9 ਬੱਚੇ ਪਤੀ ਕੋਲ ਛੱਡ ਕੇ ਫੇਸਬੁੱਕ ਫਰੈਂਡ ਨਾਲ ਤੁਰ ਗਈ


ਲੰਡਨ, 14 ਨਵੰਬਰ (ਪੋਸਟ ਬਿਊਰੋ)- ਕਿਸੇ ਨੇ ਸੱਚ ਕਿਹਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਇੰਗਲੈਂਡ ਦੇ ਬੋਲਡਨ ਵਿਚ ਰਹਿਣ ਵਾਲੀ 44 ਸਾਲਾ ਹੇਦੀ ਹੇਪਵਰਥ ਨੂੰ ਫੇਸਬੁੱਕ ਉੱਤੇ 30 ਸਾਲਾ ਨੌਜਵਾਨ ਨਾਲ ਪਿਆਰ ਹੋ ਗਿਆ। ਪਿਆਰ ਦਾ ਰੰਗ ਹੇਦੀ ਉੱਤੇ ਇਸ ਤਰ੍ਹਾਂ ਚੜ੍ਹਿਆ ਕਿ ਉਹ ਆਪਣੇ 9 ਬੱਚਿਆਂ ਅਤੇ ਪਤੀ ਨੂੰ ਛੱਡ ਕੇ ਉਸ ਨੌਜਵਾਨ ਨਾਲ ਰਹਿ ਰਹੀ ਹੈ। ਇਸ ਨੌਜਵਾਨ ਦਾ ਨਾਂ ਮਮਾਦੂ ਹੈ ਅਤੇ ਉਹ ਕਿਸੇ ਹੋਰ ਦੇਸ਼ ਵਿਚ ਰਹਿੰਦਾ ਹੈ।
ਹੇਦੀ ਦੇ ਪਤੀ ਐਂਡੀ ਨੇ ਮਮਾਦੂ ਉੱਤੇ ਹੇਦੀ ਦਾ ਬ੍ਰੇਨਵਾਸ਼ ਕਰਨ ਦੇ ਦੋਸ਼ ਲਾਏ ਹਨ। ਮਮਾਦੂ ਪੱਛਮੀ ਅਫਰੀਕਾ ਦੇ ਗਾਂਬੀਆ ਦਾ ਵਸਨੀਕ ਦੱਸਿਆ ਗਿਆ ਹੈ। ਹੇਦੀ ਦੀ ਉਸ ਨਾਲ ਮੁਲਾਕਾਤ ਫੇਸਬੁੱਕ ਉੱਤੇ ਹੋਈ ਸੀ। ਕਾਫੀ ਦੇਰ ਗੱਲਾਂ ਕਰਨ ਮਗਰੋਂ ਹੇਦੀ ਨੇ ਮਮਾਦੂ ਕੋਲ ਜਾਣ ਦਾ ਫੈਸਲਾ ਲਿਆ। ਐਂਡੀ ਨੇ ਦੱਸਿਆ ਕਿ ਉਸ ਦੀ ਪਤਨੀ ਮਮਾਦੂ ਦੇ ਪਿਆਰ ਵਿਚ ਇੰਨੀ ਪਾਗਲ ਹੋ ਗਈ ਕਿ ਜ਼ਿੰਦਗੀ ਵਿਚ ਉਸ ਨੇ ਪਹਿਲੀ ਵਾਰੀ ਇੰਗਲੈਂਡ ਤੋਂ ਬਾਹਰ ਪੈਰ ਰੱਖਿਆ। ਹੇਦੀ ਬੀਤੇ ਮਹੀਨੇ ਮਮਾਦੂ ਨੂੰ ਮਿਲਣ ਅਫਰੀਕਾ ਗਈ। ਉਸ ਦੇ ਪਤੀ ਐਂਡੀ ਦਾ ਕਹਿਣਾ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਹੇਦੀ ਦੀ ਜ਼ਿੰਦਗੀ ਬਦਲ ਗਈ ਸੀ ਤੇ ਉਸ ਨੇ ਖੁਦ ਨੂੰ ਮੇਕਓਵਰ ਕੀਤਾ ਸੀ। ਉਸ ਨੇ ਆਪਣੇ ਸਰੀਰ ਉੱਤੇ ਟੈਟੂ ਵੀ ਬਣਵਾਇਆ। ਐਂਡੀ ਮੁਤਾਬਕ ਉਸ ਨੂੰ ਲੱਗਦਾ ਸੀ, ਜਿਵੇਂ ਹੇਦੀ ਦੇ ਸਰੀਰ ਵਿਚ ਕੋਈ ਏਲੀਅਨ ਸਮਾਂ ਗਿਆ ਹੋਵੇ। ਪਹਿਲਾਂ ਉਹ ਬਹੁਤ ਕੇਅਰਿੰਗ ਸੀ। ਦੋਵਾਂ ਦਾ ਰਿਸ਼ਤਾ 23 ਸਾਲ ਪੁਰਾਣਾ ਸੀ। ਹੇਦੀ ਦਾ ਐਂਡੀ ਤੋਂ ਪਹਿਲਾਂ ਕਿਸੇ ਹੋਰ ਨਾਲ ਵੀ ਰਿਸ਼ਤਾ ਸੀ। ਉਸ ਰਿਸ਼ਤੇ ਤੋਂ ਉਸ ਦੇ ਤਿੰਨ ਬੱਚੇ ਸਨ। ਐਂਡੀ ਮੁਤਾਬਕ ਉਸ ਨੇ ਹੇਦੀ ਦੇ ਪਹਿਲੇ ਤਿੰਨ ਬੱਚਿਆਂ ਨੂੰ ਆਪਣਾ ਸਮਝ ਕੇ ਪਾਲਿਆ। ਇਸ ਪੂਰੇ ਕੇਸ ਵਿਚ ਹੇਦੀ ਨੇ ਕਿਹਾ ਕਿ ਨਵੇਂ ਰਿਸ਼ਤੇ ਵਿਚ ਮੇਰਾ ਪਹਿਲਾ ਵਿਆਹ ਵੱਡੀ ਮੁਸ਼ਕਲ ਸੀ। ਹੇਦੀ ਹੁਣ ਆਪਣੇ ਪਤੀ ਤੋਂ ਤਲਾਕ ਚਾਹੁੰਦੀ ਹੈ। ਉਸ ਦੇ ਇਕ ਗੁਆਂਢੀ ਨੇ ਇਸ ਜੋੜੇ ਵਿਚ ਝਗੜਾ ਹੋਣ ਮਗਰੋਂ ਬੱਚਿਆਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਦੇ ਸਕੂਲ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ।