Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਇਸ ਰਾਹ ਦੇ ਨਾਂਅ ਲਿਖੋ ਇੱਕ ਸ਼ਾਮ ਹੋਰ

October 03, 2019 10:10 AM

-ਜਗਵਿੰਦਰ ਜੋਧਾ
ਹਿੰਦੀ ਦਾ ਉਘਾ ਸ਼ਾਇਰ ਦੁਸ਼ਿਅੰਤ ਕੁਮਾਰ 42 ਸਾਲ ਜੀਵਿਆ ਤੇ ਉਸ ਨੂੰ ਸਦਾ ਲਈ ਵਿਦਾ ਹੋਇਆਂ 44 ਸਾਲ ਹੋ ਚੁੱਕੇ ਹਨ, ਪਰ ਉਸ ਦੀ ਮਕਬੂਲੀਅਤ ਇਨ੍ਹਾਂ 44 ਸਾਲਾਂ 'ਚ ਏਨੀ ਵਧੀ ਕਿ ਉਹ ਹਿੰਦੀ ਦਾ ਹੀ ਨਹੀਂ ਸਗੋਂ ਹਰ ਭਾਸ਼ਾ ਦੀ ਕਵਿਤਾ ਦਾ ਸਮਕਾਲੀ ਹੈ। ਉਸ ਦਾ ਜਨਮ ਯੂ ਪੀ ਦੇ ਬਿਜਨੌਰ ਖੇਤਰ ਵਿੱਚ 22 ਸਤੰਬਰ 1933 ਨੂੰ ਹੋਇਆ, ਪਰ ਕਾਗਜ਼ਾਂ ਵਿੱਚ ਇੱਕ ਸਤੰਬਰ ਲਿਖਿਆ ਗਿਆ। ਉਹ ਆਪਣੇ ਤੰਗਦਸਤੀ ਦੇ ਦੌਰ 'ਚ ਦੋਸਤਾਂ ਨੂੰ ਕਿਹਾ ਕਰਦਾ ਸੀ ਕਿ ਭਲਾ ਹੋਇਆ ਪਹਿਲੀ ਤਰੀਕ ਲਿਖੀ ਗਈ, ਘੱਟੋ ਘੱਟ ਇਸ ਦਿਨ ਤਨਖਾਹ ਦੇ ਪੈਸਿਆਂ ਨਾਲ ਪਾਰਟੀ ਹੋ ਜਾਏਗੀ, 22 ਤਰੀਕ ਤੱਕ ਤਾਂ ਮਾਯੂਸੀ ਪੱਲੇ ਰਹਿ ਜਾਂਦੀ ਹੈ। ਉਸ ਦਾ ਪਿਤਾ ਜਗੀਰਦਾਰ ਹੋਣ ਦੇ ਨਾਲ ਕਵੀ ਵੀ ਸੀ। ਕਥਾ ਮੁਤਾਬਕ ਬਿਜਨੌਰ ਇਲਾਕੇ 'ਚ ਦੁਸ਼ਿਅੰਤ ਤੇ ਸ਼ਕੁੰਤਲਾ ਦਾ ਪਿਆਰ ਪਰਵਾਨ ਚੜ੍ਹਿਆ ਸੀ। ਇਸੇ ਪ੍ਰਭਾਵ ਅਧੀਨ ਪਿਤਾ ਨੇ ਉਸ ਦਾ ਨਾਂਅ ਦੁਸ਼ਿਅੰਤ ਰੱਖਿਆ। ਕਾਲਜ ਦੀ ਪੜ੍ਹਾਈ ਦੌਰਾਨ ਕਵਿਤਾ ਲਿਖਦਿਆਂ ਦੁਸ਼ਿਅੰਤ ਪਰਦੇਸੀ ਉਪਨਾਮ ਨਾਲ ਛਪਿਆ। ਜਦੋਂ ਆਪਣੀ ਨੌਕਰੀ ਦੇ ਸਿਲਸਿਲੇ ਵਿੱਚ ਦੁਸ਼ਿਅੰਤ ਭੋਪਾਲ ਆਇਆ ਤਾਂ ਸਭ ਕੁਝ ਬਦਲ ਗਿਆ। ਉਸ ਤੋਂ ਪਹਿਲਾਂ ਉਸ ਨੇ ਨਾਟਕ ਲਿਖੇ ਸਨ, ਨਾਵਲ 'ਤੇ ਕਲਮ ਅਜ਼ਮਾਈ ਤੇ ਉਸ ਦੌਰ ਵਿੱਚ ਪ੍ਰਚੱਲਤ ਛਾਇਆਵਾਦ ਤੋਂ ਪ੍ਰਭਾਵਤ ਕਵਿਤਾਵਾਂ ਲਿਖੀਆਂ ਸਨ। ਰੇਡੀਓ ਦੀ ਨੌਕਰੀ ਕਾਰਨ ਅਨੁਵਾਦ ਵਿੱਚ ਉਸ ਦੀ ਦਿਲਚਸਪੀ ਜਾਗੀ, ਪਰ ਉਹ ਅਜਿਹਾ ਨਹੀਂ ਲਿਖ ਸਕਿਆ, ਜੋ ਉਸ ਦੇ ਅੰਤਰਮਨ ਦੀ ਪੇਸ਼ਕਾਰੀ ਕਰ ਸਕਿਆ ਹੋਵੇ, ਜਾਂ ਜਿਸ 'ਚੋਂ ਉਸ ਦਾ ਸਮਕਾਲ ਜੀਵੰਤ ਹੁੰਦਾ ਹੋਵੇ।
ਮੈਂ ਜਿਸੇ ਓੜ੍ਹਤਾ-ਬਿਛਾਤਾ ਹੂੰ,
ਵੋ ਗ਼ਜ਼ਲ ਆਪਕੋ ਸੁਨਾਤਾ ਹੂੰ।
ਕਾਲਜ ਦੀ ਪੜ੍ਹਾਈ ਦੌਰਾਨ ਦੁਸ਼ਿਅੰਤ ਕਾਵਿ ਸੰਮੇਲਨਾਂ 'ਚ ਜਾਣ ਲੱਗਿਆ। ਹੱਦ ਦਰਜੇ ਦਾ ਸਵੈਮਾਨੀ ਤੇ ਰੋਸ ਨਾਲ ਭਰੇ ਲਾਲ ਅੱਖਾਂ ਵਾਲੇ ਚਿਹਰੇ ਨਾਲ ਤੇ ਤਰੰਨੁੁਮ ਦੋਵਾਂ ਤਰ੍ਹਾਂ ਕਵਿਤਾ ਪੜ੍ਹਦਾ। ਇੱਕ ਵਾਰ ਕਵਿਤਾ ਪੜ੍ਹਨ ਲਈ ਕਾਨਪੁਰ ਗਿਆ। ਕਵੀਆਂ ਲਈ ਰਾਤ ਦੀ ਰੋਟੀ ਦਾ ਪ੍ਰਬੰਧ ਸੇਠ ਦੇ ਘਰ ਕੀਤਾ ਗਿਆ। ਸੇਠ ਨੇ ਕਿਹਾ ਕਿ ਸ਼ਰਾਬੀ ਕਵੀਆਂ ਨੂੰ ਮੇਰੇ ਘਰ ਨਾ ਲਿਆਇਓ। ਮੇਰੇ ਘਰ ਦੇ ਕੀਮਤੀ ਕਲੀਨ ਗੰਦੇ ਕਰਨ ਦੀ ਕਿਸੇ ਨੂੰ ਆਗਿਆ ਨਹੀਂ। ਦੁਸ਼ਿਅੰਤ ਨੇ ਸੇਠ ਦੇ ਘਰ ਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਸੇਠ ਦੇ ਇੱਕ ਨੌਕਰ ਹੱਥ ਇੱਕ ਰੁੱਕਾ ਭੇਜਿਆ, ਜਿਸ ਉਪਰ ਇੱਕ ਸ਼ਿਅਰ ਲਿਖਿਆ ਸੀ :
ਆਪਕਾ ਕਾਲੀਨ ਦੇਖੇਂਗੇ ਕਿਸੀ ਦਿਨ
ਇਸ ਸਮਯ ਤੋਂ ਪਾਂਵ ਕੀਚੜ ਮੇਂ ਸਨੇ ਹੈਂ।
ਇਹ ਦੁਸ਼ਿਅੰਤ ਦੀਆਂ ਬੇਹੱਦ ਹਰਮਨ ਪਿਆਰੀਆਂ ਗ਼ਜ਼ਲਾਂ 'ਚੋਂ ਇੱਕ ਹੈ। ਭੋਪਾਲ ਆ ਕੇ ਉਹ ਕਮਲੇਸ਼ਵਰ ਦਾ ਮਿੱਤਰ ਬਣਿਆ। ਇਹ ਮਿੱਤਰਤਾ ਉਸ ਤੋਂ ਬਾਅਦ ਦੁਸ਼ਿਅੰਤ ਦੇ ਬਾਕੀ ਜ਼ਿੰਦਗੀ ਦਾ ਹਾਸਲ ਬਣੀ ਰਹੀ। ਉਹ ਭੋਪਾਲ ਦੇ ਸਾਹਿਤਕ ਹਲਕਿਆਂ 'ਚ ਵਿਚਰਨ ਲੱਗਾ ਜਿੱਥੇ ਉਸ ਸਮੇਂ ਉਰਦੂ ਦੀ ਤਰੱਕੀ ਪਸੰਦ ਤਹਿਰੀਕ ਦਾ ਬੋਲਬਾਲਾ ਸੀ। ਵਿਸ਼ੇਸ਼ ਕਰ ਕੇ ਦੋ ਗ਼ਜ਼ਲਗੋ ਕੈਫ਼ ਭੋਪਾਲੀ ਅਤੇ ਰਾਜ ਭੋਪਾਲੀ ਪ੍ਰਗਤੀਸ਼ੀਲ ਮੁਹਾਵਰੇ ਨੂੰ ਗਜ਼ਲ ਰੂਪ ਵਿੱਚ ਬੰਨ੍ਹ ਕੇ ਇਨਕਲਾਬੀ ਹਲਕਿਆਂ ਵਿੱਚ ਵੀ ਭੱਲ ਬਣਾ ਰਹੇ ਸਨ। ਹਿੰਦੀ ਕਵਿਤਾ ਦਾ ਖੇਤਰ ਅਗਿਏਯ ਅਤੇ ਮੁਕਤੀਬੋਧ ਦੇ ਕਾਵਿ ਦਰਸ਼ਨ ਨੂੰ ਸਮਝਣ ਦੇ ਆਹਰ ਵਿੱਚ ਸੀ। ਧੂਮਿਲ ਨੇ ਨਾਗਰਜੁਨ ਦਾ ਵੀ ਵਿਸ਼ੇਸ਼ ਪਾਠਕ ਵਰਗ ਸੀ। ਇਸ ਸਾਰੇ ਦਿ੍ਰਸ਼ ਵਿੱਚ ਸਮੋਅ ਕੇ ਨਵੇਂ ਕਵੀ ਆਪਣੇ ਲਈ ਜਗ੍ਹਾ ਬਣਾ ਰਹੇ ਸਨ। ਦੁਸ਼ਿਅੰਤ ਨੇ ਇਨ੍ਹਾਂ ਸਭ ਤੋਂ ਪ੍ਰਭਾਵ ਲਿਆ, ਪਰ ਕਿਸੇ ਵਰਗਾ ਨਹੀਂ ਬਣਿਆ। ਉਸ ਨੇ ਆਪਣਾ ਰਾਹ ਆਪ ਬਣਾਇਆ। ਉਸ ਨੇ ਪ੍ਰਗਤੀਵਾਦੀ ਵਿਚਾਰਧਾਰਾ ਤੋਂ ਪ੍ਰਤੀਰੋਧ ਦੀ ਭਾਵਨਾ ਲਈ, ਗਜ਼ਲ ਦਾ ਰੂਪ ਲਿਆ ਤੇ ਕਵਿਤਾ ਤੋਂ ਦਾਰਸ਼ਨਿਕ ਗਹਿਰਾਈ ਲਈ ਉਹ ਕਮਲੇਸ਼ਵਰ ਦੇ ਰਸਾਲੇ ਲਈ ਲਗਾਤਾਰ ਲਿਖਣ ਲੱਗਿਆ। ਇੱਕ ਸਾਲ ਦੇ ਅੰਦਰ ਹਾਲਤ ਇਹ ਸੀ ਕਿ ਜਿਸ ਅੰਕ ਵਿੱਚ ਦੁਸ਼ਿਅੰਤ ਦੀਆਂ ਦੋ ਗਜ਼ਲਾਂ ਵਾਲਾ ਵਿਸ਼ੇਸ਼ ਕਾਲਮ ਨਹੀਂ ਛਪਦਾ ਸੀ, ਉਸ ਅੰਕ ਦੀ ਕਾਊਂਟਰ ਵਿਕਰੀ ਅੱਧੀ ਰਹਿ ਜਾਂਦੀ।
ਉਰਦੂ ਦੇ ਟਕਸਾਲੀ ਗਜ਼ਲਕਾਰ ਹਿੰਦੋਸਤਾਨ ਦੀਆਂ ਬਾਕੀ ਭਾਸ਼ਾਵਾਂ ਵਿੱਚ ਲਿਖੀ ਗਜ਼ਲ ਨੂੰ ‘ਗਜ਼ਲ ਕੀ ਮਗਜ਼ਾਲੀ' ਕਹਿ ਕੇ ਰੱਦ ਕਰ ਦਿੰਦੇ ਸਨ। ਉਨ੍ਹਾਂ ਦਾ ਸਨਾਤਨੀ ਵਿਧਾਨ ਫਾਰਸੀ ਤੇ ਫਿਰ ਉਰਦੂ ਲਈ ਮੁਆਫਕ ਸੀ। ਵਿਸ਼ਿਆਂ ਪੱਖੋਂ ਵੀ ਉਹ ਪਰੰਪਰਾ ਵਿੱਚੋਂ ਤਰਸ, ਲਾਚਾਰਗੀ, ਬੇਬਸੀ, ਤਿਆਗ, ਬੇਵਫਾਈ ਆਦਿ ਨੂੰ ਚੁਣਦੇ ਸਨ। ਗਜ਼ਲ ਨੂੰ ਸਿਨਫ-ਏ-ਨਾਜ਼ੁਕ ਕਹਿ ਕੇ ਉਸ ਵਿੱਚ ਕਿਸੇ ਸੰਘਰਸ਼ ਦੀ ਗੱਲ ਕਰਨੀ ਗੁਨਾਹ ਦਾ ਕਾਰਜ ਸੀ। ਹਿੰਦੀ ਦੀ ਕਵਿਤਾ ਨੂੰ ਤਾਂ ਪੰਡਿਤਾਊ ਸ਼ਬਦਾਵਲੀ ਕਹਿ ਕੇ ਮਜ਼ਾਕ ਉਡਾਇਆ ਜਾਂਦਾ ਸੀ। ਫਿਰਾਕ ਗੋਰਖਪੁਰੀ ਨੇ ਕਈ ਮੰਚਾਂ ਤੋਂ ਹਿੰਦੀ ਕਵੀ ਸੂਰਿਆਕਾਂਤ ਤਿ੍ਰਪਾਠੀ ਨਿਰਾਲਾ ਦੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਹਸਾਇਆ। ਅਜਿਹੀ ਹਾਲਤ ਵਿੱਚ ਦੁਸ਼ਿਅੰਤ ਨੇ ਬੜਾ ਸੁਚੇਤ ਹੋ ਕੇ ਗੰਗਾ-ਯਮੁਨੀ ਤਹਿਜ਼ੀਬ ਵੱਲ ਰੁਖ਼ ਕੀਤਾ। ਉਸ ਨੇ ਕਿਤਾਬ ਦੀ ਭੂਮਿਕਾ ਵਿੱਚ ਲਿਖਿਆ-‘‘ਮੈਂ ਉਰਦੂ ਨਹੀਂ ਜਾਣਦਾ, ਪਰ ਇਥੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਅਗਿਆਨਤਾ ਵੱਸ ਨਹੀਂ, ਜਾਣ ਕੇ ਹੋਈ ਹੈ। ਕੋਈ ਔਖਾ ਨਹੀਂ ਸੀ ਜੇ ਮੈਂ ਸ਼ਹਿਰ ਨੂੰ ਨਗਰ ਲਿਖ ਕੇ ਇਸ ਐਬ ਤੋਂ ਛੁਟਕਾਰਾ ਪਾ ਲੈਂਦਾ, ਪਰ ਮੈਂ ਉਰਦੂ ਦੇ ਸ਼ਬਦ ਉਸੇ ਰੂਪ ਵਿੱਚ ਵਰਤੇ ਜਿਸ ਰੂਪ ਵਿੱਚ ਉਹ ਹਿੰਦੀ 'ਚ ਰਲ-ਮਿਲ ਗਏ ਹਨ।”
ਜੀਏਂ ਤੋ ਅਪਨੇ ਬਗੀਚੇ ਮੇਂ ਗੁਲਮੋਹਰ ਕੇ ਤਲੇ,
ਮਰੇਂ ਤੋ ਗ਼ੈਰ ਕੀ ਗਲੀਓਂ ਮੇਂ ਗੁਲਮੋਹਰ ਕੇ ਲੀਏ।
ਦੁਸ਼ਿਅੰਤ ਨੇ ਗਜ਼ਲ ਨੂੰ ਬੋਲਚਾਲ ਦੀ ਭਾਸ਼ਾ ਨਾਲ ਜੋੜਿਆ। ਇਸ ਲਈ ਆਮ ਮਨੁੱਖ ਦੀ ਗੱਲ ਆਮ ਮਨੁੱਖ ਦੇ ਲਹਿਜ਼ੇ ਵਿੱਚ ਉਸ ਦੇ ਦੁੱਖਾਂ-ਸੁੱਖਾਂ, ਮੁਸੀਬਤਾਂ, ਮਜਬੂਰੀਆਂ ਤੇ ਇੱਛਾਵਾਂ ਸਮੇਤ ਹੋਈ। ਉਸ ਨੇ ਆਪਣੇ ਇੱਕ ਲੇਖ ਵਿੱਚ ਮੰਨਿਆ ਵੀ ਹੈ ਕਿ ਅਮੀਰ ਖੁਸਰੋ ਵਾਲੀ ਭਾਸ਼ਾ ਉਸ ਨੂੰ ਪੋਹਦੀ ਹੈ। ਉਰਦੂ ਦਾ ਇੱਕ ਕਾਵਿਕ ਵਿਧਾਨ ਤੇ ਹਿੰਦਵੀ ਦੀ ਲੋਕ ਭਾਸ਼ਾ ਲੈ ਕੇ ਦੁਸ਼ਿਅੰਤ ਨੇ ਆਪਣੀ ਗਜ਼ਲ ਦਾ ਮੁਹਾਵਰਾ ਬਣਾਇਆ। ਉਸ ਦੀ ਰਾਜਸੀ ਸੂਝ ਇਸ ਸਾਰੇ ਵਰਤਾਰੇ ਪ੍ਰਤੀ ਸਾਧਾਰਨ ਮਨੁੱਖ ਦੀਆਂ ਸਮੱਸਿਆਵਾਂ ਵੱਲ ਮੂੰਹ ਕਰ ਕੇ ਆਪਣੀ ਗੱਲ ਕਹਿਣ ਵਿੱਚ ਸਫਲ ਹੋਈ:
ਯੇ ਸਾਰਾ ਜਿਸਮ ਝੁਕ ਕਰ ਬੋਝ ਸੇ ਦੁਹਰਾ ਹੁਆ ਹੋਗਾ
ਮੈਂ ਸਜਦੇ ਮੇਂ ਨਹੀਂ ਥਾ ਆਪ ਕੋ ਧੋਖਾ ਹੁਆ ਹੋਗਾ
**
ਯਹਾਂ ਤਕ ਆਤੇ ਆਤੇ ਸੂਖ ਜਾਤੀ ਹੈਂ ਕਈ ਨਦੀਆਂ
ਮੁਝੇ ਮਾਲੂਮ ਹੈ ਪਾਨੀ ਕਹਾਂ ਠਹਿਰਾ ਹੁਆ ਹੋਗਾ
**
ਭੂਖ ਹੈ ਤੋ ਸਬਰ ਕਰ, ਰੋਟੀ ਨਹੀਂ ਤੋ ਕਿਆ ਹੂਆ
ਆਜਕਲ ਦਿੱਲੀ ਮੇਂ ਹੈ ਜ਼ੇਰੇ-ਬਹਿਸ ਏ ਮੁੱਦਾ
**
ਇਸ ਸ਼ਹਿਰ ਮੇਂ ਅਬ ਕੋਈ ਬਾਰਾਤ ਹੋ ਯਾ ਵਾਰਦਾਤ
ਅਬ ਕਿਸੇ ਭੀ ਬਾਤ, ਪਰ ਖੁਲਤੀ ਨਹੀਂ ਹੈਂ ਖਿੜਕੀਆਂ।
70ਵਿਆਂ ਤੱਕ ਆਉਂਦੇ-ਆਉਂਦੇ ਆਜ਼ਾਦੀ ਦਾ ਸੁਫਨਾ ਚਰਮਰਾ ਗਿਆ ਸੀ। ਨਵੇਂ ਦੇਸ਼ ਦੀ ਸਿਰਜਣਾ ਦਾ ਨਹਿਰੂ ਮਾਡਲ ਬਸਤੀਵਾਦੀ ਤਰਜ਼ ਦੀ ਲਾਲੀ ਫੀਤਾਸ਼ਾਹੀ ਵਿੱਚ ਕੈਦ ਹੋ ਗਿਆ। ਨਵੀਂ ਦੁਨੀਆ ਦੀ ਸਿਰਜਣਾ ਦਾ ਰੂਸੀ ਮਾਡਲ ਦੂਜੀ ਆਲਮੀ ਜੰਗ ਤੋਂ ਬਾਅਦ ਫਿੱਕਾ ਪੈਂਦਾ ਪੈਂਦਾ ਬਦਰੰਗ ਹੋ ਗਿਆ ਸੀ। ਇਹੀ ਉਹ ਦੌਰ ਹੈ ਜਦੋਂ ਫਰਾਂਸ ਵਿੱਚ ਚੱਲੇ ਵਿਦਿਆਰਥੀ ਘੋਲ ਵਿੱਚ ਓਥੋਂ ਦਾ ਨੌਜਵਾਨ ਵਧ-ਚੜ੍ਹ ਕੇ ਹਿੱਸਾ ਲੈ ਰਹੇ ਸੀ। ਵੀਅਤਨਾਮ ਬਨਾਮ ਅਮਰੀਕਾ ਦੇ ਸਿਆਸੀ ਦਵੰਧ ਨੇ ਉਥੋਂ ਦੀ ਨਵੀਂ ਨਸਲ ਸਾਹਵੇਂ ਨਵੇਂ ਸਵਾਲ ਖੜ੍ਹੇ ਕੀਤੇ ਹੋਏ ਸਨ। ਕਿਊਬਨ ਕ੍ਰਾਂਤੀ ਦਾ ਸੂਤਰਧਾਰ ਚੀ ਗਵੇਰਾ ਲਾਤੀਨੀ ਅਮਰੀਕਾ ਦੀ ਜਵਾਨੀ ਨੂੰ ਇਨਕਲਾਬੀ ਹੁਲਾਰਾ ਦੇਣ ਵਿੱਚ ਸਫਲ ਰਿਹਾ ਸੀ ਤੇ ਭਾਰਤ ਦੀ ਬੇਚੈਨ ਜਵਾਨੀ ਨੇ ਹਥਿਆਰ ਚੁੱਕ ਕੇ ਤੰਤਰ ਨਾਲ ਸਿੱਧੀ ਟੱਕਰ ਦਾ ਮਨ ਬਣਾਇਆ ਸੀ। ਓਦੋਂ ਦੀ ਜਵਾਨੀ ਜਿਊਣ ਦੀ ਆਜ਼ਾਦੀ, ਮੁਹੱਬਤ ਲਈ ਸਮਾਨਤਾ ਤੇ ਆਰਥਿਕਤਾ ਵਿੱਚ ਬਰਾਬਰੀ ਦੀ ਅਣਹੋਂਦ ਕਾਰਨ ਰੋਹ ਭਰੀ ਪਈ ਸੀ। ਦੁਸ਼ਿਅੰਤ ਦਾ ਕਾਵਿ-ਨਾਵਿਕ ਸਮਾਜ ਦੇ ਇਸ ਸਾਹ ਘੁੱਟਵੇਂ ਧੂੰਏਂ ਨੂੰ ਪਾੜ ਦੇਣ ਦੀ ਫਿਰਾਕ ਵਿੱਚ ਹੈ। ਉਸ ਨੇ ਆਜ਼ਾਦੀ ਦੇ ਸੁਫਨੇ ਦੇ ਖੰਡਿਤ ਹੋਣ ਨੂੰ
ਕਹਾਂ ਤੋ ਤਯ ਥਾ ਚਰਾਗਾਂ ਹਰੇਕ ਘਰ ਕੇ ਲੀਏ
ਕਹਾਂ ਚਰਾਗ ਮਯੱਸਰ ਨਹੀਂ ਸ਼ਹਿਰ ਕੇ ਲੀਏ
ਦੇ ਖਿਆਲ ਰਾਹੀਂ ਪੇਸ਼ ਕੀਤਾ। ਇਹ ਉਸ ਸਮੇਂ ਚੁੱਪ ਦੀ ਭਿਆਨਕਤਾ ਦੇ ਬਦਲ ਵਜੋਂ ਆਮ ਨੌਜਵਾਨ ਦੇ ਅਹਿਸਾਸ ਸਨ ਤੇ ਭਵਿੱਖ ਦੀਆਂ ਹਥਿਆਰਬੰਦ ਲਹਿਰਾਂ ਦੇ ਸੰਕੇਤ ਵੀ।
ਉਹ ਖੁਦ ਕਿਸੇ ਵਿਦਰੋਹੀ ਲਹਿਰ ਦਾ ਹਿੱਸਾ ਨਹੀਂ ਬਣਿਆ, ਪਰ ਪ੍ਰਬੰਧ ਨੂੰ ਚੁਣੌਤੀ ਦੇਣ ਦੇ ਸਾਹਿਤਕ ਫਰਜ਼ ਤੋਂ ਅਵੇਸਲਾ ਵੀ ਨਹੀਂ ਹੋਇਆ। ਉਸ ਦੀਆਂ ਲਿਖੀਆਂ ਇਹ ਸਤਰਾਂ ਸਤੇ ਮਨੁੱਖ ਦੀ ਐਨ ਸਟੀਕ ਤਰਜ਼ਮਾਨੀ ਲਈ ਵਾਰ ਵਾਰ ਦੁਹਰਾਈਆਂ ਗਈਆਂ।
ਹੋ ਗਈ ਹੈ ਪੀਰ ਪਰਬਤ ਸੀ ਪਿਘਲਨੀ ਚਾਹੀਏ
ਇਸ ਹਿਮਾਲਯ ਸੇ ਕੋਈ ਗੰਗਾ ਨਿਕਲਨੀ ਚਾਹੀਏ
ਮੇਰੇ ਸੀਨੇ ਮੇਂ ਨਹੀਂ ਤੋ ਤੇਰੇ ਸੀਨੇ ਮੇਂ ਸਹੀ
ਹੋ ਕਹੀਂ ਭੀ ਆਗ, ਲੇਕਿਨ ਆਗ ਜਲਨੀ ਚਾਹੀਏ।
ਉਸ ਨੇ ਰਾਜਸੀ ਵਿਰੋਧ ਨੂੰ ਸੱਤਾ ਲਈ ਨੂਰਾ ਕੁਸ਼ਤੀ ਕਹਿ ਕੇ ਹਾਲਾਤ 'ਤੇ ਤਨਜ਼ ਕੀਤਾ :
ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ
ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਨੀ ਚਾਹੀਏ।
ਬਾਅਦ ਵਿੱਚ ਜੈ ਪ੍ਰਕਾਸ਼ ਅੰਦੋਲਨ ਦੌਰਾਨ ਨੌਜਵਾਨਾਂ ਨੇ ਇਸ ਸ਼ਿਅਰ ਨੂੰ ਆਪਣਾ ਵਿਚਾਰਧਾਰਕ ਐਲਾਨ ਬਣਾ ਲਿਆ ਸੀ। ਉਸ ਦੀ ਬੇਚੈਨੀ ਆਰਥਿਕ ਨਾਬਰਾਬਰੀ ਦੇ ਰੂਪ ਵਿੱਚ ਹੀ ਸਾਕਾਰ ਨਹੀਂ ਹੁੰਦੀ ਸਗੋਂ ਸਮਾਜਕ ਵਖਰੇਵੇਂ ਵੀ ਦੁਸ਼ਿਅੰਤ ਦੀ ਸ਼ਾਇਰੀ ਦਾ ਉਘਾ ਪੱਖ ਨਹੀਂ। ਉਰਦੂ ਵਾਲਿਆਂ ਨੇ ਵੀ ਦੁਸ਼ਿਅੰਤ ਨੂੰ ਬਰਾਬਰ ਦੀ ਮਾਨਤਾ ਦਿੱਤੀ। ਨਿਦਾ ਫਾਜ਼ਲੀ ਨੇ ਭਾਰਤੀ ਗਜ਼ਲ 'ਚ ਦੁਸ਼ਿਅੰਤ ਨੂੰ ਸ਼ਾਮਲ ਕੀਤਾ ਤੇ ਉਸ ਦੀ ਸ਼ਾਇਰੀ ਦੇ ਜ਼ਿਕਰ ਬਿਨਾਂ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੀ ਅਸਲ ਤਸਵੀਰ ਅਧੂਰੀ ਰਹਿ ਜਾਣ ਦਾ ਸ਼ੰਕਾ ਜ਼ਾਹਿਰ ਕੀਤਾ।
ਦੁਸ਼ਿਅੰਤ ਦੀ ਸ਼ਾਇਰੀ ਉਸ ਦੀ ਮੌਤ ਤੋਂ ਥੋੜ੍ਹਾ ਚਿਰ ਪਹਿਲਾਂ ਕਿਤਾਬ ਰੂਪ ਵਿੱਚ ਛਪੀ। 1975 ਵਿੱਚ ਐਮਰਜੈਂਸੀ ਦੇ ਫੁਰਮਾਨ ਦੇ ਨਾਲ ਦੁਸ਼ਿਅੰਤ ਦੀ ਸ਼ਾਇਰੀ ‘ਸਾਏ ਮੇਂ ਧੂਪ' ਦੇ ਨਾਂਅ ਹੇਠ ਛਪ ਕੇ ਆਈ। ਉਸੇ ਸਾਲ ਦਸੰਬਰ 'ਚ ਉਹ 42 ਸਾਲ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋਇਆ। ਉਸ ਨੇ ਇੱਕ ਨਾਵਲ ਲਿਖਿਆ, ਦੋ ਕਿਤਾਬਾਂ ਕਵਿਤਾਵਾਂ ਦੀਆਂ ਵੀ ਮਿਲਦੀਆਂ ਹਨ ਅਤੇ ਕੁਝ ਨਾਟਕ ਵੀ, ਪਰ ‘ਸਾਏ ਮੇਂ ਧੁਪ’ ਦੇ 64 ਪੰਨਿਆਂ 'ਤੇ ਫੈਲਿਆ 52 ਗਜ਼ਲਾਂ ਨੇ ਦੁਸ਼ਿਅੰਤ ਨੂੰ ਅਮਰ ਕਰ ਦਿੱਤਾ। ਇੱਕ ਅੰਦਾਜ਼ੇ ਮੁਤਾਬਕ ਇਸ ਕਿਤਾਬ ਦੇ ਹੁਣ ਤੱਕ ਨੱਬੇ ਦੇ ਲਗਭਗ ਐਡੀਸ਼ਨ ਛਪੇ ਹਨ ਤੇ ਹਿੰਦੀ ਵਿੱਚ ਹੀ ਨਹੀਂ, ਭਾਰਤ ਦੀਆਂ ਸਾਰੀਆਂ ਜ਼ੁਬਾਨਾਂ 'ਚ ਛਪੀਆਂ ਕਿਤਾਬਾਂ ਵਿੱਚ ਸਿਖਰ ਦਾ ਥਾਂ ਰੱਖਦੀ ਹੈ।
ਯੇ ਜ਼ੁਬਾਂ ਹਮਸੇ ਸੀ ਨਹੀਂ ਜਾਤੀ,
ਜ਼ਿੰਦਗੀ ਹੈ ਕਿ ਜੀ ਨਹੀਂ ਜਾਤੀ।
**
ਦੇਖੀਏ ਉਸ ਤਰਫ ਉਜਾਲਾ ਹੈ,
ਜਿਸ ਤਰਫ ਰੌਸ਼ਨੀ ਨਹੀਂ ਜਾਤੀ।
ਗੱਲ ਸਿਰਫ ਛਪਣ ਗਿਣਤੀ ਦੀ ਵੀ ਨਹੀਂ, ਯੂਨੀਵਰਸਿਟੀਆਂ ਤੋਂ ਲੈ ਕੇ ਪਾਨ ਦੀਆਂ ਦੁਕਾਨਾਂ ਤੇ ਸੰਸਦ ਤੱਕ, ਖੱਬੇ ਪੱਖੀ ਮੰਚਾਂ ਤੋਂ ਲੈ ਕੇ ਅਟਲ ਬਿਹਾਰੀ ਵਾਜਪਾਈ ਦੇ ਭਾਸ਼ਣ ਤੱਕ, ਲਖਨਊ ਤੋਂ ਲੈ ਕੇ ਕਲਕੱਤਾ ਤੇ ਹੈਦਰਾਬਾਦ ਤੱਕ ਦੇ ਰੰਗ ਮੰਚ ਤੋਂ ਹਿੰਦੀ ਦੇ ਵਪਾਰਕ ਸਿਨੇਮੇ ਤੱਕ ਦੁਸ਼ਿਅੰਤ ਦੇ ਹਵਾਲੇ ਦੇ ਕੇ ਹਜ਼ਾਰਾਂ ਵਾਰ ਲੋਕਾਂ ਨੇ ਆਪਣੀ ਗੱਲ ਆਖੀ ਹੈ। ਪਿਛਲੇ ਸਾਲਾਂ ਵਿੱਚ ਬਣੀਆਂ ਫਿਲਮਾਂ ‘ਇਰਾਦਾ' ਤੇ ‘ਮਸਾਨ' ਵਿੱਚ ਦੁਸ਼ਿਅੰਤ ਦੀਆਂ ਗਜ਼ਲਾਂ ਆਈਆਂ ਤੇ ਨੌਜਵਾਨਾਂ ਵਿੱਚ ਬੇਹੱਦ ਮਕਬੂਲ ਹੋਈਆਂ। ਵਿਸ਼ੇਸ਼ ਤੌਰ 'ਤੇ ਫਿਲਮ ‘ਮਸਾਨ’ ਵਿੱਚ ‘ਤੂ ਕਿਸੇ ਰੇਲ ਸੀ ਗੁਜ਼ਰਤੀ ਹੈ’ ਗਜ਼ਲ ਹਰ ਜਵਾਨ ਮੁੰਡੇ-ਕੁੜੀ ਨੇ ਸੁਣੀ। ਇੱਕ ਵਾਰ ਫੇਰ ਦੁਸ਼ਿਅੰਤ ਨੂੰ ਜਾਣੇ ਜਾਣ ਦਾ ਮਾਹੌਲ ਬਣਿਆ। ਮੌਤ ਤੋਂ ਏਨੇ ਸਾਲਾਂ ਬਾਅਦ ਉਸ ਦਾ ਮੁੜ ਮੁੜ ਪ੍ਰਸੰਗਿਕ ਹੋਣਾ ਉਸ ਦੀ ਸੰਵੇਦਨਾ ਦੀ ਗਹਿਰਾਈ ਦਾ ਸਬੂਤ ਤਾਂ ਹੈ, ਨਾਲ ਭਾਰਤੀ ਲੋਕ ਤੇ ਸੱਤਾਤੰਤਰ ਦੇ ਸੰਬੰਧਾਂ ਪ੍ਰਤੀ ਉਸ ਦੇ ਅਹਿਸਾਸ ਦੀ ਸ਼ਿੱਦਤ ਦਾ ਜ਼ਾਮਨ ਵੀ ਹੈ। 2009 ਵਿੱਚ ਭਾਰਤ ਸਰਕਾਰ ਨੇ ਦੁਸ਼ਿਅੰਤ ਦੇ ਨਾਂਅ 'ਤੇ ਡਾਕ ਟਿਕਟ ਜਾਰੀ ਕੀਤੀ ਸੀ। ਅੱਜ ਵੀ ਉਹ ਕਈ ਪੀੜ੍ਹੀਆਂ ਦੇ ਬੋਲਾਂ 'ਚ ਜਿਊਂਦਾ ਹੈ ਤੇ ਨੇੜਲੇ ਭਵਿੱਖ ਵਿੱਚ ਬੋਲਾਂ ਵਿੱਚ ਵਸਦੇ ਦੁਸ਼ਿਅੰਤ ਦੇ ਹੋਰ ਜਵਾਨ ਹੋਣ ਦੀ ਭਰਪੂਰ ਉਮੀਦ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’