-ਕਰਣ ਥਾਪਰ
ਕੀ ਪ੍ਰਧਾਨ ਮੰਤਰੀ ਦਾ ਅਮਰੀਕਾ ਅਤੇ ਯੂ ਐੱਨ ਓ ਦਾ ਦੌਰਾ ਇੱਕ ਜ਼ਿਕਰ ਯੋਗ ਸਫਲਤਾ ਸੀ ਜਾਂ ਕਸਮੀਰ ਮੁੱਦੇ ਦਾ ਕੌਮਾਂਤਰੀਕਰਨ ਕਰਨਾ ਭਾਰਤ ਦੇ ਹਿੱਤ ਵਿੱਚ ਨਹੀਂ ਸੀ? ਇਹ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਨਾ ਪੂਰੀ ਤਰ੍ਹਾਂ ਸਪੱਸ਼ਟ ਹੈ ਅਤੇ ਨਾ ਵਿਵਾਦ-ਰਹਿਤ। ਬਹੁਤੇ ਸਮੀਖਿਅਕ ਸਹਿਮਤ ਹੋਣਗੇ ਕਿ ਭਾਜਪਾ ਵੱਲੋਂ ਵਧਾ-ਚੜ੍ਹਾ ਕੇ ਕੀਤੀਆਂ ਗਈਆਂ ਗੱਲਾਂ ਬੇਵਜ੍ਹਾ ਹਨ।
ਮੈਂ ਦੋ ਮੁੱਦਿਆਂ ਨੂੰ ਅੱਡ ਕਰ ਕੇ ਜਵਾਬ ਦੇਵਾਂਗਾ: ਭਾਰਤ ਦਾ ਇਸ ਗੱਲ 'ਤੇ ਜ਼ੋਰ ਦੇਣਾ ਕਿ ਕਸ਼ਮੀਰ ਦੇ ਦਰਜੇ ਵਿੱਚ ਤਬਦੀਲੀ ਉਸ ਦਾ ਅੰਦਰੂਨੀ ਮਾਮਲਾ ਹੈ ਅਤੇ ਸੰਚਾਰ ਸਾਧਨਾਂ ਉੱਤੇ ਪਾਬੰਦੀ, ਨੇਤਾਵਾਂ ਨੂੰ ਹਿਰਾਸਤ ਵਿੱਚ ਲੈਣ ਤੇ ਮਨੁੱਖੀ ਅਧਿਕਾਰਾਂ ਬਾਰੇ ਕੌਮਾਂਤਰੀ ਚਿੰਤਾ ਨਾਜਾਇਜ਼ ਹੈ। ਜੇ ਤੁਸੀਂ ਦੋਵਾਂ ਨੂੰ ਅੱਡ-ਅੱਡ ਕਰ ਕੇ ਦੇਖੋ ਤਾਂ ਇਸ ਦੌਰੇ ਦੇ ਕੁੱਲ ਨਤੀਜੇ ਬਾਰੇ ਤੁਹਾਡੀ ਬਿਹਤਰ ਸਮਝ ਉੱਤੇ ਪਹੁੰਚਣ ਦੀ ਸੰਭਾਵਨਾ ਹੈ।
ਕੁਝ ਗੱਲਾਂ ਨੂੰ ਛੱਡ ਕੇ ਉਂਜ ਦੁਨੀਆ ਨੇ ਮੰਨਿਆ ਹੈ ਕਿ ਭਾਰਤ ਨੂੰ ਕਸ਼ਮੀਰ ਦੇ ਸੰਵਿਧਾਨਕ ਦਰਜੇ 'ਚ ਤਬਦੀਲੀ ਕਰਨ ਦਾ ਹੱਕ ਹੈ ਅਤੇ ਇਹ ਹੋਰ ਦੇਸ਼ਾਂ ਵੱਲੋਂ ਟਿੱਪਣੀ ਕਰਨ ਦਾ ਮਾਮਲਾ ਨਹੀਂ ਹੈ। ਤੁਰਕੀ ਅਤੇ ਚੀਨ ਵੱਲੋਂ ਕੀਤੀ ਗਈ ਆਲੋਚਨਾ ਨੂੰ ਇਸ ਆਧਾਰ ਉਤੇ ਸਮਝਿਆ ਜਾ ਸਕਦਾ ਹੈ ਕਿ ਉਹ ਪਾਕਿਸਤਾਨ ਦੇ ਸਹਿਯੋਗੀ ਹਨ। ਆਰਗੇਨਾਈਜ਼ੇਸ਼ਨ ਆਫ ਇਸਲਾਮਕ ਕੰਟਰੀਜ਼ (ਆਈ ਓ ਸੀ) ਦੇ ਕਸ਼ਮੀਰ ਕਾਂਟੈਕਟ ਗਰੁੱਪ ਵੱਲੋਂ ਕੀਤੀ ਤਿੱਖੀ ਟਿੱਪਣੀ ਨੂੰ ਸ਼ਾਇਦ ਇਸ ਦੇ 57 ਮੈਂਬਰਾਂ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ, ਪਰ ਅਸਹਿਮਤੀ ਦੇ ਦੋ ਸੁਰ ਹਨ, ਜਿਨ੍ਹਾਂ ਦੀ ਭਾਰਤ ਨੂੰ ਚਿੰਤਾ ਹੋਣੀ ਚਾਹੀਦੀ ਹੈ। ਸਾਊਦੀ ਅਰਬ ਨੇ ਆਈ ਓ ਸੀ ਕਾਂਟੈਕਟ ਗਰੁੱਪ ਦੇ ਬਿਆਨ ਦਾ ਸਮਰਥਨ ਕੀਤਾ ਹੈ, ਜਿਸ ਕਾਰਨ ਭਾਰਤ ਦੇ ਸਾਊਦੀ ਅਰਬ ਨਾਲ ਸੁਧਰ ਰਹੇ ਸੰਬੰਧਾਂ 'ਤੇ ਇੱਕ ਛੋਟਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸੇ ਤਰ੍ਹਾਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਜਨਰਲ ਅਸੈਂਬਲੀ ਨੂੰ ਦੱਸਿਆ ਕਿ ‘ਭਾਰਤ ਨੇ ਕਸ਼ਮੀਰ 'ਤੇ ਹਮਲਾ ਕਰ ਕੇ ਕਬਜ਼ਾ ਕਰ ਲਿਆ ਹੈ। ਇਸ ਕਾਰਵਾਈ ਦੇ ਜੋ ਵੀ ਕਾਰਨ ਹੋਣ, ਫਿਰ ਵੀ ਇਹ ਗਲਤ ਹੈ।’ ਇਹ ਵਲਾਦੀਵੋਸਤੇਕ ਵਿੱਚ ਮੋਦੀ ਨਾਲ ਇੱਕ ਲੰਮੀ ਮੀਟਿੰਗ ਤੋਂ ਸਿਰਫ ਕੁਝ ਹਫਤਿਆਂ ਬਾਅਦ ਹੀ ਮਹਾਤਿਰ ਮੁਹੰਮਦ ਨੇ ਕਹਿ ਦਿੱਤਾ ਹੈ।
ਫਿਰ ਵੀ ਮੈਂ ਇਹ ਸਿੱਟਾ ਕੱਢਿਆ ਹੈ ਕਿ ਮੋਦੀ ਨੇ ਦੁਨੀਆ ਨੂੰ ਰਾਜ਼ੀ ਕਰ ਲਿਆ ਹੈ ਕਿ ਕਸ਼ਮੀਰ ਦੇ ਦਰਜੇ ਵਿੱਚ ਤਬਦੀਲੀ ਉਸ ਦਾ ਘਰੇਲੂ ਮਾਮਲਾ ਹੈ, ਕੌਮਾਂਤਰੀ ਚਿੰਤਾ ਦਾ ਨਹੀਂ। ਇਮਰਾਨ ਖਾਨ ਵੱਲੋਂ ਜਨਤਕ ਤੌਰ ਉੱਤੇ ਪ੍ਰਗਟਾਈ ਗਈ ਨਿਰਾਸ਼ਾ ਯਕੀਨੀ ਤੌਰ 'ਤੇ ਇਸ ਨੁਕਤੇ ਦੀ ਪੁਸ਼ਟੀ ਕਰਦੀ ਹੈ। ਜਦੋਂ ਤੁਸੀਂ ਸੰਚਾਰ ਮਾਧਿਅਮਾਂ ਉੱਤੇ ਪਾਬੰਦੀਆਂ, ਹਿਰਾਸਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਬਾਰੇ ਕੌਮਾਂਤਰੀ ਚਿੰਤਾ ਵੱਲ ਮੁੜਦੇ ਹੋ ਤਾਂ ਇਹ ਇੱਕ ਵੱਖਰੀ ਕਹਾਣੀ ਬਣ ਜਾਂਦੀ ਹੈ। ਪੱਛਮੀ ਮੀਡੀਆ ਲਈ ਇੱਕ ਪ੍ਰਮੁੱਖ ਕਹਾਣੀ ਹੈ ਅਤੇ ਨਾਲ ਹੀ ਸਮ-ਰੂਪ ਅਤੇ ਨਿਸ਼-ਕਪਟ ਤੌਰ 'ਤੇ ਆਲੋਚਨਾਤਮਕ ਵੀ। ‘ਨਿਊ ਯਾਰਕ ਟਾਈਮਜ਼’ ਨੇ ਇਸ ਨੂੰ ‘ਭਾਰਤ ਦੀ ਨਾਸਮਝੀ, ਖਤਰਨਾਕ ਅਤੇ ਗਲਤ’ ਦੱਸਿਆ ਹੈ, ਜਦ ਕਿ ‘ਗਾਰਡੀਅਨ' ਦਾ ਕਹਿਣਾ ਹੈ ਕਿ ‘‘ਇਹ ਅੱਗ ਭੜਕਾਉਣ ਵਾਲਾ, ਹੈਰਾਨੀ ਵਾਲਾ ਅਤੇ ਜੋਖਮ ਭਰਪੂਰ ਹੈ।” ਇਸੇ ਤਰ੍ਹਾਂ ‘ਅਬਜ਼ਰਵਰ’ ਨੇ ਇਸ ਨੂੰ ‘ਭਾਰਤੀ ਤਖਤਾ ਪਲਟ' ਦਾ ਨਾਂਅ ਦੇ ਕੇ ਕਿਹਾ ਹੈ ਕਿ ‘‘ਮੋਦੀ ਗਲਤੀ ਕਰ ਕੇ ਫਸ ਗਏ ਹਨ।” ਵਾਸ਼ਿੰਗਟਨ ਪੋਸਟ ਨੇ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਹੈ ਕਿ ਮੋਦੀ ਦਾ ਲੋਕਤੰਤਰ ਦਾਗੀ ਹੈ।
ਇਸ ਮਾਮਲੇ ਵਿੱਚ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਚੁੱਪ ਨਹੀਂ ਹਨ। ਬ੍ਰਿਟਿਸ਼ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਕਿਹਾ ਹੈ ਕਿ ‘ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਬਹੁਤ ਚਿੰਤਾ ਜਨਕ ਹਨ।’ ਵਿਦੇਸ਼ੀ ਮਾਮਲਿਆਂ ਬਾਰੇ ਯੂਰਪੀਅਨ ਯੂਨੀਅਨ ਦੀ ਉੱਚ ਪ੍ਰਤੀਨਿਧ ਫੈਡੇਰੇਕਾ ਨੇ ਭਾਰਤ ਨੂੰ ਕਸ਼ਮੀਰ ਵਿੱਚ ਲੋਕਾਂ ਦੇ ਅਧਿਕਾਰਾਂ ਤੇ ਆਜ਼ਾਦੀ ਨੂੰ ਬਹਾਲ ਕਰਨ ਲਈ ਕਿਹਾ ਹੈ, ਹਾਲਾਂਕਿ ਸਭ ਤੋਂ ਵੱਧ ਖੁੱਲ੍ਹ ਕੇ ਦਿੱਤਾ ਗਿਆ ਬਿਆਨ ਅਮਰੀਕਾ ਦਾ ਸੀ। ਅਮਰੀਕਾ ਦੇ ਦੱਖਣੀ ਏਸ਼ੀਆ ਲਈ ਕਾਰਜ ਵਾਹਕ ਅਸਿਸਟੈਂਟ ਸੈਕਟਰੀ ਏਲਿਸ ਵੈਲਸ ਨੇ ਕਿਹਾ ਕਿ ‘‘ਅਮਰੀਕਾ ਵੱਡੀ ਪੱਧਰ ਉੱਤੇ ਹਿਰਾਸਤਾਂ ਅਤੇ ਜੰਮੂ-ਕਸ਼ਮੀਰ ਦੇ ਲੋਕਾਂ 'ਤੇ ਲਾਈਆਂ ਪਾਬੰਦੀਆਂ ਬਾਰੇ ਚਿੰਤਤ ਹੈ।” ਵ੍ਹਾਈਟ ਹਾਊਸ ਨੇ ਇੰਨੀ ਬੇਰੁਖੀ ਨਹੀਂ ਦਿਖਾਈ। ਉਸ ਨੇ ਦਾਅਵਾ ਕੀਤਾ ਕਿ ਨਿਊ ਯਾਰਕ 'ਚ ਮੋਦੀ ਨਾਲ ਮੀਟਿੰਗ ਵਿੱਚ ਟਰੰਪ ਨੇ ਉਨ੍ਹਾਂ ਨੂੰ ਪਾਕਿਸਤਾਨ ਨਾਲ ਸੰਬੰਧ ਸੁਧਾਰਨ ਅਤੇ ਕਸ਼ਮੀਰੀ ਲੋਕਾਂ ਦਾ ਜੀਵਨ ਬਿਹਤਰ ਬਣਾਉਣ ਦਾ ਆਪਣਾ ਵਾਅਦਾ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਹੈ।
ਮੈਂ ਇੱਕ ਕਦਮ ਹੋਰ ਅੱਗੇ ਜਾਵਾਂਗਾ ਕਿ ਪਾਕਿਸਤਾਨ ਵੱਲੋਂ ਚਲਾਏ ਜਾਂਦੇ ਅੱਤਵਾਦ ਦੇ ਮੁੱਦੇ ਉੱਤੇ ਮੋਦੀ ਨੂੰ ਟਰੰਪ ਦਾ ਪੂਰਾ ਸਮਰਥਨ ਨਹੀਂ ਮਿਲਿਆ। ਟਰੰਪ ਨੇ ਮੋਦੀ ਵੱਲੋਂ ਹਿਊਸਟਨ 'ਚ ਦਿੱਤੇ ਭਾਸ਼ਣ ਨੂੰ ‘ਬਹੁਤ ਹਮਲਾਵਰ' ਦੱਸਿਆ। ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨਹੀਂ, ਸਗੋਂ ਈਰਾਨ ਅੱਤਵਾਦ ਦਾ ਕੇਂਦਰ ਹੈ। ਟਰੰਪ ਲਈ ਇਮਰਾਨ ਖਾਨ ਓਨਾ ਹੀ ਚੰਗਾ ਮਿੱਤਰ ਹੈ, ਜਿੰਨੇ ਕਿ ਮੋਦੀ। ਸਭ ਤੋਂ ਅਹਿਮ ਕਿ ਜਦੋਂ ਪਾਕਿਸਤਾਨ ਦੀ ਫੌਜ ਵੱਲੋਂ ਅਲ ਕਾਇਦਾ ਨੂੰ ਟਰੇਨਿੰਗ ਦੇਣ ਬਾਰੇ ਇਮਰਾਨ ਖਾਨ ਦੇ ਕਬੂਲਨਾਮੇ ਬਾਰੇ ਪੁੱਛਿਆ ਤਾਂ ਟਰੰਪ ਨੇ ਇਸ ਗੱਲ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਨੇ ਇਮਰਾਨ ਨੂੰ ਬੋਲਦਾ ਨਹੀਂ ਸੁਣਿਆ। ਸਪੱਸ਼ਟ ਤੌਰ 'ਤੇ ਟਰੰਪ ਪਾਕਿਸਤਾਨ ਨੂੰ ਅੱਤਵਾਦ ਲਈ ਉਸ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੁੰਦੇ, ਜਿਵੇਂ ਕਿ ਭਾਰਤ ਚਾਹੁੰਦਾ ਹੈ।
ਫਿਰ ਇਸ ਸਭ ਦਾ ਨਤੀਜਾ ਕੀ ਨਿਕਲਿਆ? ਮੈਨੂੰ ਇਸ ਗੱਲ ਤੋਂ ਇਨਕਾਰ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ ਕਿ ਕਸ਼ਮੀਰ ਦਾ ਕੌਮਾਂਤਰੀਕਰਨ ਹੋ ਗਿਆ ਹੈ। ਇਸ ਦੀ ਸ਼ੁਰੂਆਤ ਅਸਲ ਵਿੱਚ ਅਗਸਤ ਮਹੀਨੇ ਵਿੱਚ ਸੁਰੱਖਿਆ ਕੌਂਸਲ ਦੀ ਗੈਰ ਰਸਮੀ ਮੀਟਿੰਗ ਨਾਲ ਹੀ ਹੋ ਗਈ ਸੀ। ਦੂਜਾ, ਜ਼ਿਆਦਾਤਰ ਦੇਸ਼ਾਂ ਨੇ ਕਸ਼ਮੀਰ ਦੇ ਦਰਜੇ ਵਿੱਚ ਤਬਦੀਲੀ ਦੀ ਆਲੋਚਨਾ ਨਹੀਂ ਕੀਤੀ, ਫਿਰ ਵੀ ਉਹ ਇਸ ਨੂੰ ਇੱਕ ਵਿਵਾਦਤ ਖੇਤਰ ਮੰਨਦੇ ਹਨ। ਆਖਿਰ ਉਹ ਮੰਨਦੇ ਹਨ ਕਿ ਇਸ ਦਾ ਹੱਲ ਦੁਵੱਲੇ ਪੱਧਰ 'ਤੇ ਹੋਣਾ ਚਾਹੀਦਾ ਹੈ ਅਤੇ ਇਸ ਦੇ ਲਈ ਉਹ ਭਾਰਤ ਨੂੰ ਪ੍ਰੇਰਿਤ ਵੀ ਕਰ ਰਹੇ ਹਨ।
ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਜਦੋਂ ਕਸ਼ਮੀਰ ਵਾਦੀ ਉੱਤੇ ਕੱਸਿਆ ਸ਼ਿਕੰਜਾ ਹਟਾਇਆ ਜਾਂਦਾ ਹੈ ਤਾਂ ਉਦੋਂ ਕੀ ਹੁੰਦਾ ਹੈ।