64 ਵੱਡੇ ਤਸਕਰਾਂ ਦੀ ਜਾਇਦਾਦ ਐਲਾਨਾਂ ਦੇ ਬਾਵਜੂਦ ਪੁਲਸ ਜ਼ਬਤ ਨਹੀਂ ਕਰ ਸਕੀ


ਬਠਿੰਡਾ, 1 ਜੁਲਾਈ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਲੰਮੇ ਹੱਥ ਨਸ਼ਾ ਤਸਕਰਾਂ ਦੀ ਮਾਇਆ ਸਾਹਮਣੇ ਬੌਣੇ ਹੋ ਜਾਂਦੇ ਹਨ। ਏਸੇ ਲਈ ਬਹੁਤੇ ਤਸਕਰਾਂ ਦੀ ਜਾਇਦਾਦ ਹਾਲੇ ਤੱਕ ਜ਼ਬਤ ਨਹੀਂ ਕੀਤੀ ਜਾ ਸਕੀ।
ਮਾਲਵੇ ਦੇ ਬਠਿੰਡਾ ਖੇਤਰ ਦੇ ਅੱਠ ਜ਼ਿਲ੍ਹਿਆਂ ਵਿੱਚ ਬੀਤੇ 10 ਸਾਲਾਂ ਵਿੱਚ 112 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਪਰ ਹਾਲੇ ਤੱਕ 64 ਤਸਕਰਾਂ ਦੀ ਜਾਇਦਾਦ ਜ਼ਬਤ ਨਹੀਂ ਹੋ ਸਕੀ, ਜਦੋਂ ਕਿ ਬਾਕੀ ਤਸਕਰਾਂ ਦੀ ਯੋਗ ਅਥਾਰਟੀ ਤੋਂ ਜ਼ਬਤ ਕੀਤੇ ਜਾਣ ਨੂੰ ਹਰੀ ਝੰਡੀ ਮਿਲ ਗਈ ਹੈ। ਜਦੋਂ ਤੱਕ ਤਸਕਰਾਂ ਤੱਕ ਪੁਲਸ ਦੇ ਹੱਥ ਪੁੱਜਦੇ ਹਨ, ਉਦੋਂ ਤੱਕ ਤਸਕਰ ਆਪਣੀ ਜਾਇਦਾਦ ਕਿਸੇ ਨੂੰ ਤਬਦੀਲ ਕਰ ਦਿੰਦੇ ਹਨ।
ਆਰ ਟੀ ਆਈ ਦੇ ਰਾਹੀਂ ਮਿਲੀ ਸੂਚਨਾ ਅਨੁਸਾਰ ਮੋਗਾ ਜਿ਼ਲੇ ਵਿੱਚ ਬੀਤੇ ਦਸ ਸਾਲਾਂ ਵਿੱਚ 66 ਕੇਸਾਂ ਵਿੱਚ 72 ਨਸ਼ਾ ਤਸਕਰਾਂ ਦੀ 16.09 ਕਰੋੜ ਜਾਇਦਾਦ ਜ਼ਬਤ ਕਰਨ ਦੇ ਕੇਸ ਯੋਗ ਅਥਾਰਟੀ ਨਵੀਂ ਦਿੱਲੀ ਨੂੰ ਭੇਜੇ ਗਏ ਤਾਂ ਇਨ੍ਹਾਂ ‘ਚੋਂ 29 ਤਸਕਰਾਂ ਦੀ ਜਾਇਦਾਦ ਦੇ ਕੇਸ ਹਾਲੇ ਵੀ ਪੈਂਡਿੰਗ ਹਨ, ਬਾਕੀ 43 ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਨੂੰ ਹਰੀ ਝੰਡੀ ਮਿਲ ਗਈ ਹੈ। ਪਿੰਡ ਦੌਲੇਵਾਲਾ ਦੇ 26 ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦਾ ਰਾਹ ਖੁੱਲ੍ਹ ਗਿਆ ਹੈ, ਪਰ ਇਥੋਂ ਦੇ ਚਾਰ ਕੇਸ ਪੈਂਡਿੰਗ ਹਨ। ਮੋਗਾ ਦੇ ਪਿੰਡ ਖੋਸਾ ਕੋਟਲਾ ਦੇ ਭਜਨ ਸਿੰਘ ਉਤੇ ਨਸ਼ਾ ਤਸਕਰੀ ਦੇ ਅੱਠ ਕੇਸ ਹਨ, ਜਿਸ ਦੀ 10 ਲੱਖ ਰੁਪਏ ਦੀ ਜਾਇਦਾਦ ਜ਼ਬਤ ਹੋਣੀ ਹੈ। ਪਿੰਡ ਬਹਿਰਾਮਕੇ ਦੇ ਸੁਖਦੇਵ ਸਿੰਘ ਉਤੇ ਵੀ ਅੱਠ ਕੇਸ ਹਨ, ਜਿਸ ਦੀ ਛੇ ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ, ਪਰ ਇਸ ਦੀ ਮੌਤ ਹੋ ਚੁੱਕੀ ਹੈ। ਫਾਜ਼ਿਲਕਾ ਦੇ ਕਿਸੇ ਤਸਕਰ ਦੀ ਜਾਇਦਾਦ ਜ਼ਬਤ ਨਹੀਂ ਹੋਈ ਅਤੇ ਚਾਰ ਤਸਕਰਾਂ ਦੇ ਕੇਸ ਪੈਂਡਿੰਗ ਹਨ। ਜਲਾਲਾਬਾਦ ਥਾਣੇ ਦੇ ਇੱਕ ਤਸਕਰ ਨੇ ਆਪਣੀ ਜਾਇਦਾਦ ਮਾਤਾ-ਪਿਤਾ ਅਤੇ ਫਾਜ਼ਿਲਕਾ ਸਦਰ ਥਾਣੇ ਦੇ ਤਸਕਰ ਬਗੀਚਾ ਸਿੰਘ ਨੇ ਆਪਣੀ ਪਤਨੀ ਦੇ ਨਾਮ ਤਬਦੀਲ ਕਰਾ ਦਿੱਤੀ ਹੈ। ਜਿ਼ਲਾ ਮੁਕਤਸਰ ਪੁਲਸ ਨੇ ਤਿੰਨ ਤਸਕਰਾਂ ਦੇ ਕੇਸ ਬਣਾਏ ਸਨ, ਜਿਨ੍ਹਾਂ ‘ਚੋਂ ਮਲੋਟ ਦੇ ਦੌਲਤ ਰਾਮ ਦੀ ਜਾਇਦਾਦ ਦੀ ਪ੍ਰਕਿਰਿਆ ਚੱਲ ਰਹੀ ਹੈ, ਸੂਰੇਵਾਲਾ ਦੇ ਤਸਕਰ ਦੀ 3.70 ਲੱਖ ਦੀ ਜਾਇਦਾਦ ਤੇ ਈਨਾ ਖੇੜਾ ਦੇ ਤਿੰਨ ਤਸਕਰਾਂ ਦੀ 9.02 ਲੱਖ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ। ਮੋਗਾ ਦੇ ਅੱਧੀ ਦਰਜਨ ਤਸਕਰਾਂ ਦੀ ਪ੍ਰਾਪਰਟੀ ਜ਼ਬਤ ਕੀਤੇ ਜਾਣ ਸੰਬੰਧੀ ਯੋਗ ਅਥਾਰਟੀ ਤੋਂ ਪ੍ਰਵਾਨਗੀ ਮਿਲੀ, ਪਰ ਰਿਕਾਰਡ ਵਿੱਚ ਇਨ੍ਹਾਂ ਦੀ ਜਾਇਦਾਦ ਲੱਭਦੀ ਨਹੀਂ। ਥਾਣਾ ਜੈਤੋ ਵਿੱਚ ਦਰਜ ਇੱਕ ਕੇਸ ਵਿੱਚ ਜਾਇਦਾਦ ਜ਼ਬਤ ਕਰਾਉਣ ਦੀ ਫਾਈਲ ਕਰੀਬ ਨੌਂ ਵਰ੍ਹੇ ਲਟਕਦੀ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਸਾਲ 2010 ਤੋਂ ਬਾਅਦ ਕਿਸੇ ਵੱਡੇ ਤਸਕਰ ਦੀ ਜਾਇਦਾਦ ਜ਼ਬਤੀ ਦਾ ਕੇਸ ਤਿਆਰ ਨਹੀਂ ਹੋਇਆ ਹੈ। ਬਰਨਾਲਾ ਪੁਲਸ ਨੇ ਅੱਧੀ ਦਰਜਨ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਪਰ ਕੋਈ ਕੇਸ ਸਿਰੇ ਨਹੀਂ ਲੱਗਾ। ਪੁਲਸ ਨੇ ਦੋ ਹਰਿਆਣਾ ਦੇ ਤਸਕਰਾਂ ਦੀ ਜਾਇਦਾਦ ਜ਼ਬਤੀ ਦਾ ਕੇਸ ਭੇਜਿਆ ਸੀ। ਓਥੋਂ ਦੇ ਐੱਸ ਪੀ ਸੁਖਦੇਵ ਸਿੰਘ ਵਿਰਕ ਦਾ ਕਹਿਣਾ ਸੀ ਕਿ ਪ੍ਰਕਿਰਿਆ ਪੇਚੀਦਾ ਹੋਣ ਕਰ ਕੇ ਜਾਇਦਾਦ ਜ਼ਬਤੀ ਵਿੱਚ ਸਮਾਂ ਲੱਗਦਾ ਹੈ। ਫਿਰੋਜ਼ਪੁਰ ਦੇ ਕਈ ਤਸਕਰਾਂ ਦੇ ਕੇਸ ਪੈਂਡਿੰਗ ਹਨ ਅਤੇ ਤਸਕਰ ਸੁਰਜੀਤ ਸਿੰਘ ਦੀ ਜਾਇਦਾਦ ਜ਼ਬਤੀ ਲਈ ਜਦੋਂ ਹਰੀ ਝੰਡੀ ਮਿਲੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ।