ) -ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਸਾਬਕਾ-ਪ੍ਰਧਾਨ ਕਰਤਾਰ ਸਿੰਘ ਚਾਹਲ ਵੱਲੋਂ ਮਿਲੀ ਸੂਚਨਾ ਅਨੁਸਾਰ ਬੀਤੇ ਸ਼ੁੱਕਰਵਾਰ 12 ਅਕਤੂਬਰ ਨੂੰ ਇਸ ਕਲੱਬ ਵੱਲੋਂ ਟੌਰਬਰਮ ਰੋਡ ਤੇ ਫ਼ਾਦਰ ਟੌਬਿਨ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਸਥਿਤ 'ਸੰਧੂ ਸਵੀਟਸ ਐਂਡ ਰੈੱਸਟੋਰੈਂਟ' ਵਿਚ ਆਯੋਜਿਤ ਕੀਤੇ ਗਏ ਸਮਾਗ਼ਮ ਵਿਚ ਮੇਅਰ ਲਈ ਮੁੜ ਉਮੀਦਵਾਰ ਲਿੰਡਾ ਜੈੱਫ਼ਰੀ, ਵਾਰਡ 9-10 ਲਈ ਰੀਜਨਲ ਕਾਊਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਉਮੀਦਵਾਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਉਮੀਦਵਾਰ ਬਲਬੀਰ ਸੋਹੀ ਨੇ ਸ਼ਮੂਲੀਅਤ ਕੀਤੀ। ਕਲੱਬ ਵੱਲੋਂ ਸ਼ਾਨਦਾਰ ਚਾਹ-ਪਾਣੀ ਤੇ ਖਾਧ-ਪਦਾਰਥਾਂ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਲਿੰਡਾ ਜੈੱਫ਼ਰੀ ਨੇ ਕਿਹਾ ਕਿ ਪਿਛਲੀ ਟੱਰਮ ਵਿਚ ਬਰੈਂਪਟਨ ਦੇ ਵਿਕਾਸ ਸਬੰਧੀ ਉਨ੍ਹਾਂ ਨੂੰ ਸਿਟੀ ਕਾਊਂਸਲ ਵਿਚ ਕੁਝ ਕਾੳਂੂਸਲਰਾਂ ਦੇ ਨਾਂਹ-ਪੱਖੀ ਰਵੱਈਏ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਸ਼ਹਿਰ ਵਿਚ ਐੱਲ.ਆਰ.ਟੀ. ਵਰਗੇ ਮਲਟੀ-ਮਿਲੀਅਨ ਡਾਲਰਾਂ ਵਾਲੇ ਮਹੱਤਵਪੂਰਨ ਪ੍ਰਾਜੈੱਕਟ ਨਹੀਂ ਲਿਆਂਦੇ ਜਾ ਸਕੇ। ਫਿਰ ਵੀ ਅਸੀਂ ਬਰੈਂਪਟਨ ਵਿਚ ਯੂਨੀਵਰਸਿਟੀ ਲਿਆਉਣ, ਕਈ ਨਵੀਆਂ ਨੌਕਰੀਆਂ ਪੈਦਾ ਕਰਨ ਅਤੇ ਸ਼ਹਿਰ ਦੇ ਟਰਾਂਜਿ਼ਟ ਸਿਸਟਮ ਵਿਚ ਵਾਧਾ ਤੇ ਸੁਧਾਰ ਕਰਨ ਵਰਗੇ ਕੰਮਾਂ ਵਿਚ ਕਾਮਯਾਬ ਹੋਏ ਹਾਂ। ਉਨ੍ਹਾਂ ਕਿਹਾ ਕਿ ਉਹ ਇੱਥੇ ਹੋਰ ਉਦਯੋਗ ਲਿਆ ਕੇ ਅਤੇ ਹਾਈ-ਟੈੱਕ ਨੌਕਰੀਆਂ ਪੈਦਾ ਕਰਕੇ ਸ਼ਹਿਰ ਦਾ ਹੋਰ ਵਿਕਾਸ ਕਰਕੇ ਇਸ ਨੂੰ ਖੁਸ਼ਹਾਲ ਸ਼ਹਿਰ ਬਨਾਉਣਾ ਚਾਹੁੰਦੇ ਹਨ। ਅਸੀਂ ਸੀਨੀਅਰਜ਼ ਨੂੰ ਦਰਪੇਸ਼ ਅਫ਼ੋਰਡੇਬਲ ਹਾਊਸਿੰਗ ਅਤੇ ਫ਼ਰੀ-ਸਵਿੰਮਿੰਗ ਵਰਗੀਆਂ ਸਹੂਲਤਾਂ ਵੀ ਦੇਣੀਆਂ ਚਾਹੁੰਦੇ ਹਾਂ। ਇਸ ਸੱਭ ਦੇ ਲਈ ਉਨ੍ਹਾਂ ਨੂੰ ਇਕ ਹੋਰ ਟੱਰਮ ਅਤੇ ਵਧੀਆ ਸਹਿਯੋਗੀ ਟੀਮ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਵੋਟਰ ਹਾਂ-ਪੱਖੀ ਰਵੱਈਏ ਵਾਲੇ ਉਮੀਦਵਾਰਾਂ ਦੀ ਚੋਣ ਕਰਨਗੇ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਆਪਣੀ ਪਿਛਲੀ ਟੱਰਮ ਵਿਚ ਬਰੈਮਲੀ ਤੇ ਸੈਂਡਲਵੁੱਡ ਇੰਟਰਸੈੱਕਸ਼ਨ ਦੇ ਨਜ਼ਦੀਕ ਅਤਿ-ਆਧੁਨਿਕ ਸਹੂਲਤਾਂ ਵਾਲੀ ਨਵੀਂ ਲਾਇਬ੍ਰੇਰੀ ਕਾਇਮ ਕਰਨ ਅਤੇ ਇਸ ਦੇ ਗਵਾਂਢ ਵਿਚ 'ਕਾਮਾਗਾਟਾਮਾਰੂ ਪਾਰਕ' ਬਨਾਉਣ ਵਿਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬਰੈਂਪਟਨ ਵਿਚ 25,000 ਨੌਕਰੀਆਂ ਪੈਦਾ ਕਰਨ ਅਤੇ ਸੀਨੀਅਰਜ਼ ਸਿਟੀਜ਼ਨ ਕਲੱਬਾਂ ਦੀਆਂ ਸਰਗ਼ਰਮੀਆਂ ਨੂੰ ਤੇਜ਼ ਕਰਨ ਲਈ ਵੀ ਭਰਪੂਰ ਸਹਿਯੋਗ ਦਿੱਤਾ ਹੈ ਅਤੇ ਇਨ੍ਹਾਂ ਸਬੰਧੀ ਕਈ ਮੋਸ਼ਨ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਅਜੇ ਬਹੁਤ ਸਾਰਾ ਕੰਮ ਕਰਨ ਵਾਲਾ ਹੈ ਜਿਸ ਦੇ ਲਈ ਉਨ੍ਹਾਂ ਨੂੰ ਵਾਰਡ 9-10 ਦੇ ਵੋਟਰਾਂ ਦੇ ਸਹਿਯੋਗ ਦੀ ਲੋੜ ਹੈ। ਗੁਰਕੀਰਤ ਸਿੰਘ ਨੇ ਸਕੂਲ-ਟਰੱਸਟੀ ਵਜੋਂ ਆਪਣੀਆਂ ਪ੍ਰਾਪਤੀਆਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਪਿਛਲੀ ਟੱਰਮ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਮੁਸ਼ਕਲਾਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਧਿਆਨ ਵਿਚ ਲਿਆਂਦੀਆਂ ਹਨ ਅਤੇ ਇਨ੍ਹਾਂ ਦੇ ਯੋਗ ਹੱਲ ਵੀ ਕੱਢੇ ਹਨ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਬੱਡੀ ਟੂਰਨਾਮੈਂਟਾਂ ਵਿਚ ਸੁਧਾਰ ਅਤੇ ਬਰੈਂਪਟਨ ਦੇ ਨੌਜੁਆਨਾਂ ਲਈ ਕੀਤੇ ਗਏ ਕਈ ਹੋਰ ਕੰਮਾਂ ਦਾ ਜਿ਼ਕਰ ਵੀ ਕੀਤਾ।
ਸਕੂਲ-ਟਰੱਸਟੀ ਉਮੀਦਵਾਰ ਬਲਬੀਰ ਸੋਹੀ ਨੇ ਇਸ ਮੌਕੇ ਆਪਣੀ ਵਿੱਦਿਅਕ ਤੇ ਤਕਨੀਕੀ ਯੋਗਤਾ ਅਤੇ ਸਮਾਜ ਪ੍ਰਤੀ ਪ੍ਰਤਿਸ਼ਟਤਾ ਤੇ ਜਿੰਮੇਂਵਾਰੀ ਦਾ ਜਿ਼ਕਰ ਕਰਦਿਆਂ ਆਪਣੇ ਆਪ ਨੂੰ ਸਕੂਲ-ਟਰੱਸਟੀ ਲਈ ਯੋਗ ਉਮੀਦਵਾਰ ਦੱਸਿਆ। ਉਨ੍ਹਾਂ ਕਿਹਾ ਕਿ ਸਕੂਲ ਜਾ ਰਹੇ ਦੋ ਬੱਚਿਆਂ ਦੀ ਮਾਂ ਹੋਣ ਦੇ ਨਾਤੇ ਉਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਮੁਸ਼ਕਲਾਂ ਨੂੰ ਭਲੀ-ਭਾਂਤ ਸਮਝਦੇ ਹਨ ਤੇ ਇਨ੍ਹਾਂ ਦੇ ਹੱਲ ਲਈ ਉਹ ਸਕੂਲਾਂ ਦੀਆਂ ਮੈਨੇਜਮੈਂਟਾਂ ਅਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿਚਕਾਰ ਇਕ ਖ਼ੂਬਸੂਰਤ ਕੜੀ ਵਾਂਗ ਕੰਮ ਕਰਨ ਦੀ ਇੱਛਾ ਰੱਖਦੇ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਲੋਕ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਦੇਣਗੇ। ਫ਼ਾਦਰ ਟੌਬਿਨ ਏਰੀਏ ਦੇ ਲੋਕਾਂ ਵੱਲੋਂ ਪ੍ਰਿੰ. ਰਾਮ ਸਿੰਘ ਨੇ ਆਏ ਮਹਿਮਾਨ ਉਮੀਦਵਾਰਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਸਾਰੇ ਹੀ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਚੋਣਾਂ ਵਿਚ ਕਾਮਯਾਬ ਹੋ ਕੇ ਲੋਕਾਂ ਦੀ ਸੇਵਾ ਕਰਨ ਅਤੇ ਜੋ ਕੁਝ ਉਹ ਇੱਥੇ ਕਹਿ ਰਹੇ ਹਨ, ਉਸ ਨੂੰ ਅਮਲ ਵਿਚ ਵੀ ਲਿਆਉਣ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਇਹ ਵਾਅਦੇ ਕਿਧਰੇ ਵਾਅਦੇ ਹੀ ਬਣ ਕੇ ਰਹਿ ਜਾਣ। ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ ਵੱਲੋਂ ਮਹਿਮਾਨ ਉਮੀਦਵਾਰਾਂ ਅਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਿਊ ਹੋਪ ਸੀਨੀਅਰ ਕਲੱਬ ਨੇ ਹੋਲੀ ਦੇ ਸੰਬੰਧ `ਚ ਸਮਾਗਮ ਕਰਵਾਇਆ
ਆਟੋ ਇੰਸ਼ੋਰੈਂਸ ਵਿੱਚ ਪੱਖਪਾਤ ਨੂੰ ਖ਼ਤਮ ਕਰਨ ਲਈ ਲਿਆਂਦੇ ਬਿੱਲ ਦੀ ਦੂਜੀ ਰੀਡਿੰਗ ਹੋਈ ਪੂਰੀ
ਕਾਉਂਸਲਰ ਢਿੱਲੋਂ ਨੇ ਯੌਨ ਅਪਰਾਧੀ ਹਾਰਕਸ ਨੂੰ ਬਰੈਂਪਟਨ ਤੋਂ ਹਟਾਉਣ ਦੀ ਕੀਤੀ ਮੰਗ
ਸਿਟੀ ਆਫ ਮਿਸੀਸਾਗਾ ਵੱਲੋਂ ਬਿਲਡਿੰਗਾਂ ਦੇ ਪਰਮਿਟ ਲਈ ਜਾਰੀ ਕੀਤੇ ਗਏ 2 ਬਿਲੀਅਨ ਡਾਲਰ
ਬਰੈਂਪਟਨ ਸਾਊਥ ਨਾਮੀਨੇਸ਼ਨ ਚੋਣ 6 ਅਪ੍ਰੈਲ ਨੂੰ: ਆਪਣੀ ਮਿਹਨਤ `ਤੇ ਪੂਰਾ ਭਰੋਸਾ ਹੈ: ਹਰਦੀਪ ਗਰੇਵਾਲ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ