ਨਕਸ਼ਾ ਹੁੰਦਾ ਪੰਜਾਬ ਵਿੱਚ ਸਾਫ ਲਗਦਾ,
ਕਿਹੜੀ ਸੀਟ ਉੱਤੇ ਕਿਹੜਾ ਲੜੂ ਮੀਆਂ।
ਕਿਹੜਾ ਪਾਰਟੀ ਵਿੱਚ ਹੀ ਰਹੂ ਟਿਕਿਆ,
ਕਿਹੜਾ ਵਿਹੜੇ ਬਿਗਾਨੇ ਜਾ ਵੜੂ ਮੀਆਂ।
ਉਮੀਦਵਾਰਾਂ ਦੀ ਸੂਚੀ ਸਭ ਆਈ ਜਾਂਦੀ,
ਸਾਫ ਹੁੰਦਾ ਕਿਸ ਨਾਲ ਕੌਣ ਅੜੂ ਮੀਆਂ।
ਕਿਸ ਨੂੰ ਮਿਲੀ ਹੈ ਟਿਕਟ ਤਾਂ ਖੁਸ਼ ਹੋਊ,
ਕਿਹੜਾ ਵੇਖ ਉਸ ਨੂੰ ਪਿਆ ਸੜੂ ਮੀਆਂ।
ਖੇਡ ਹਾਲੇ ਤੱਕ ਧਿਰਾਂ ਜਾਂ ਆਗੂਆਂ ਵਿੱਚ,
ਚਰਚਾ ਸੱਥਾਂ ਦੇ ਅੰਦਰ ਨਾ ਛਿੜੀ ਮੀਆਂ।
ਗੱਡੀ ਭਾਰਤ ਦੀ ਟਿਕੀ ਆ ਜੈੱਕ ਉੱਪਰ,
ਐਵੇਂ ਟਾਇਰ ਇਹਦੇ ਜਾਣ ਗਿੜੀ ਮੀਆਂ।
-ਤੀਸ ਮਾਰ ਖਾਂ