ਰੂਪਨਗਰਰ, 7 ਅਕਤੂਬਰ (ਪੋਸਟ ਬਿਊਰੋ)- ਰੋਪੜ ਜੇਲ੍ਹ 'ਚੋਂ ਇੱਕ ਕੈਦੀ ਨੇ ਮੋਬਾਈਲ ਫੋਨ ਉਤੇ ਲਾਈਵ ਹੋ ਕੇ ਜੇਲ੍ਹ ਪ੍ਰਸ਼ਾਸਨ 'ਤੇੇ ਗੰਭੀਰ ਦੋਸ਼ ਲਾਏ ਅਤੇ ਦੱਸਿਆ ਕਿ ਮੋਬਾਈਲ ਫੋਨ ਜ਼ਰੀਏ ਨਸ਼ਾ ਅਤੇ ਹੋਰ ਸਾਮਾਨ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆਂ 'ਤੇ ਵਾਇਰਲ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਕੈਦੀ ਨੇ ਵੀਡੀਓ 'ਚ ਦੱਸਿਆ ਹੈ ਕਿ ਕੈਦੀਆਂ ਨੂੰ ਜੇਲ੍ਹ 'ਚ ਫੋਨ ਵੇਚਣ ਲਈ ਵੀ ਕਿਹਾ ਜਾਂਦਾ ਹੈ। ਆਮ ਮੋਬਾਈਲ ਫੋਨ ਦੀ ਕੀਮਤ 5 ਤੋਂ 6 ਹਜ਼ਾਰ ਰੁਪਏ ਅਤੇ ਵੱਡੇ ਮੋਬਾਈਲ ਦੀ ਕੀਮਤ 25 ਹਜ਼ਾਰ ਰੁਪਏ ਤੱਕ ਰੱਖੀ ਗਈ ਹੈ। ਕੈਦੀ ਨੇ ਕਿਹਾ ਕਿ ਜੇ ਉਹ ਏਦਾਂ ਨਹੀ ਕਰੇੇਗਾ ਤਾਂ ਉਸ 'ਤੇ ਹੋਰ ਮਾਮਲਾ ਦਰਜ ਕਰਕੇ ਕਿਸੇ ਹੋਰ ਜੇਲ੍ਹ ਵਿੱਚ ਭੇਜਣ ਦੀ ਧਮਕੀ ਦਿੱਤੀ ਗਈ ਹੈ। ਕੈਦੀ ਨੇ ਇਹ ਵੀ ਖੁਲਾਸਾ ਕੀਤਾ ਕਿ ਜੇਲ੍ਹ ਵਿੱਚ ਉਚ ਅਧਿਕਾਰੀਆਂ ਤੋਂ ਇਲਾਵਾ ਕੁਝ ਹੋਰ ਮੁਲਾਜ਼ਮ ਵੀ ਇਸ ਕੰਮ ਵਿੱਚ ਸ਼ਾਮਲ ਹਨ, ਜੋ ਜੇਲ੍ਹ ਵਿਚਲੇ ਕੈਦੀਆਂ ਨੂੰ ਮੋਬਾਈਲ, ਨਸ਼ੇ ਦੀਆਂ ਗੋਲੀਆਂ, ਜਰਦਾ ਆਦਿ ਵੇਚਣ ਲਈ ਕਹਿੰਦੇ ਹਨ। ਕੈਦੀ ਨੇ ਵੀਡੀਓ ਰਾਹੀਂ ਲਾਈਵ ਹੋ ਕੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਜੇਲ੍ਹ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਰੋਪੜ ਦੇ ਏ ਐਸ ਪੀ ਰਵੀ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਰੋਪੜ ਜੇਲ੍ਹ ਵਿੱਚੋਂ ਇੱਕ ਕੈਦੀ ਕੋਲੋਂ ਮੋਬਾਈਲ ਫੋਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੈਦੀ ਕਰਨਵੀਰ ਸਿੰਘ ਦੀ ਤਲਾਸ਼ੀ ਵਿੱਚ ਇੱਕ ਫੋਨ ਮਿਲਿਆ ਹੈ ਅਤੇ ਉਸ ਕੈਦੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਜਾਰੀ ਹੈ।