99 ਹਿੰਦੂਆਂ ਦਾ ਕਤਲੇਆਮ ਰੋਹਿੰਗਿਆ ਬਾਗੀਆਂ ਦਾ ਕੀਤਾ ਨਿਕਲਿਆ


ਯੰਗੂਨ, 24 ਮਈ (ਪੋਸਟ ਬਿਊਰੋ)- ਮਿਆਂਮਾਰ ‘ਚ ਰੋਹਿੰਗਿਆ ਬਾਗੀਆਂ ਨੇ ਪਿਛਲੇ ਸਾਲ 99 ਹਿੰਦੂਆਂ ਦਾ ਕਤਲੇਆਮ ਕੀਤਾ ਸੀ। ਇਨ੍ਹਾਂ ‘ਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਇਹ ਪ੍ਰਗਟਾਵਾ ਬੀਤੇ ਦਿਨ ਸਾਹਮਣੇ ਆਈ ਐਮਨੇਸਟੀ ਇੰਟਰਨੈਸ਼ਨਲ ਦੀ ਇੱਕ ਜਾਂਚ ਰਿਪੋਰਟ ‘ਚ ਹੋਇਆ ਹੈ।
ਅੱਤਵਾਦੀਆਂ ਦੀ ਪਕੜ ਤੋਂ ਬਚ ਕੇ ਆਏ ਇੱਕ ਵਿਅਕਤੀ ਨੇ ਏਜੰਸੀ ਨੂੰ ਦੱਸਿਆ ਕਿ 25-26 ਅਗਸਤ 2017 ਨੂੰ ਰੋਹਿੰਗਿਆ ਅੱਤਵਾਦੀਆਂ ਨੇ ਰਖਾਈਨ ਸੂਬੇ ‘ਚ ਹਿੰਦੂਆਂ ਦੇ ਦੋ ਪਿੰਡਾਂ ‘ਤੇ ਹਮਲਾ ਕਰ ਕੇ ਸੈਂਕੜੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਇਸ ਰਿਪੋਰਟ ‘ਤੇ ਮਿਆਂਮਾਰ ਸਰਕਾਰ ਵੱਲੋਂ ਹਾਲੇ ਕੋਈ ਟਿੱਪਣੀ ਨਹੀਂ ਆਈ। ਇਸ ਰਿਪੋਰਟ ਮੁਤਾਬਕ ਸਾਲ 2017 ਦੇ ਮੱਧ ‘ਚ ਅਰਾਕਨ ਰੋਹਿੰਗਿਆ ਸਾਲਵੇਸ਼ਨ ਆਰਮੀ (ਏ ਆਰ ਐੱਸ ਏ) ਨੇ ਮਨੁੱਖੀ ਅਧਿਕਾਰਾਂ ਦਾ ਬੜਾ ਗੰਭੀਰ ਉਲੰਘਣਾ ਕੀਤਾ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬੰਦੀ ਬਣਾਇਆ ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਕਤਲੇਆਮ ਕਰਨ ਲਈ ਰੋਹਿੰਗਿਆ ਅੱਤਵਾਦੀਆਂ ਨੇ ਸਥਾਨਕ ਪੇਂਡੂਆਂ ਦੀ ਭਰਤੀ ਵੀ ਕੀਤੀ। ਇਸ ਮੌਕੇ ਸੁਰੱਖਿਆ ਫੌਜਾਂ ਨਾਲ ਉਨ੍ਹਾਂ ਦੀ ਝੜਪ ਚੱਲ ਰਹੀ ਸੀ। ਰੋਹਿੰਗਿਆ ਅੱਤਵਾਦੀਆਂ ਦੇ ਕਬਜ਼ੇ ਤੋਂ ਬਚ ਕੇ ਆਏ ਵਿਅਕਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੀਤੇ ਸਾਲ 25 ਅਗਸਤ ਨੂੰ ਰੋਹਿੰਗਿਆ ਅੱਤਵਾਦੀਆਂ ਨੇ ਹਿੰਦੂਆਂ ਦੇ ਪਿੰਡ ਮੌਂਗਦਾਵ ‘ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ 69 ਲੋਕਾਂ ਨੂੰ ਅਗਵਾ ਕਰ ਲਿਆ। ਇਨ੍ਹਾਂ ‘ਚ ਕਈ ਮਰਦ, ਔਰਤਾਂ ਤੇ ਉਨ੍ਹਾਂ ਦੇ ਬੱਚੇ ਸ਼ਾਮਲ ਸਨ। ਜ਼ਿਆਦਾ ਦੀ ਹੱਤਿਆ ਕਰ ਦਿੱਤੀ ਗਈ। ਇਸ ਦੇ ਅਗਲੇ ਦਿਨ ਨੇੜਲੇ ਇੱਕ ਪਿੰਡ ਦੇ 46 ਲੋਕ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਏ ਸਨ। ਐਮਨੇਸਟੀ ਇੰਟਰਨੈਸ਼ਨਲ ਦੇ ਡਾਇਰੈਕਟਰ ਤਿਰਾਨ ਹਸਨ ਨੇ ਕਿਹਾ ਕਿ ਇਹ ਘਟਨਾ ਕਾਫੀ ਘਿਨਾਉਣੀ ਸੀ। ਰੋਹਿੰਗਿਆ ਅੱਤਵਾਦੀਆਂ ਨੇ ਸੈਂਕੜੇ ਹਿੰਦੂਆਂ ਨੂੰ ਬੰਦੀ ਬਣਾਇਆ। ਉਨ੍ਹਾਂ ਦੇ ਪਿੰਡ ਦੇ ਬਾਹਰ ਔਰਤਾਂ ਅਤੇ ਬੱਚਿਆਂ ਦੀ ਹੱਤਿਆ ਕਰ ਦਿੱਤੀ ਗਈ। ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।