68 ਨਾਬਾਲਗਾਂ ਦਾ ਵਿਆਹ ਕਰਵਾ ਚੁੱਕਾ ਹੈੱਡ ਗ੍ਰੰਥੀ ਕਾਬੂ ਆ ਗਿਆ


ਮੋਹਾਲੀ, 29 ਦਸੰਬਰ (ਪੋਸਟ ਬਿਊਰੋ)- ਕਾਨੂੰਨੀ ਹੱਦ ਤੋਂ ਘੱਟ ਉਮਰ ਦੇ ਲੜਕੇ-ਲੜਕੀ ਦਾ ਵਿਆਹ ਕਰਾਉਣ ਵਾਲੇ ਹੈੱਡ ਗ੍ਰੰਥੀ ਸੁਰਜੀਤ ਸਿੰਘ (70) ਨੂੰ ਫੇਜ਼-6 ਚੌਕੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਦਾਰਾ ਸਟੂਡੀਓ ਨੇੜੇ ਟਰੱਕ ਯੂਨੀਅਨ ਦੇ ਸਾਹਮਣੇ ਵਾਲੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਨੇ ਆਪਣੇ ਘਰ ਹੀ ਗੁਰਦੁਆਰਾ ਬਣਾਇਆ ਹੋਇਆ ਹੈ, ਜਿੱਥੇ ਉਹ ਘਰੋਂ ਦੌੜ ਕੇ ਲਵ ਮੈਰਿਜ ਕਰਾਉਣ ਲਈ ਆਉਣ ਵਾਲਿਆਂ ਦਾ ਵਿਆਹ ਕਰਵਾ ਦਿੰਦਾ ਅਤੇ ਵਿਆਹ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੰਦਾ ਸੀ। ਬਰਨਾਲਾ ਦੀ ਲੜਕੀ ਅਤੇ ਮੋਗਾ ਦੇ ਪਿੰਡ ਬਿਲਾਸਪੁਰ ਦੇ ਲੜਕਾ ਸੁਰਜੀਤ ਸਿੰਘ ਦਿੱਤੇ ਗਏ ਮੈਰਿਜ ਸਰਟੀਫਿਕੇਟ ਲੈ ਕੇ ਹਾਈ ਕੋਰਟ ਵਿੱਚ ਪ੍ਰੋਟੈਕਸ਼ਨ ਮੰਗਣ ਲਈ ਗਏ ਤਾਂ ਜਾਂਚ ਵਿੱਚ ਮੈਰਿਜ ਸਰਟੀਫਿਕੇਟ ‘ਤੇ ਲਿਖੀ ਉਮਰ ਸਕੂਲ ਦੇ ਸਰਟੀਫਿਕੇਟ ਨਾਲ ਮਿਲਾਉਣ ‘ਤੇ ਦੋਵੇਂ ਨਾਬਾਲਗ ਨਿਕਲੇ। ਇਸ ਦੇ ਬਾਅਦ ਹਾਈ ਕੋਰਟ ਨੇ ਸੁਰਜੀਤ ਸਿੰਘ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ। ਜਿਨ੍ਹਾਂ ਧਾਰਾਵਾਂ ਹੇਠ ਪੁਲਸ ਨੇ ਗ੍ਰੰਥੀ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ, ਉਨ੍ਹਾਂ ਵਿੱਚ ਉਸ ਨੂੰ ਥਾਣੇ ਵਿੱਚ ਹੀ ਜ਼ਮਾਨਤ ਮਿਲ ਗਈ। ਪੁਲਸ ਨੇ ਜੋ ਰਿਕਾਰਡ ਜ਼ਬਤ ਕੀਤਾ, ਉਸ ਮੁਤਾਬਕ ਉਸ ਨੇ 2017 ਵਿੱਚ 68 ਵਿਆਹ ਕਰਵਾਏ ਹਨ। ਪੁਲਸ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਵਿੱਚ ਕਿੰਨੇ ਨਾਬਾਲਗ ਸਨ।