Welcome to Canadian Punjabi Post
Follow us on

24

March 2019
ਨਜਰਰੀਆ

ਸਾਡੀ ਨੈਤਿਕਤਾ ਪ੍ਰਤੀ ਜ਼ਿੰਮੇਵਾਰੀ

October 18, 2018 07:38 AM

-ਗੁਰਦੀਪ ਸਿੰਘ
ਗੁਰੂਆਂ-ਪੀਰਾਂ ਨੇ ਸਾਨੂੰ ਸੱਚਾਈ ਦੇ ਮਾਰਗ 'ਤੇ ਚੱਲਣ ਲਈ ਨੈਤਿਕਤਾ ਦਾ ਪਾਠ ਪੜ੍ਹਾਇਆ ਸੀ। ਉਨ੍ਹਾਂ ਸਿਖਿਆ ਦਿੱਤੀ ਸੀ ਕਿ ਅਸੀਂ ਇਸ ਮਾਰਗ 'ਤੇ ਚੱਲਦੇ ਹੋਏ ਹਰ ਪ੍ਰਾਣੀ ਨਾਲ ਨਿਮਰਤਾ ਦਾ ਵਿਹਾਰ ਕਰਦੇ ਹੋਏ ਤੇ ਪ੍ਰੇਮ ਦੇ ਮਾਰਗ 'ਤੇ ਚਲਦੇ ਹੋਏ ਜੀਵਨ ਬਤੀਤ ਕਰੀਏ। ਕੀ ਅਸੀਂ ਉਨ੍ਹਾਂ ਦੀ ਦਿੱਤੀ ਸਿਖਿਆ 'ਤੇ ਪੂਰੇ ਉਤਰਦੇ ਹਾਂ? ਕੀ ਸਾਡੀ ਅੰਤਰ ਆਤਮਾ ਇਸ ਦੀ ਗਵਾਹੀ ਭਰਦੀ ਹੈ? ਉਂਝ ਕਹਿਣ ਲੱਗਿਆਂ ਤਾਂ ਅਸੀਂ ਬੜੇ ਸਵੈ-ਮਾਣ ਨਾਲ ਕਹਿ ਦਿੰਦੇ ਹਾਂ ਕਿ:
ਹਮ ਉਸ ਦੇਸ਼ ਕੇ ਵਾਸੀ ਹੈਂ
ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ।
ਭਾਵ ਭਾਰਤ ਦੇਸ਼ ਦੇ ਵਾਸੀ ਹੋਣ ਵਿੱਚ ਬੜਾ ਫਖਰ ਮਹਿਸੂਸ ਕਰਦੇ ਹਾਂ ਕਿਉਂਕਿ ਗੰਗਾ ਦਾ ਪਵਿੱਤਰ ਨਦੀ ਦਾ ਦਰਜਾ ਹੈ ਤੇ ਉਹ ਭਾਰਤ ਵਿੱਚ ਵਗਦੀ ਹੈ। ਸਹੀ ਅਰਥਾਂ ਵਿੱਚ ਸਾਨੂੰ ਅੱਜ ਤੱਕ ਇਹੋ ਪਤਾ ਨਹੀਂ ਲੱਗਾ ਕਿ ਭਾਰਤ ਦਾ ਮਤਲਬ ਕੀ ਹੈ? ਭਾਰਤ ਭਾਵ ਪ੍ਰਕਾਸ਼ ਵਿੱਚ ਰੱਤ। ਪ੍ਰਕਾਸ਼ ਦਾ ਅਰਥ ਜਿੱਥੇ ਸਾਤਵਿਕਤਾ ਹੈ, ਸੱਚ ਹੈ, ਇਮਾਨਦਾਰੀ ਤੇ ਸਦਾਚਾਰ ਹੈ। ਹਨੇਰਾ ਉਹ ਹੈ, ਜਿੱਥੇ ਝੁਠ, ਛਲ, ਕਪਟ ਤੇ ਫਰੇਬ ਭਰਿਆ ਹੋਇਆ ਹੈ। ਕੀ ਅਸੀਂ ਭਾਰਤੀ ਹੋ ਕੇ ਅਜਿਹੇ ਨੈਤਿਕਤਾ ਕਰਤੱਵਾਂ ਦੀ ਪਾਲਣਾ ਕਰਦੇ ਹਾਂ, ਜੋ ਇੱਕ ਮਨੁੱਖ ਨੂੰ ਮਾਣ-ਮੱਤਾ ਹੋਣ ਦਾ ਸਨਮਾਨ ਦੇਂਦਾ ਹੋਵੇ? ਅੱਜ ਹਾਲਾਤ ਇਹ ਹਨ ਕਿ ਹਰ ਥਾਂ ਅੰਨ੍ਹੀ ਲੁੱਟ ਮਚੀ ਹੋਈ ਹੈ। ਕੋਈ ਵੀ ਆਦਮੀ ਨੈਤਿਕਤਾ ਪ੍ਰਤੀ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਹੀਂ ਨਿਭਾ ਰਿਹਾ। ਉਸ ਦਾ ਲਾਲਚ ਏਸ ਕਦਰ ਵਧ ਗਿਆ ਹੈ ਕਿ ਉਹ ਸਿਰਫ ਪੈਸੇ ਨੂੰ ਹੀ ਸਭ ਕੁਝ ਮੰਨਣ ਨੂੰ ਤਿਆਰ ਹੋ ਕੇ ਰਹਿ ਗਿਆ ਹੈ। ਇਸ ਕਾਰਨ ਚੋਰੀਆਂ, ਠੱਗੀਆਂ ਤੋਂ ਸਿਵਾਏ ਸੱਚਾਈ ਤੇ ਇਮਾਨਦਾਰੀ ਲੋਪ ਹੋ ਕੇ ਰਹਿ ਗਏ ਹਨ।
ਇਸ ਸੰਬੰਧੀ ਮੈਨੂੰ ਇੱਕ ਕਿੱਸਾ ਯਾਦ ਆ ਗਿਆ। ਇੱਕ ਕਿਸਾਨ ਘਿਓ ਦਾ ਪੀਪਾ ਭਰ ਕੇ ਸ਼ਹਿਰ ਚਲਾ ਗਿਆ ਤੇ ਇੱਕ ਸੁਨਿਆਰੇ ਦੀ ਦੁਕਾਨ 'ਤੇ ਜਾ ਕੇ ਕਹਿਣ ਲੱਗਾ, ‘ਭਰਾ ਮੈਨੂੰ ਗਹਿਣੇ ਚਾਹੀਦੇ ਹਨ। ਤੁਸੀਂ ਮੇਰੇ ਕੋਲੋਂ ਦੇਸੀ ਘਿਓ ਲੈ ਲਓ ਤੇ ਬਦਲੇ ਵਿੱਚ ਕੁਝ ਗਹਿਣੇ ਦੇ ਦਿਓ।’ ਸੁਨਿਆਰ ਨੇ ਘਿਓ ਦਾ ਪੀਪਾ ਲੈ ਕੇ ਉਸ ਨੂੰ ਕੁਝ ਗਹਿਣੇ ਦੇ ਦਿੱਤੇ। ਇਸ ਦੇ ਬਾਅਦ ਸੁਨਿਆਰ ਤੇ ਕਿਸਾਨ ਦੋਵੇਂ ਖੁਸ਼ ਸੀ, ਪਤਾ ਕਿਉਂ? ਕਿਸਾਨ ਸੋਚ ਰਿਹਾ ਸੀ ਕਿ ਉਸ ਨੇ ਘਿਓ ਦੇ ਪੀਪੇ ਵਿੱਚ ਥੱਲੇ ਗੋਹਾ ਭਰ ਕੇ ਸੁਨਿਆਰ ਨੂੰ ਦੇ ਦਿੱਤਾ ਹੈ। ਉਹ ਖੁਸ਼ ਸੀ ਕਿ ਮੈਂ ਸੁਨਿਆਰ ਨੂੰ ਲੁੱਟ ਲਿਆ। ਓਧਰ ਸੁਨਿਆਰ ਖੁਸ਼ ਹੈ ਕਿ ਮੈਂ ਕਿਸਾਨ ਨੂੰ ਲੁੱਟ ਲਿਆ। ਜਦੋਂ ਸੁਨਿਆਰੇ ਨੇ ਪੀਪਾ ਖਾਲੀ ਕੀਤਾ ਤਾਂ ਉਤੇ ਘਿਓ ਤੇ ਥੱਲੇ ਗੋਹਾ ਸੀ। ਓਧਰ ਕਿਸਾਨ ਪਿੰਡ ਦੇ ਸੁਨਿਆਰੇ ਕੋਲ ਗਿਆ ਤਾਂ ਪਤਾ ਲੱਗਾ ਕਿ ਗਹਿਣਿਆਂ ਉਤੇ ਸਿਰਫ ਸੋਨੇ ਦੇ ਪਾਣੀ ਚੜ੍ਹਿਆ ਹੈ ਤੇ ਥੱਲੇ ਸਾਰਾ ਪਿੱਤਲ ਸੀ। ਲਾਭ ਦੋਵਾਂ 'ਚੋਂ ਕਿਸੇ ਨੂੰ ਵੀ ਨਾ ਹੋਇਆ। ਦੋਵੇਂ ਠੱਗੇ ਗਏ।
ਬੱਸ ਇਹੋ ਹਾਲ ਸਾਡੇ ਆਮ ਵਰਤਾਰੇ ਵਿੱਚ ਦੇਖਣ ਨੂੰ ਮਿਲਦਾ ਹੈ। ਕਹਿਣ ਤੋਂ ਭਾਵ ਚਾਰੇ ਪਾਸੇ ਅਨੈਤਿਕਤਾ ਦਾ ਅਜਿਹਾ ਚੱਕਰਵਿਊ ਚੱਲ ਰਿਹਾ ਹੈ ਕਿ ਹਰ ਕੋਈ ਇੱਕ ਦੂਜੇ ਨੂੰ ਠੱਗ ਰਿਹਾ ਹੈ। ਅਖਬਾਰਾਂ ਵਿੱਚ ਅਸੀਂ ਜ਼ਿਆਦਾ ਖਬਰਾਂ ਇਹੋ ਜਿਹੀਆਂ ਹੀ ਪੜ੍ਹਦੇ ਹਾਂ ਕਿ ਫਲਾਣੇ ਥਾਂ ਐਨੇ ਕੁਇੰਟਲ ਨਕਲੀ ਦੁੱਧ, ਪਨੀਰ ਤੇ ਖੋਇਆ ਫੜਿਆ ਗਿਆ ਜਿਸ ਦਾ ਮੁੱਲ ਲੱਖਾਂ ਰੁਪਿਆਂ ਵਿੱਚ ਬਣਦਾ ਹੈ। ਪੈਸੇ ਦੇ ਲਾਲਚ ਵੱਸ ਇਨਸਾਨ ਇੱਕ ਦੂਸਰੇ ਦਾ ਜਾਨੀ ਦੁਸ਼ਮਣ ਬਣ ਚੁੱਕਾ ਹੈ। ਅਜਿਹਾ ਕੰਮ ਕਰਨ ਵਾਲੇ ਇਹ ਕਦੇ ਨਹੀਂ ਸੋਚਦੇ ਕਿ ਉਹ ਪੈਸੇ ਤਾਂ ਬੇਸ਼ੱਕ ਵਾਧੂ ਕਮਾ ਲੈਣਗੇ, ਪਰ ਦੂਸਰੇ ਦੇ ਪਰਵਾਰਾਂ ਤੇ ਬੱਚਿਆਂ ਨੂੰ ਨਕਲੀ ਚੀਜ਼ਾਂ ਵੇਚ ਕੇ ਕਿਉਂ ਮਾਰ ਰਹੇ ਹਨ? ਅਜਿਹੇ ਘਿਨੌਣੇ ਕੰਮ ਵਿੱਚ ਲੱਗੇ ਵਿਅਕਤੀਆਂ ਵਿੱਚ ਇਹ ਗੱਲ ਵੱਸੀ ਹੋਈ ਹੈ ਕਿ ਫੜੇ ਗਏ ਤਾਂ ਵਾਧੂ ਕਮਾਏ ਹੋਏ ਪੈਸਿਆਂ ਨਾਲ ਛੁੱਟ ਵੀ ਜਾਵਾਂਗੇ। ਇਸੇ ਕਰ ਕੇ ਅਜਿਹੇ ਬੰਦੇ ਜੇਲ੍ਹਾਂ ਭੁਗਤਣ ਤੋਂ ਵੀ ਨਹੀਂ ਡਰਦੇ।
ਕੁਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਮੇਰੇ ਨਾਲ ਕੁਝ ਇਸ ਤਰ੍ਹਾਂ ਵਾਪਰਿਆ ਕਿ ਮੈਂ ਬਠਿੰਡੇ ਬਾਜ਼ਾਰ ਵਿੱਚ ਇੱਕ ਦੁਕਾਨ ਤੋਂ ਟਾਰਚ ਦੇ ਸੈੱਲ ਲੈਣ ਗਿਆ। ਦੁਕਾਨਦਾਰ ਨੂੰ ਜਾ ਕੇ ਕਿਹਾ ਕਿ ਮੈਨੂੰ ਵਧੀਆ ਸੈੱਲ ਚਾਹੀਦੇ ਹਨ, ਇਸ ਲਈ ਐਵਰੈਡੀ ਦੇ ਸੈੱਲ ਦਿਓ। ਸੈੱਲ ਖਰੀਦ ਕੇ ਘਰ ਪਹੁੰਚ ਕੇ ਟਾਰਚ ਵਿੱਚ ਪਾ ਦਿੱਤੇ। ਟਾਰਚ ਸਿਰਫ ਇੱਕ ਦੋ ਦਿਨ ਹੀ ਸਹੀ ਰੋਸ਼ਨੀ ਦੇ ਸਕੀ ਤੇ ਸੈੱਲ ਠੁੱਸ ਹੋ ਕੇ ਰਹਿ ਗਏ। ਮੈਂ ਉਨ੍ਹਾਂ ਨੂੰ ਕਾਫੀ ਹਿਲਾ ਕੇ ਅਤੇ ਦੁਬਾਰਾ ਹੇਠਾਂ-ਉਪਰ ਕਰ ਕੇ ਫਿਰ ਪਾਏ, ਪਰ ਰੋਸ਼ਨੀ ਨਹੀਂ ਦੇ ਰਹੇ ਸਨ। ਜਦੋਂ ਸੈੱਲਾਂ ਉਪਰ ਅੰਗਰੇਜ਼ੀ ਵਿੱਚ ਲਿਖੇ ਹੋਏ ਸ਼ਬਦਾਂ ਨੂੰ ਚੰਗੀ ਤਰ੍ਹਾਂ ਘੋਖਿਆ ਤਾਂ ਉਸ ਦੇ ਸਪੈਲਿੰਗ ਐਵਰੈਡੀ ਦੀ ਜਗ੍ਹਾ ਐਵਰੀ ਡੇਅ ਬਣਦੇ ਸਨ। ਵਾਪਸ ਜਾ ਕੇ ਦੁਕਾਨਦਾਰ ਨੂੰ ਕਿਹਾ ਕਿ ਸੈੱਲ ਤਾਂ ਤੂੰ ਠੀਕ ਹੀ ਦਿੱਤੇ ਹਨ-ਐਵਰੀ ਡੇਅ। ਭਾਵ ਰੋਜ਼ਾਨਾ ਨਵੇਂ ਬਦਲ ਕੇ ਪਾਓ, ਪਰ ਪੈਸੇ ਤੂੰ ਅਸਲੀ ਸੈੱਲਾਂ ਦੇ ਭਾਅ ਤੋਂ ਵੀ ਵੱਧ ਲੈ ਲਏ। ਇਸ ਤਰ੍ਹਾਂ ਤੂੰ ਆਪਣੀ ਦੁਕਾਨ 'ਤੇ ਨਕਲੀ ਸਾਮਾਨ ਵੇਚ ਕੇ ਗਾਹਕਾਂ ਨੂੰ ਬੇਵਕੂਫ ਬਣਾ ਰਿਹਾ ਤੇ ਠੱਗੀਆਂ ਮਾਰ ਰਿਹਾ ਏਂ। ਮੈਂ ਤੇਰੇ ਖਿਲਾਫ ਪੁਲਸ ਕੇਸ ਦਰਜ ਕਰਵਾਉਣ ਚੱਲਿਆ ਹਾਂ। ਫਿਰ ਉਹ ਕਾਫੀ ਡਰ ਗਿਆ। ਮੈਨੂੰ ਸਾਰੇ ਪੈਸੇ ਵੀ ਮੋੜ ਦਿੱਤੇ। ਦੁਕਾਨ 'ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹ ਮੇਰੀਆਂ ਮਿੰਨਤਾਂ-ਤਰਲੇ ਕਰੀ ਜਾ ਰਿਹਾ ਸੀ ਤੇ ਨਾਲ ਗੋਡੇ ਫੜ ਰੱਖੇ ਸਨ। ਕਹਿ ਰਿਹਾ ਸੀ ਕਿ ਅੱਗੇ ਤੋਂ ਅਜਿਹਾ ਕੰਮ ਨਹੀਂ ਕਰੇਗਾ।
ਆਓ! ਆਪਾਂ ਸਾਰੇ ਰਲ ਮਿਲ ਕੇ ਤੇ ਸਮੇਂ ਨੂੰ ਵਿਚਾਰਦੇ ਹੋਏ ਅਜਿਹੇ ਕੰਮ ਕਰਨ ਵਾਲਿਆਂ ਨੂੰ ਨੱਥ ਪਾਈਏ। ਜਦੋਂ ਤੱਕ ਨੈਤਿਕ ਤੇ ਵਿਹਾਰਕ ਮੁੱਲਾਂ ਦਾ ਸੁਮੇਲ ਨਹੀਂ ਹੋਵੇਗਾ ਉਦੋਂ ਤੱਕ ਅਸੀਂ ਅਸਲ ਵਿੱਚ ਸੱਚੇ ਮਨੁੱਖ ਨਹੀਂ ਬਣ ਸਕਾਂਗੇ।

Have something to say? Post your comment