Welcome to Canadian Punjabi Post
Follow us on

24

March 2019
ਨਜਰਰੀਆ

ਰਿਸ਼ਤਿਆਂ ਨੂੰ ਖਾ ਰਿਹਾ ਮੋਬਾਈਲ ਫੋਨ

October 18, 2018 07:35 AM

-ਅਜੀਤਪਾਲ ਸਿੰਘ ਹਰੀਕਾ
ਹੁਣ ਕੰਮਕਾਰ ਦੀ ਤਰ੍ਹਾਂ ਇਨਸਾਨ ਨੇ ਆਪਣੇ ਰਿਸ਼ਤੇ ਵੀ ਮੋਬਾਈਲ ਫੋਨ ਤੋਂ ਹੀ ਕੰਟਰੋਲ ਕਰਨੇ ਸ਼ੁਰੂ ਕਰ ਦਿੱਤੇ ਹਨ। ਅੱਜ ਜਿੱਥੇ ਰਿਸ਼ਤੇ ਜੁੜਨ ਵਿੱਚ ਤੇਜ਼ੀ ਹੈ ਉਸ ਤੋਂ ਕਿਤੇ ਵੱਧ ਤੇਜ਼ੀ ਰਿਸ਼ਤੇ ਟੁੱਟਣ ਵਿੱਚ ਹੈ। ਤਕਨੀਕ ਵਿੱਚ ਦਿਨੋਂ ਦਿਨ ਸੁਧਾਰ ਹੋ ਰਿਹਾ ਹੈ। ਮੋਬਾਈਲ ਫੋਨ ਦਾ ਮਿਨੀ ਲੈਪਟੋਪ ਬਣਨਾ ਵੀ ਇਸੇ ਸੁਧਾਰ ਦਾ ਨਤੀਜਾ ਹੈ।
ਮੋਬਾਈਲ ਫੋਨ ਨੇ ਬੰਦੇ ਦੇ ਬਹੁਤੇ ਕੰਮ ਬੇਹੱਦ ਸਰਲ ਕਰ ਦਿੱਤੇ ਹਨ। ਕੋਈ ਬਿੱਲ ਭਰਨਾ ਹੋਵੇ ਜਾਂ ਕੋਈ ਖਰੀਦੋ ਫਰੋਖਤ, ਮੋਬਾਈਲ ਫੋਨ ਤੋਂ ਝੱਟ ਹੋ ਜਾਂਦੇ ਹਨ। ਜੇ ਕਿਸੇ ਕੋਲ ਫੋਨ ਨਾ ਹੋਵੇ ਤਾਂ ਖੁਦ ਨੂੰ ਅਧੂਰਾ ਜਿਹਾ ਮੰਨਦਾ ਹੈ। ਜਿਥੇ ਇਕ ਪਾਸੇ ਤਕਨੀਕ ਦੇ ਵਧਣ ਨਾਲ ਫਾਇਦੇ ਹੁੰਦੇ ਹਨ, ਓਥੇ ਇਸ ਦਾ ਇਨਸਾਨ ਦੇ ਰਿਸ਼ਤਿਆਂ ਨੂੰ ਸਿਓਕ ਵਾਂਗ ਚਿੰਬੜ ਕੇ ਉਜਾੜਨ ਵਾਲਾ ਰੂਪ ਵੀ ਨਜ਼ਰ ਆਉਣ ਲੱਗਾ ਹੈ। ਇਕ ਤਾਂ ਅਜੋਕੇ ਰਿਸ਼ਤੇ ਪਹਿਲਾਂ ਹੀ ਕਮਜ਼ੋਰ ਸਨ, ਮੋਬਾਈਲ ਫੋਨ ਨੇ ਖੋਖਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਘਰ ਦੀ ਚਾਰਦੀਵਾਰੀ ਅੰਦਰ ਪਰਵਾਰ ਹੈ, ਪਰ ਉਨ੍ਹਾਂ ਦੀ ਆਪਸ ਵਿੱਚ ਗੱਲਬਾਤ ਮੋਬਾਈਲ ਫੋਨਾਂ ਰਾਹੀਂ ਹੁੰਦੀ ਹੈ। ਕੋਈ ਇਕ ਦੂਸਰੇ ਕੋਲ ਜਾਣ ਦੀ ਖੇਚਲ ਕਰਨੀ ਪਸੰਦ ਨਹੀਂ ਕਰਦਾ। ਸੋਫੇ ਉਤੇ ਬੈਠੇ ਪਿਓ ਪੁੱਤ ਖੁਸ਼ ਜ਼ਰੂਰ ਹੁੰਦੇ ਹਨ, ਪਰ ਇਕ ਦੂਜੇ ਨਾਲ ਗੱਲ ਕਰਕੇ ਨਹੀਂ, ਬਲਕਿ ਆਪੋ ਆਪਣੇ ਮੋਬਾਈਲ ਫੋਨ ਨਾਲ।
ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ ਲਾਹੇਵੰਦ ਵਸਤੂ ਦੇ ਨਾਲ ਭਿਆਨਕ ਬਿਮਾਰੀ ਵੀ ਬਣਦਾ ਜਾਾਂਦਾ ਹੈ। ਬਿਮਾਰੀ ਵੀ ਅਜਿਹੀ, ਜਿਸ ਨੂੰ ਇਨਸਾਨ ਆਸਾਨੀ ਨਾਲ ਦੇਖ ਤਾਂ ਸਕਦਾ ਹੈ, ਪਰ ਆਸਾਨੀ ਨਾਲ ਦੂਰ ਨਹੀਂ ਕਰ ਸਕਦਾ। ਇਕੱਲੇ ਨੌਜਵਾਨਾਂ ਵਿੱਚ ਨਹੀਂ, ਬਲਕਿ ਵੱਡੇਰੀ ਉਮਰ ਵਾਲਿਆਂ ਵਿੱਚ ਵੀ ਮੋਬਾਈਲ ਫੋਨ ਦਾ ਵੱਧ ਉਤਸ਼ਾਹ ਹੈ। ਨਵੀਂ ਪੀੜ੍ਹੀ ਇਕ ਤਾਂ ਆਪ ਹੀ ਸਿਆਣਿਆਂ ਵਿੱਚ ਬੈਠਣ ਤੋਂ ਗੁਰੇਜ਼ ਕਰਦੀ ਹੈ ਤੇ ਉਤੋਂ ਵੱਡੇਰੀ ਉਮਰ ਵਾਲੇ ਵੀ ਉਨ੍ਹਾਂ ਨੂੰ ਸਮਾਂ ਦੇਣ ਦੀ ਥਾਂ ਮੋਬਾਈਲ ਨੂੰ ਵੱਧ ਸਮਾਂ ਦੇਣਾ ਸਿਆਣਪ ਸਮਝਦੇ ਹਨ। ਚੰਗੀਆਂ ਤੇ ਮਹਿੰਗੀਆਂ ਪੜ੍ਹਾਈ ਅੱਜ ਦੀ ਪੀੜ੍ਹੀ ਪੜ੍ਹ ਤਾਂ ਜ਼ਰੂਰ ਰਹੀ ਹੈ, ਪਰ ਚੰਗੇ ਰਿਸ਼ਤੇ ਬਣਾਉਣ ਵਿੱਚ ਅਸਫਲ ਹੋ ਰਹੀ ਹੈ। ਅੱਜ ਬੱਚਾ ਜੇ ਰੋਂਦਾ ਹੋਵੇ ਤਾਂ ਮਾਂ ਪਿਓ ਉਸ ਨੂੰ ਗੋਦੀ ਚੁੱਕ ਕੇ ਚੁੱਪ ਕਰਾਉਣ ਦੀ ਥਾਂ ਉਸ ਦੇ ਹੱਥ ਮੋਬਾਈਲ ਫੋਨ ਦੇ ਦਿੰਦੇ ਹਨ। ਜੋ ਉਮਰ ਜੁਆਕ ਦੀ ਰਿਸ਼ਤਿਆਂ ਦੀ ਕਦਰ ਸਿੱਖਣ ਦੀ ਹੈ, ਉਸ ਉਮਰ ਵਿੱਚ ਉਹ ਮੋਬਾਈਲ ਦੀ ਕਦਰ ਕਰਨੀ ਸਿੱਖਦਾ ਹੈ।
ਪਹਿਲਾਂ ਬੱਚਿਆਂ ਨੇ ਮਾਪਿਆਂ ਨੂੰ ਕਹਿਣਾ ਕਿ ਜੇ ਮੈਂ ਇਸ ਵਾਰ ਪੇਪਰਾਂ ਵਿੱਚੋਂ ਪਹਿਲਾਂ ਨਾਲੋਂ ਵੱਧ ਨੰਬਰ ਲਏ ਤਾਂ ਉਹ ਉਸ ਦੀ ਮਨ ਪਸੰਦ ਜਗ੍ਹਾ 'ਤੇ ਘੁੰਮਣ ਲਈ ਜਾਣਗੇ ਤਾਂ ਉਹ ਆਪਣੀ ਪਸੰਦ ਦੇ ਕੱਪੜੇ ਲਵੇਗਾ, ਪਰ ਅੱਜ ਉਸ ਦੀ ਸਿਰਫ ਇਕੋ ਮੰਗ ਹੁੰਦੀ ਹੈ ਕਿ ਉਹ ਪਹਿਲੇ ਨਾਲੋਂ ਵੱਡਾ ਫੋਨ ਲਵੇਗਾ। ਮਾਪੇ ਵੀ ਉਸ ਦੀ ਮੰਗ ਦਾ ਖੁਸ਼ੀ ਨਾਲ ਹੁੰਗਾਰਾ ਭਰਦੇ ਹਨ। ਰੇਲ ਗੱਡੀ ਜਾਂ ਬੱਸ ਵਿੱਚ ਸਫਰ ਕਰੋ ਤਾਂ ਜ਼ਿਆਦਾ ਸਵਾਰੀਆਂ ਆਪਣੇ ਮੋਬਾਈਲ 'ਤੇ ਪੂਰਾ ਸਮਾਂ ਲੱਗੀਆਂ ਰਹਿੰਦੀਆਂ ਹਨ। ਅੱਜ ਹਾਲਾਤ ਇਹ ਹੈ ਕਿ ਇਨਸਾਨ ਤੋਂ ਭਾਵੇਂ ਸੱਤ-ਸੱਤ ਘੰਟੇ ਫੋਨ ਉਤੇ ਕਿਸੇ ਨਾਲ ਗੱਲ ਕਰਵਾ ਲਵੋ, ਪਰ ਆਪਣੇ ਘਰ ਦੇ ਜੀਆਂ ਨਾਲ ਪੰਜ ਮਿੰਟ ਬੈਠ ਕੇ ਗੱਲ ਕਰਨੀ ਵੀ ਉਨ੍ਹਾਂ ਨੂੰ ਔਖੀ ਲੱਗਦੀ ਹੈ।
ਮੋਬਾਈਲ ਦਾ ਸਭ ਤੋਂ ਭਿਆਨਕ ਰੂਪ ਉਦੋਂ ਨਜ਼ਰ ਆਉਂਦਾ ਹੈ ਜਦੋਂ ਇਹ ਰਿਸ਼ਤਿਆਂ ਦੀ ਨੀਂਹ ਮਤਲਬ ਵਿਸ਼ਵਾਸ ਦੀ ਜੜ੍ਹ ਉਤੇ ਵਾਰ ਕਰਦਾ ਹੈ। ਮੰਨਿਆ ਕਿ ਅੱਜ ਦੇ ਦੌਰ ਵਿੱਚ ਇਸ ਤੋਂ ਬਿਨਾਂ ਸਾਰਨਾ ਮੁਸ਼ਕਿਲ ਹੈ, ਪਰ ਇਨਸਾਨ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਪਰਵਾਰ ਨਾਲ ਵਕਤ ਬਿਤਾਉਣ ਵੇਲੇ ਇਸ ਦੀ ਵਰਤੋਂ ਨਾ ਕਰੋ ਤਾਂ ਜੋ ਬਾਕੀ ਪਰਵਾਰ ਦੇ ਜੀਅ ਖੁਦ ਨੂੰ ਨਕਾਰਿਆ ਹੋਇਆ ਨਾ ਸਮਝਣ। ਜੇ ਇਨਸਾਨ ਆਪਣੇ ਪਰਵਾਰ ਨੂੰ ਵਕਤ ਦੇਵੇਗਾ ਤਾਂ ਹੀ ਉਸ ਦੀ ਆਉਣ ਵਾਲੀ ਪੀੜ੍ਹੀ ਉਸ ਦੇ ਬੁਢਾਪੇ ਵਿੱਚ ਉਸ ਨੂੰ ਵਕਤ ਦੇਵੇਗੀ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਿਸ਼ਤਿਆਂ ਨੂੰ ਮੋਬਾਈਲ ਫੋਨ ਦੇ ਪਰਛਾਵੇ ਤੋਂ ਬਚਾ ਕੇ ਰੱਖਿਆ ਜਾਵੇ।

Have something to say? Post your comment