ਚੋਣਾਂ, ਚੋਣਾਂ ਤੇ ਸੋਚੀ ਜਾਉ ਸਿਰਫ ਚੋਣਾਂ,
ਸੁਣਦੀ ਚੋਣਾਂ ਤੋਂ ਬਿਨਾਂ ਨਹੀਂ ਗੱਲ ਬੇਲੀ।
ਕਲੱਬਾਂ ਵਿੱਚ ਜੋ ਹੁੰਦੇ ਸਨ ਕੱਲ੍ਹ ਤੀਕਰ,
ਗਰੀਬ ਵਿਹੜਿਆਂ ਵੱਲ ਪਏ ਚੱਲ ਬੇਲੀ।
ਤਾਸ਼ ਵਾਲਿਆਂ ਦੀ ਢਾਣੀ ਦਿੱਸ ਪਈ ਤਾਂ,
ਸੀਪ ਲਾਉਣ ਦਾ ਦੱਸੀ ਜਾਣ ਵੱਲ ਬੇਲੀ।
ਮੰਦਰ ਜਾਉ ਤੋਂ ਸੰਗਤ ਤੋਂ ਲੰਘ ਮੂਹਰੇ,
ਖੜਕਾਈ ਜਾਂਦੇ ਆ ਪ੍ਰਭੂ ਦੇ ਟੱਲ ਬੇਲੀ।
ਵਿਆਹ ਸ਼ਾਦੀ ਜਾਂ ਕਿਸੇ ਥਾਂ ਮਰਗ ਹੋਵੇ,
ਅੱਗੇ ਬਾਕੀਆਂ ਤੋਂ ਜਾਂਦੇ ਈ ਬਹਿ ਬੇਲੀ।
ਤੌੜੀਆਂ ਵਾਂਗ ਪਿਆ ਰਿੱਝਦਾ ਰਹੇ ਬੰਦਾ,
ਸਕਦਾ ਆਗੂ ਨੂੰ ਕੱਖ ਨਹੀਂ ਕਹਿ ਬੇਲੀ।
-ਤੀਸ ਮਾਰ ਖਾਂ