ਛੀਉੜੰਬਾ

ਫੁੱਟਬਾਲ ਦਾ ਵਰਲਡ ਕੱਪ ਚੱਲ ਰਿਹੈ! ਚੱਲੀ ਜਾਂਦੈ ਤਾਂ ਚੱਲੀ ਜਾਣ ਦਿਓ! ਸਾਡੀ ਦਿਲਚਸਪੀ ਜੋਗਾ ਨਜ਼ਾਰਾ ਤਾਂ ਮੀਡੀਆ ਚੈਨਲਾਂ ਵਾਲੇ ਵੀ ਪੇਸ਼ ਕਰੀ ਜਾਂਦੇ ਨੇ! ਹੱਥ ਨਾ ਪਹੁੰਚੇ ਤਾਂ ਥੂਹ ਕੌੜੀ! ਜਿਹੜੇ ਮੈਚ ਵੇਖਣ ਬਰਾਜ਼ੀਲ  ਨੂੰ ਗਏ ਨੇ, ਉਹ ਪੈਸੇ ਖਰਚ ਕਰ ਕੇ ਖਾਲੀ ਹੱਥੀਂ ਮੁੜੇ ਆਉਣਗੇ! ਜਿਹੜੀਆਂ ਕਹਾਣੀਆਂ ਅਸੀਂ ਭਾਰਤ ਵਿੱਚ ਬੈਠ ਕੇ ਖੇਡਾਂ ਦੇ ਚੈਨਲਾਂ ਤੋਂ ਵੇਖ ਲਈਆਂ, ਉਨ੍ਹਾਂ ਨੂੰ ਬੇਹੀਆਂ ਕਰ ਕੇ ਉਹ ਆਣ ਸਾਨੂੰ ਸੁਣਾਉਣਗੇ! ਬਰਾਜ਼ੀਲ ਪਹੁੰਚ ਕੇ ਜਦੋਂ ਕੋਈ ਘਰ ਨੂੰ ਫੋਨ ਕਰਦੈ ਤਾਂ ਪਹਿਲੀ ਗੱਲ ਇਹ ਦੱਸਦੈ ਕਿ ਏਥੇ ਹੋਟਲ ਸਾਰੇ ਭਰ ਜਾਣ ਪਿੱਛੋਂ ਸਥਾਨਕ ਲੋਕ ਘਰਾਂ ਨੂੰ ਹੋਟਲ ਬਣਾ ਕੇ ਕਿਰਾਏ ਉੱਤੇ ਦੇਈ ਜਾਂਦੇ ਨੇ ਤੇ ਆਪ ਕਿਸੇ ਪਾਰਕ ਵਿੱਚ ਰਾਤ ਨੂੰ ਕਾਰ ਵਿੱਚ ਸੌਂ ਕੇ ਵੀ ਗੁਜ਼ਾਰਾ ਕਰੀ ਜਾਂਦੇ ਨੇ! ਭਾਰਤ ਦੇ ਲੋਕ ਓਥੋਂ ਦੇ ਲੋਕਾਂ ਦੀ ਮਹਿਮਾਨ ਨਵਾਜ਼ੀ ਤੋਂ ਹੈਰਾਨ ਹੋਈ ਜਾਂਦੇ ਨੇ! ਇਸ ਤਰ੍ਹਾਂ ਘਰ ਕਿਰਾਏ ਉੱਤੇ ਦੇਣੇ ਮਹਿਮਾਨ ਨਵਾਜ਼ੀ ਨਹੀਂ, ਚਾਰ ਪੈਸੇ ਕਮਾਉਣ ਦਾ ਮੌਕਾ ਵਰਤਣ ਦੀ ਕਲਾ ਹੁੰਦੀ ਹੈ!

ਜਿਹੜੀ ਗੱਲ ਓਥੇ ਗਏ ਸਾਡੇ ਭਾਰਤੀ ਲੋਕਾਂ ਨੂੰ ਬਹੁਤੀ ਪੁੱਛੀ ਜਾਂਦੀ ਹੈ ਤੇ ਭਾਰਤ ਵਿੱਚ ਕੋਈ ਕਰਨ ਦੀ ਲੋੜ ਨਹੀਂ ਸਮਝਦਾ, ਉਹ ਕੁਝ ਹੋਰ ਤਰ੍ਹਾਂ ਦੀ ਹੈ! ਮੈਚ ਵੇਖਣ ਪਿੱਛੋਂ ਜਦੋਂ ਰਾਤ ਨੂੰ ਕਿਸੇ ਰੈਸਟੋਰੈਂਟ ਵਿੱਚ ਲੋਕਾਂ ਦੀ ਭੀੜ ਜੁੜਦੀ ਹੈ, ਕੋਈ ਵਿਦੇਸ਼ੀ ਕਿਸੇ ਭਾਰਤੀ ਨੂੰ ਪੁੱਛ ਬਹਿੰਦੈ: ‘ਇੰਡੀਆ ਇਸ ਵਾਰ ਕਿਉਂ ਨਹੀਂ ਖੇਡ ਰਿਹਾ?’ ਭਾਰਤੀ ਦਰਸ਼ਕ ਇਹ ਨਹੀਂ ਕਹਿੰਦਾ ਕਿ ਉਹ ਕਦੇ ਨਹੀਂ ਖੇਡ ਸਕਿਆ, ਸਗੋਂ ਇਹ ਕਹਿੰਦੈ ਕਿ ‘ਇਟਸ ਬੈਡ ਲੱਕ’! ਬਾਅਦ ਵਿੱਚ ਜਦੋਂ ਉਹ ਇਕੱਲਾ ਬੈਠਦੈ ਤਾਂ ਇਹ ਸੋਚਦੈ ਕਿ ਇਹ ਲੱਕ ਨੂੰ ਮਰੋੜੇ ਦਾ ਮਾੜਾ-ਮੋਟਾ ‘ਬੈਡ ਲੱਕ’ ਨਹੀਂ, ਲੰਮੀ ਬਿਮਾਰੀ ਵਾਲਾ ਵਲਾਵਾਂ ਲੱਕ ਨੂੰ ਪੈ ਗਿਆ ਜਾਪਦੈ! ਫਿਰ ਉਹ ਭਾਰਤ ਵਿੱਚ ਆਪਣੇ ਕਿਸੇ ਸੱਜਣ ਨੂੰ ਫੋਨ ਕਰ ਕੇ ਹਾਲ-ਹਵਾਲ ਪੁੱਛੇ ਤਾਂ ਵਿਚਾਲੇ ਇਸ ‘ਬੈਡ ਲੱਕ’ ਦੀ ਚਰਚਾ ਦਾ ਜਿ਼ਕਰ ਵੀ ਆ ਜਾਂਦੈ! ਜਵਾਬ ਇਸ ਦਾ ਕਿਸੇ ਕੋਲ ਹੁੰਦਾ ਨਹੀਂ ਤੇ ਹਰ ਕੋਈ ਟਰਕਾ ਜਾਂਦੈ! ਇੰਜ ਕਰਨ ਦੀ ਥਾਂ ਕੋਈ ਤਾਂ ਜਵਾਬ ਦੇਣਾ ਚਾਹੀਦੈ!

ਤੁਸੀਂ ਇਹ ਕਹੋਗੇ ਕਿ ਜਦੋਂ ਕੋਈ ਜਵਾਬ ਨਹੀਂ ਦੇ ਰਿਹਾ ਤਾਂ ਛੀਉੜੰਬਾ ਇਸ ਦਾ ਜਵਾਬ ਦੇ ਜਾਵੇ! ਜਵਾਬ ਵਿੱਚ ਜਵਾਬ ਤਾਂ ਛੀਉੜੰਬਾ ਦੇਵੇਗਾ ਨਹੀਂ, ਹੋਰ ਪਾਸੇ ਨੂੰ ਕਹਾਣੀ ਦੇ ਪੇਚ ਘੁੰਮਾ ਦੇਵੇਗਾ!

ਮਿੱਤਰ ਜੀਓ, ਸ਼ਾਇਰ ਇਕਬਾਲ ਨੇ ਕਿਹਾ ਸੀ ਕਿ ਜਦੋਂ ਯੂਨਾਨ, ਮਿਸਰ ਅਤੇ ਰੋਮ ਦੀਆਂ ਸੱਭਿਅਤਾਵਾਂ ਵੀ ਸੰਸਾਰ ਦੇ ਨਕਸ਼ੇ ਤੋਂ ਮਿਟ ਗਈਆਂ, ਕੋਈ ਰਾਜ਼ ਹੀ ਹੈ ਕਿ ਭਾਰਤ ਦੀ ਹਸਤੀ ਇਸ ਦੇ ਬਾਅਦ ਵੀ ਮਿਟਦੀ ਨਹੀਂ ਤੇ ਮਿਟਣੀ ਵੀ ਨਹੀਂ! ਇਸ ਦੀਆਂ ਜੜ੍ਹਾਂ ਨੂੰ ਭ੍ਰਿਸ਼ਟਾਚਾਰ ਦੀ ਸਿਓਂਕ ਲੱਗ ਗਈ, ਹਸਤੀ ਫਿਰ ਵੀ ਕਾਇਮ ਹੈ! ਸ਼ਾਇਰ ਨੂੰ ਇਸ ਦਾ ਰਾਜ਼ ਨਹੀਂ ਲੱਭਦਾ! ਛੀਉੜੰਬਾ ਕਹੇਗਾ ਕਿ ਇਹ ਰਾਜ਼ ਏਦਾਂ ਹੀ ਰਾਜ਼ ਰਹਿਣਾ ਚਾਹੀਦਾ ਹੈ! ਨਾਲ ਇਹ ਵੀ ਕਹੇਗਾ ਕਿ ਹੋਰ ਵੀ ਸੱਭਿਅਤਾਵਾਂ ਬਣਦੀਆਂ ਤੇ ਮਿਟਦੀਆਂ ਹਨ ਤਾਂ ਆਪਣੇ ਨਕਸ਼ ਬਦਲਦੀਆਂ ਰਹਿਣ, ਭਾਰਤ ਦੀ ਹੋਂਦ ਅਤੇ ਹਸਤੀ ਕਾਇਮ ਰਹਿਣੀ ਚਾਹੀਦੀ ਹੈ, ਗੁਜ਼ਾਰੇ ਜੋਗੀ ਦੇਰ ਤੱਕ ਕਾਇਮ ਰਹਿਣੀ ਚਾਹੀਦੀ ਹੈ!

ਕੋਈ ਪੁੱਛੇਗਾ ਕਿ ਗੁਜ਼ਾਰੇ ਜੋਗੀ ਦੇਰ ਕਿੰਨਾ ਕੁ ਚਿਰ?

ਏਥੇ ਆਣ ਕੇ ਛੀਉੜੰਬਾ ਇੱਕ ਹੋਰ ਕਿੱਸਾ ਛੋਹ ਬੈਠੇਗਾ! ਇੱਕ ਵਾਰੀ ਇੱਕ ਬੰਦੇ ਨੇ ਭਗਤੀ ਕੀਤੀ ਤੇ ਫਿਰ ਇੱਕ ਵਰ ਮੰਗ ਲਿਆ: ‘ਗੁਜ਼ਾਰੇ ਜੋਗੀ ਉਮਰ ਮਿਲ ਜਾਵੇ!’ ਫਰਿਸ਼ਤਾ ਉਸ ਦੀ ਲੰਮੀ ਉਮਰ ਪੁੱਛਣ ਆਇਆ! ਬੰਦਾ ਇਹੋ ਕਹੀ ਜਾਵੇ ਕਿ ‘ਬਹੁਤੀ ਉਮਰ ਨਹੀਂ ਚਾਹੀਦੀ, ਬਸ ਗੁਜ਼ਾਰੇ ਜੋਗੀ ਉਮਰ ਦੇ ਦਿਓ!’

ਫਰਿਸ਼ਤੇ ਨੇ ਪੁੱਛਿਆ: ‘ਡੇਢ ਸੌ ਸਾਲ ਲਿਖ ਦਿਆਂ ਕਿ ਦੋ ਸੌ ਸਾਲ?’

ਬੰਦਾ ਬੋਲਿਆ: ‘ਏਨੀ ਕੀ ਕਰਨੀ ਹੈ, ਗੁਜ਼ਾਰੇ ਜੋਗੀ ਲਿਖ ਦਿਓ!’

ਫਰਿਸ਼ਤਾ ਫਿਰ ਪੁੱਛਣ ਲੱਗਾ: ‘ਪੰਜ ਸੌ ਸਾਲ ਲਿਖ ਦਿਆਂ?’

ਉਸ ਨੇ ਕਿਹਾ: ‘ਏਨੀ ਕੀ ਕਰਨੀ ਹੈ, ਬਸ ਗੁਜ਼ਾਰੇ ਜੋਗੀ ਲਿਖ ਦਿਓ!’

ਅੱਕ ਕੇ ਫਰਿਸ਼ਤੇ ਨੇ ਕਿਹਾ: ‘ਫਿਰ ਤੂੰ ਆਪ ਹੀ ਦੱਸ ਦੇਹ, ਕਦੋਂ ਦੀ ਤਰੀਕ ਮਿਥ ਦਿਆਂ?’

ਬੰਦੇ ਨੇ ਤਰਲਾ ਮਾਰਿਆ: ‘ਬਸ ਓਦੋਂ ਤੱਕ ਦੀ, ਜਦੋਂ ਭਾਰਤ ਫੁੱਟਬਾਲ ਦਾ ਵਰਲਡ ਕੱਪ ਖੇਡਣ ਜਾਊਗਾ!’

ਇੱਕ ਦਮ ਅੱਗੋਂ ਉਸ ਨੂੰ ਭੜਕ ਕੇ ਪੈ ਗਿਆ ਫਰਿਸ਼ਤਾ: ‘ਚੱਲ ਸਾਲਾ ਸ਼ੈਤਾਨ ਦਾ ਬੱਚਾ, ਤੇਰਾ ਮਤਲਬ ਫਿਰ ਇਹ ਨਿਕਲਦੈ ਕਿ ਤੂੰ ਕਦੀ ਮਰਨਾ ਹੀ ਨਹੀਂ ਚਾਹੁੰਦਾ!’