ਹੁਸ਼ਿਆਰਪੁਰ, 10 ਅਕਤੂਬਰ (ਪੋਸਟ ਬਿਊਰੋ)- ਅਕਾਲੀ ਦਲ (ਬਾਦਲ) ਦੀ ਮਾਨਤਾ ਬਾਰੇ ਐਡੀਸ਼ਨਲ ਸੈਸ਼ਨ ਜੱਜ ਹੁਸ਼ਿਆਰਪੁਰ ਦੀ ਕੋਰਟ ਵਿੱਚ ਚੱਲਦੇ ਕੇਸ ਵਿੱਚ ਕੱਲ੍ਹ ਬਹਿਸ ਪੂਰੀ ਹੋ ਗਈ। ਜੱਜ ਮੋਨਿਕਾ ਸ਼ਰਮਾ ਨੇ ਇਸ ਕੇਸ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਅਤੇ 19 ਅਕਤੂਬਰ ਨੂੰ ਫੈਸਲਾ ਸੁਣਾਇਆ ਜਾਵੇਗਾ।
ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਬਲਵੰਤ ਸਿੰਘ ਖੇੜਾ ਨੇ ਸਾਲ 2009 ਵਿੱਚ ਅਕਾਲੀ ਦਲ ਦੀ ਮਾਨਤਾ ਨੂੰ ਚੁਣੌਤੀ ਦਿੰਦੇ ਹੋਏ ਕੋਰਟ ਵਿੱਚ ਅਰਜ਼ੀ ਦਿੱਤੀ ਸੀ। ਇਸ ਵਿੱਚ ਖੇੜਾ ਨੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ ਅਤੇ ਕਈ ਹੋਰ ਨੇਤਾਵਾਂ 'ਤੇ ਦੋਸ਼ ਲਾਇਆ ਸੀ ਕਿ ਇਨ੍ਹਾਂ ਨੇ ਦੋਹਰੇ ਮਾਪਦੰਡ ਅਪਣਾਏ ਹਨ, ਜੋ ਸੰਵਿਧਾਨ ਦੇ ਵਿਰੁੱਧ ਹਨ। ਅਕਾਲੀ ਦਲ ਜਾਂ ਧਾਰਮਿਕ ਪਾਰਟੀ ਰਹੇ ਜਾਂ ਰਾਜਨੀਤਕ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵੀ ਅਕਾਲੀ ਆਗੂ ਲੜਦੇ ਅਤੇ ਸਿਆਸਤ ਵਿੱਚ ਧਰਮ ਦੇ ਨਾਂਅ 'ਤੇ ਵੋਟਾਂ ਮੰਗਦੇ ਹਨ। ਦੋਹਰੇ ਮਾਪਦੰਡ ਅਪਣਾਉਣ ਦੇ ਕਾਰਨ ਅਕਾਲੀ ਦਲ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ। ਖੇੜਾ ਨੇ ਇਹ ਵੀ ਦੋਸ਼ ਲਾਇਆ ਸੀ ਕਿ ਸੰਵਿਧਾਨ ਵਿੱਚ ਛੇੜਛਾੜ ਕਰ ਕੇ ਅਕਾਲੀ ਦਲ ਦੀ ਮਾਨਤਾ ਲਈ ਗਈ ਹੈ। ਇਸ ਲਈ ਦੋਸ਼ੀਆਂ 'ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਹ ਦੋਸ਼ ਵੀ ਲਾਏ ਗਏ ਕਿ ਅਕਾਲੀ ਦਲ ਨੇ ਅਦਾਲਤ ਵਿੱਚ ਜੋ ਦਸਤਾਵੇਜ਼ ਪੇਸ਼ ਕੀਤੇ, ਉਨ੍ਹਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਖੇੜਾ ਨੇ ਦਿੱਲੀ ਹਾਈ ਕੋਰਟ ਵਿੱਚ ਵੀ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦਾ ਕੇਸ ਦਾਇਰ ਕੀਤਾ ਹੋਇਆ ਹੈ।