9/11 ਦੇ ਕਾਂਡ ਲਈ ਜਹਾਜ਼ ਕੰਪਨੀਆਂ ਹੁਣ ਡਬਲਯੂ ਟੀ ਸੀ ਨੂੰ 95.1 ਮਿਲੀਅਨ ਡਾਲਰ ਦੇਣਗੀਆਂ


ਨਿਊ ਯਾਰਕ, 23 ਨਵੰਬਰ (ਪੋਸਟ ਬਿਊਰੋ)- ਵਰਲਡ ਟਰੇਡ ਸੈਂਟਰ (ਡਬਲਯੂ ਟੀ ਸੀ) ਦੀ ਮਾਲਕੀ ਵਾਲੀ ਕੰਪਨੀ ਦਾ ਅਮਰੀਕਨ ਏਅਰਲਾਈਨਸ ਤੇ ਯੂਨਾਈਟਿਡ ਏਅਰਲਾਈਨਸ ਨਾਲ ਸਮਝੌਤਾ ਹੋ ਗਿਆ ਹੈ। 11 ਸਤੰਬਰ 2001 ਨੂੰ ਹੋਏ ਸਨਸਨੀਖੇਜ ਅੱਤਵਾਦੀ ਹਮਲੇ ਵਿੱਚ ਵਰਲਡ ਟ੍ਰੇਡ ਸੈਂਟਰ ਦੇ ਦੋ ਟਾਵਰ ਢਹਿ ਗਏ ਸਨ। ਇਨ੍ਹਾਂ ਟਾਵਰਾਂ ਨੂੰ ਇਨ੍ਹਾਂ ਜਹਾਜ਼ ਕੰਪਨੀਆਂ ਦੇ ਯਾਤਰੀ ਜਹਾਜ਼ਾਂ ਦੀ ਟੱਕਰ ਨਾਲ ਡੇਗਿਆ ਗਿਆ ਸੀ। ਹੁਣ ਇਨ੍ਹਾਂ ਦੋਵਾਂ ਟਾਵਰਾਂ ਦੇ ਮਾਲਕਾਂ ਨੂੰ 616 ਕਰੋੜ ਰੁਪਏ ਮਿਲਣਗੇ ਅਤੇ ਇਹ ਸਮਝੌਤਾ ਸਿਰੇ ਚੜ੍ਹ ਜਾਵੇਗਾ।
ਵਰਲਡ ਟਰੇਡ ਸੈਂਟਰ ਦੇ ਮਾਲਕ ਨੇ ਜਹਾਜ਼ ਕੰਪਨੀਆਂ ਤੋਂ ਹਾਦਸੇ ਲਈ ਹਰਜਾਨਾ ਮੰਗਿਆ ਸੀ। 13 ਸਾਲ ਚੱਲੀ ਮੁਕੱਦਮੇਬਾਜ਼ੀ ਦੇ ਬਾਅਦ ਦੋਵੇਂ ਧਿਰਾਂ ਅਦਾਲਤ ਦੇ ਬਾਹਰ ਸਮਝੌਤਾ ਕਰਨ ਲਈ ਤਿਆਰ ਹੋ ਗਈਆਂ। ਸਮਝੌਤੇ ਵਜੋਂ ਇਹ ਦੋਵੇਂ ਜਹਾਜ਼ ਕੰਪਨੀਆਂ 95.1 ਮਿਲੀਅਨ ਡਾਲਰ ਦੀ ਰਕਮ ਵਰਲਡ ਟ੍ਰੇਡ ਸੈਂਟਰ ਦੇ ਮਾਲਕ ਨੂੰ ਅਦਾ ਕਰਨਗੀਆਂ। ਅਦਾਲਤ ਵਿੱਚ ਕੱਲ੍ਹ ਦਾਖਲ ਕੀਤੇ ਗਏ ਸਮਝੌਤਾ ਪੱਤਰ ਦੇ ਮੁਤਾਬਕ ਜਹਾਜ਼ਾਂ ਦਾ ਬੀਮਾ ਕਰਨ ਵਾਲੀ ਕੰਪਨੀ ਵਰਲਡ ਟਰੇਡ ਸੈਂਟਰ ਦੀ ਕੰਪਨੀ ਨੂੰ ਰਕਮ ਭੁਗਤਾਨ ਕਰੇਗੀ। ਅੱਤਵਾਦੀ ਹਮਲੇ ਦੇ ਸਮੇਂ ਵਰਲਡ ਟਰੇਡ ਸੈਂਟਰ ਦਾ ਮਾਲਕ ਲੈਰੀ ਸਿਲਵਰਸਟੀਨ ਸੀ। ਹਮਲੇ ਤੋਂ ਛੇ ਹਫਤੇ ਪਹਿਲਾਂ ਸਿਲਵਰਸਟੀਨ ਨੇ ਨਿਊ ਯਾਰਕ ਐਂਡ ਨਿਊਜਰਸੀ ਪੋਰਟ ਅਥਾਰਟੀ ਤੋਂ ਵਰਲਡ ਟਰੇਡ ਸੈਂਟਰ ਦਾ 99 ਸਾਲ ਦੇ ਲਈ ਮਲਿਕਾਨਾ ਹੱਕ ਲਿਆ ਸੀ। ਅੱਤਵਾਦੀ ਹਮਲੇ ਵਿੱਚ ਦੋਵੇਂ ਟਾਵਰ ਢਹਿ ਗਏ ਅਤੇ 2750 ਲੋਕ ਮਾਰੇ ਗਏ ਸਨ। ਘਟਨਾ ਦੇ ਲਈ ਸਿਵਲਰਸਟੀਨ ਨੇ ਕਈ ਸਾਲ ਦੀ ਗੱਲਬਾਤ ਦੇ ਬਾਅਦ ਟਾਵਰਾਂ ਦਾ ਬੀਮਾ ਕਰਨ ਵਾਲੀ ਕੰਪਨੀ ਤੋਂ 4.55 ਬਿਲੀਅਨ ਡਾਲਰ ਦਾ ਹਰਜਾਨਾ ਲਿਆ ਸੀ, ਪਰ ਜਹਾਜ਼ ਕੰਪਨੀਆਂ ਤੋਂ ਨੁਕਸਾਨ ਦਾ ਹਰਜਾਨਾ ਲੈਣ ਲਈ ਉਨ੍ਹਾਂ ਦਾ ਮੁਕੱਦਮਾ ਚੱਲ ਰਿਹਾ ਸੀ।