ਵਿਗੜਦੀ ਆਗੂਆਂ ਦੀ ਜਾਂਦੀ ਬੋਲ-ਬਾਣੀ,
ਜੋ ਵੀ ਮੂੰਹ ਆਵੇ, ਜਾਂਦੇ ਫਿਰ ਬੋਲ ਬੇਲੀ।
ਲੱਗਦਾ ਲੋਕਾਂ ਨੂੰ ਇਹੋ ਜਿਹਾ ਕਈ ਵਾਰੀ,
ਕੁਚੱਜੇ ਲਫਜ਼ ਭਾਲਣ ਲੀਡਰ ਟੋਲ ਬੇਲੀ।
ਫਸ ਜਾਣ ਜਦੋਂ ਤਾਂ ਇਹੋ ਦਲੀਲ ਵਰਤਣ,
ਐਵੇਂ ਕਿਹਾ ਗਿਆ ਸ਼ਬਦ ਅਣਭੋਲ ਬੇਲੀ।
ਕਹੇ ਸ਼ਬਦ ਦੇ ਅਰਥ ਕੁਝ ਇਸ ਤਰ੍ਹਾਂ ਦੇ,
ਬਚੀ ਨਹੀਂ ਸ਼ਰਮ-ਹਯਾ ਉਸ ਕੋਲ ਬੇਲੀ।
ਸੂਬਾ ਭਾਰਤ ਦਾ ਕਦੇ ਕੋਈ ਵੇਖ ਲਉ ਤਾਂ,
ਉੱਨੀ-ਇੱਕੀ ਦਾ ਮਸਾਂ ਇਹ ਫਰਕ ਬੇਲੀ।
ਪੁਰਾਤਨ ਯੁੱਗਾਂ ਦਾ ਸਾਊ ਹੈ ਦੇਸ਼ ਜਿਹੜਾ,
ਬਣਾਇਆ ਲੀਡਰਾਂ ਪਿਆ ਹੈ ਨਰਕ ਬੇਲੀ।
-ਤੀਸ ਮਾਰ ਖਾਂ