-ਗੁਰਸ਼ਰਨ ਕੌਰ ਮੋਗਾ
ਪਿਛਲੇ ਸਮੇਂ ਪਿੰਡਾਂ ਦੇ ਰੀਤੀ ਰਿਵਾਜ ਸਾਂਝੇ ਤੌਰ 'ਤੇ ਮਨਾਏ ਜਾਂਦੇ ਸਨ। ਸਾਡੇ ਮਾਲਵੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਸੀ। ਕਿਸੇ ਦੇ ਘਰ ਲੜਕਾ ਪੈਦਾ ਹੁੰਦਾ, ਕਿਸੇ ਦੇ ਮੁੰਡੇ ਦਾ ਮੰਗਣਾ ਹੁੰਦਾ, ਕਿਸੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਪਿੱਛੋਂ ਪਿੰਡ ਵਿੱਚ ਮਠਿਆਈ ਵੰਡੀ ਜਾਂਦੀ ਜਿਸ ਨੂੰ ਘਰ ਸੰਭਾਲਣਾ ਕਿਹਾ ਜਾਂਦਾ ਸੀ। ਸ਼ਰੀਕੇ ਦੀਆਂ ਕੁੜੀਆਂ ਮਿਲ ਕੇ ਇਹ ਮਠਿਆਈ ਜਾਂ ਭਾਜੀ ਵੰਡਦੀਆਂ ਸਨ। ਨਾਲ ਦੀ ਨਾਲ ਉਹ ਟੱਪੇ ਨੁਮਾ ਗੀਤ ਵੀ ਗਾਉਂਦੀਆਂ ਸਨ।
ਪੱਕੀ ਸੜਕ 'ਤੇ ਫੀਤਾ
ਬਈ ਮੈਂ ਘਰ ਮਾਪਿਆਂ ਦੇ
ਦੁੱਧ ਸੋਨੇ ਦੇ ਕੌਲ ਵਿੱਚ ਪੀਤਾ
ਉਹ ਕੁੜੀਆਂ ਘੱਟ ਪੜ੍ਹੀਆਂ ਲਿਖੀਆਂ ਹੁੰਦੀਆਂ, ਪਰ ਗੀਤ ਬੜੇ ਕਮਾਲ ਦੇ ਗਾਉਂਦੀਆਂ:
ਸ਼ਿੰਦਰ ਭਾਬੀ ਗੁੜ ਦੀ ਡਲੀ
ਚਾਹ ਦੀ ਪੱਤੀ ਵਿੱਚ ਦੁੱਧ ਬੱਤਖਾਂ ਦਾ ਪਾ ਦੇ
ਨੀਂ ਅਸੀਂ ਕਿਹੜਾ ਰੋਜ਼ ਆਉਣਾ
ਸਾਨੂੰ ਚਾਹ ਦੀ ਘੁੱਟ ਪਿਆ ਦੇ
ਉਨ੍ਹਾਂ ਨੇ ਬੋਲ ਬੜੇ ਹੀ ਮਿੱਠੇ ਅਤੇ ਦਿਲ ਨੂੰ ਛੂਹ ਲੈਣ ਵਾਲੇ ਹੁੰਦੇ ਸਨ। ਕਦੇ ਹਾਸਾ ਵੀ ਆਉਣਾ ਕਿ ਇਨ੍ਹਾਂ ਵਿੱਚ ਕਿਹੜੀ ਸੋਨੇ ਦੇ ਕੌਲ ਵਿੱਚ ਦੁੱਧ ਪੀਂਦੀ ਹੈ ਜਾਂ ਬੱਤਖਾਂ ਦਾ ਦੁੱਧ ਭਾਬੀ ਕਿੱਥੋਂ ਲੈ ਕੇ ਆਵੇਗੀ? ਗੀਤ ਗਾਉਂਦੀਆਂ ਕੁੜੀਆਂ ਗੁੱਸੇ ਵਿੱਚ ਕਹਿੰਦੀਆਂ, ‘ਇਨ੍ਹਾਂ ਪੜ੍ਹੀਆਂ ਲਿਖੀਆਂ ਦਾ ਦਿਮਾਗ ਖਰਾਬ ਈ ਹੁੰਦਾ, ਸਾਰਾ ਤਾਂ ਕਿਤਾਬਾਂ ਖਾ ਗਈਆਂ'। ਅਸੀਂ ਹੱਸ ਛੱਡਣਾ, ਪਰ ਇਨ੍ਹਾਂ ਗੀਤਾਂ ਨਾਲ ਬੜਾ ਮਨ ਖੁਸ਼ ਹੁੰਦਾ ਅਤੇ ਇਹ ਗੀਤ ਉਦੋਂ ਤੋਂ ਮੇਰੇ ਜ਼ਿਹਨ ਵਿੱਚ ਬੈਠੇ ਹੋਏ ਹਨ। ਇਹ ਗੀਤ ਨਾ ਤਾਂ ਟੱਪਿਆਂ ਦੀ ਤਰ੍ਹਾਂ ਗਾਏ ਜਾਂਦੇ ਹਨ ਅਤੇ ਨਾ ਵੱਡੇ ਹੇਕ ਵਾਲੇ ਗੀਤਾਂ ਦੀ ਤਰ੍ਹਾਂ ਗਾਏ ਜਾਂਦੇ ਹਨ। ਇਹ ਇਨ੍ਹਾਂ ਦਾ ਵਿਚਕਾਰਲਾ ਰੂਪ ਹੈ ਅਤੇ ਇਨ੍ਹਾਂ ਦੇ ਗਾਉਣ ਦਾ ਵੀ ਖਾਸ ਢੰਗ ਹੈ। ਪਹਿਲੀ ਲਾਈਨ ਲਮਕਾ ਕੇ ਗਾਈ ਜਾਂਦੀ ਹੈ ਅਤੇ ਦੂਜੀ ਲਾਈਨ ਦੇ ਅੱਗੇ ਕੋਈ ਯੋਜਕ ਜਿਵੇਂ ‘ਬਈ' ਜਾਂ ‘ਨੀਂ' ਆਦਿ ਲਾ ਕੇ ਗਾਇਆ ਜਾਂਦਾ ਹੈ। ਫਿਰ ਤੀਜੀ ਲਾਈਨ ਗਾਈ ਜਾਂਦੀ ਹੈ ਅਤੇ ਦੂਜੀ ਲਾਈਨ ਦੁਹਰਾਈ ਜਾਂਦੀ ਹੈ। ਇਸ ਤਰ੍ਹਾਂ ਇਹ ਗੀਤ ਪੂਰਾ ਹੁੰਦਾ ਹੈ। ਗੀਤ ਗਾਉਣ ਵਾਲੀਆਂ ਕੁੜੀਆਂ ਥਾਂ ਤੇ ਮੌਕਾ ਦੇਖ ਕੇ ਗੀਤ ਛੋਹਦੀਆਂ, ਜੇ ਨੇੜੇ ਮੁੰਡੇ ਖੜੇ ਹੁੰਦੇ ਤਾਂ ਉਹ ਗਾਉਂਦੀਆਂ:
ਚੁੱਕ ਲਿਆ ਸੜਕ ਤੋਂ ਫੀਤਾ
ਵੇ ਮੈਂ ਕੀ ਤੈਨੂੰ ਬੋਲੀ ਵੀਰਨਾ
ਕਿਹੜੀ ਗੱਲ ਤੋਂ ਸੰਧਾਰਾ ਬੰਦ ਕੀਤਾ।
ਜੇ ਸੱਥ ਕੋਲੋਂ ਲੰਘਦੀਆਂ ਤਾਂ ਉਹ ਗਾਉਂਦੀਆਂ:
ਰੱਤੜਾ ਪਲੰਘ ਰੰਗੀਲੇ ਪਾਵੇ
ਨੀਂ ਵੀਰ ਘਰ ਪੁੱਤ ਜੰਮਿਆ
ਬਾਪੂ ਮੱਝੀਆਂ ਦੇ ਸੰਗਲ ਫੜਾਵੇ।
ਚੱਕ ਚਰਖਾ ਪਰ੍ਹਾਂ ਕਰ ਪੀੜ੍ਹੀ
ਬਈ ਆਪੇ ਮਾਪੇ ਦਾਜ ਦੇਣਗੇ
ਜਿਹੜੇ ਹੋਣਗੇ ਦੁਖਾਂ ਦੇ ਸੀਰੀ
ਕਦੀ-ਕਦੀ ਉਹ ਵੈਰਾਗਮਈ ਧੁਨ ਵਿੱਚ ਗਾਉਣ ਲੱਗ ਜਾਂਦੀਆਂ:
ਸੱਜਰੇ ਗੁੜ ਦੀ ਭੇਲੀ
ਭੈਣਾਂ ਨੂੰ ਭਾਈ ਨਿੱਤ ਮਿਲਦੇ
ਕਦੇ ਵਿੱਛੜੀ ਨਾ ਮਿਲਦੀ ਸਹੇਲੀ
ਉਦੋਂ ਪਿੰਡ ਵਿੱਚ ਆਇਆ ਨਾਨਕਾ ਮੇਲ ਬੜੀਆਂ ਰੌਣਕਾਂ ਲਾਉਂਦਾ ਸੀ। ਮੇਲਣਾਂ ਦੇ ਗਾਏ ਗੀਤ ਵੀ ਬਹੁਤ ਰੌਚਕ ਹੁੰਦੇ ਸਨ। ਕਿਸੇ ਘਰ ਮੂਹਰੇ ਬੈਠੇ ਬਜ਼ੁਰਗ ਨੂੰ ਦੇਖ ਕੇ ਤੋੜਾ ਝਾੜਦੀਆਂ। ਬਜ਼ੁਰਗ ਵਿਚਾਰਾ ਬੁੜ-ਬੁੜ ਕਰਦਾ ਅੰਦਰ ਚਲਿਆ ਜਾਂਦਾ ਤੇ ਮੇਲਣਾਂ ਹੱਸ-ਹੱਸ ਦੂਹਰੀਆਂ ਹੋ ਜਾਂਦੀਆਂ। ਫਿਰ ਉਹ ਕਿਸੇ ਬਾਣੀਏ ਦੀ ਹੱਟੀ ਮੱਲ ਬਹਿੰਦੀਆਂ। ਇਕ ਦੋ ਚੀਜ਼ਾਂ ਸਾਬਣ, ਨਹੁੰ ਪਾਲਿਸ਼ ਆਦਿ ਲੈ ਕੇ ਰਾਹ ਪੈ ਜਾਂਦੀਆਂ ਅਤੇ ਗੀਤ ਗਾਉਂਦੀਆਂ:
ਸੂਤ ਦੇ ਮੰਜੇ 'ਤੇ ਵਿਛਾਈਆਂ
ਨੀਂ ਇਥੋਂ ਦੇ ਮਲੰਗ ਬਾਣੀਏ
ਸਾਨੂੰ ਯੰਗ ਹਰੜਾਂ ਨਾ ਥਿਆਈਆਂ
ਉਦੋਂ ਔਰਤਾਂ ਬਾਰਾਤ ਨਹੀਂ ਜਾਂਦੀਆਂ ਸਨ। ਉਹ ਵਿਆਹ ਵਾਲੇ ਘਰ ਵਿੱਚ ਤੇ ਪਿੰਡ ਵਿੱਚ ਸਾਧ ਸਾਧਣੀਆਂ ਦਾ ਭੇਸ ਧਾਰ ਕੇ ਜੀਅ ਖੁਸ਼ ਕਰ ਲੈਂਦੀਆਂ ਸਨ। ਰਾਤ ਨੂੰ ਜਾਗੋ ਕੱਢ ਕੇ ਲੋਕਾਂ ਦੇ ਪਰਨਾਲੇ ਪੁੱਟ ਕੇ ਅਤੇ ਅਮਲੀਆਂ ਦੀਆਂ ਮੰਜੀਆਂ ਟੇਢੀਆਂ ਕਰਕੇ ਧਮੱਚੜ ਪੁੱਟਦੀਆਂ ਹੋਈਆਂ ਦਰਸ਼ਕਾਂ ਨੂੰ ਦੇਖ ਕੇ ਮੱਛਰ ਜਾਂਦੀਆਂ:
ਖਲੋਤੀ ਕੁੜੀ ਦੇ ਚੀਕਣੀ ਮਿੱਟੀ ਦੇ ਹਾਰੇ
ਬਈ ਦੁੱਧ ਦਾ ਗਲਾਸ ਡੁੱਲ੍ਹ ਗਿਆ
ਸਾਰਾ ਟੱਬਰ ਚਿੰਘਿਆੜਾਂ ਮਾਰੇ
ਉਸ ਸਮੇਂ ਰਿਵਾਜ ਸੀ ਕਿ ਜੇ ਮੇਲਣਾਂ ਦੇ ਪਿੰਡ ਦੀ ਕੁੜੀ ਵਿਆਹ ਵਾਲੇ ਪਿੰਡ ਕਿਸੇ ਘਰ ਵਿਆਹੀ ਹੁੰਦੀ ਤਾਂ ਉਹ ਉਸ ਕੁੜੀ ਨੂੰ ਵਿਆਹ ਵਾਲੇ ਘਰੋਂ ਕੁਝ ਮਠਿਆਈ, ਜਿਸ ਨੂੰ ‘ਪੱਤਲ' ਕਿਹਾ ਜਾਂਦਾ ਸੀ, ਦੇ ਕੇ ਆਉਂਦੀਆਂ ਅਤੇ ਨਾਲ ਇਹ ਵੀ ਗਾਉਂਦੀਆਂ:
ਰਗ ਵੱਢ ਘੋਟਣਾ ਬਣਾ ਦਾਰੀਏ
ਸਾਡੇ ਆਉਂਦੀਆਂ ਦੇ
ਸਾਡੇ ਆਉਂਦੀਆਂ ਦੇ ਸ਼ਗਨ ਮਨਾ ਦਾਰੀਏ
ਗੱਲ ਕੀ, ਇਕ ਘਰ ਦੀ ਖੁਸ਼ੀ ਵਿੱਚ ਸਾਰਾ ਪਿੰਡ ਸ਼ਾਮਲ ਹੁੰਦਾ ਸੀ। ਅੱਜ ਕੱਲ੍ਹ ਪਿੰਡਾਂ ਵਿੱਚੋਂ ਸਾਰੀਆਂ ਰੌਣਕਾਂ ਗਾਇਬ ਹੋ ਗਈਆਂ ਹਨ। ਇਹ ਟੱਪੇ ਨੁਮਾ ਗੀਤ ਲੋਪ ਹੋ ਗਏ ਹਨ। ਪੈਲੇਸਾਂ ਦੇ ਵਿਆਹਾਂ ਨੇ ਸੱਭਿਆਚਾਰ ਨੂੰ ਬਹੁਤ ਖੋਰਾ ਲਾਇਆ ਹੈ। ਅੱਜ ਕੱਲ੍ਹ ਕਿਸੇ ਪਿੰਡ ਦੇ ਘਰੋਂ ਸਪੀਕਰ ਵਿੱਚੋਂ ਇਹ ਆਵਾਜ਼ ਨਹੀਂ ਆਉਂਦੀ, ‘ਫਲਾਣਾ ਸਿਹੁੰ ਦੇ ਮੁੰਡੇ ਦੇ ਮੰਗਣੇ ਦੀ ਰੋਪਣਾ ਪੈਣ ਲੱਗੀ ਹੈ, ਸਾਰੇ ਮਾਈ ਭਾਈ ਵੇਲੇ ਸਿਰ ਪਹੁੰਚ ਜਾਵੋ।' ਨਾ ਹੀ ਕੁੜੀਆਂ ਗਾਉਂਦੀਆਂ ਹਨ:
ਸੋਨੇ ਦੀ ਕਨਸ ਬਣੀ ਝਾਲਰ ਲੱਗੀਆਂ ਚੁਫੇਰੇ
ਮੰਗਣੇ ਦੀ ਬਣਤ ਬਣੀ ਮੇਰੇ ਬਾਬਲ ਦੇ ਵਿਹੜੇ
ਮੰਗਣੇ ਦੀ ਥਾਂ ਅੱਜ ਕੱਲ੍ਹ ‘ਰਿੰਗ ਸੈਰੇਮਨੀ' ਕੀਤੀ ਜਾਂਦੀ ਹੈ ਅਤੇ ਡੀ ਜੇ ਦੇ ਸ਼ੋਰ ਵਿੱਚ ਨੱਚ ਟੱਪ ਕੇ ਸਾਰ ਲਿਆ ਜਾਂਦਾ ਹੈ। ਵਿਆਹ ਪੈਲੇਸ ਵਿੱਚ ਹੋ ਜਾਂਦਾ ਹੈ ਅਤੇ ਸਾਰੇ ਪ੍ਰਾਹੁਣੇ ਉਥੇ ਹੀ ਪਹੁੰਚਦੇ ਹਨ। ਸਾਧ ਸਾਧਣੀਆਂ ਦੀ ਕਲਾ ਖਤਮ ਹੋ ਚੁੱਕੀ ਹੈ। ਜਾਗੋ ਵੀ ਬਿਜਲੀ ਦੇ ਬੱਲਬ ਜਗਾ ਕੇ ਕੱਢੀ ਜਾਂਦੀ ਹੈ। ਸਭ ਕੁਝ ਬਦਲ ਗਿਆ ਹੈ। ਸ਼ਾਇਦ ਸਾਡੇ ਪਿੰਡ ਵਿੱਚ ਮਾਘੀ ਵਾਲੇ ਦਿਨ ਲੱਗਦੇ ਮੇਲੇ ਵਿੱਚ ਮੇਰੀ ਮਰਹੂਮ ਬੀਬੀ ਅਤੇ ਤਾਈ ਦੀ ਜੋੜੀ ਵਾਂਗ ਘੱਗਰੇ ਪਾ ਕੇ ਜਾਂਦੀਆਂ ਤੇ ਗੀਤ ਗਾਉਂਦੀਆਂ ਔਰਤਾਂ ਇਹ ਗੀਤ ਅੱਜ ਵੀ ਗਾਉਂਦੀਆਂ ਹੋਣ:
ਕੱਚੀ ਕੰਧ 'ਤੇ ਘੂਕਦੀ ਊਰੀ
ਬਈ ਮਿੱਟੀ ਕੱਢ ਬਾਬੇ ਦੀ
ਤੇਰੀ ਕਰੂਗਾ ਤਿ੍ਰਸ਼ਨਾ ਪੂਰੀ।