540 ਮਿਲੀਅਨ ਡਾਲਰ ਵਿੱਚ ਲੋਬਲਾਅ ਆਪਣੇ ਸਾਰੇ ਗੈਸ ਸਟੇਸ਼ਨ ਕਰੇਗੀ ਬਰੁੱਕਫੀਲਡ ਦੇ ਨਾਂ!

loblaw gas stationਟੋਰਾਂਟੋ, 20 ਅਪਰੈਲ (ਪੋਸਟ ਬਿਊਰੋ) : ਲੋਬਲਾਅ ਵੱਲੋਂ ਦੇਸ਼ ਵਿੱਚ ਮੌਜੂਦ ਆਪਣੇ ਸਾਰੇ 213 ਗੈਸ ਸਟੇਸ਼ਨ ਆਪਣੇ ਬਰੁੱਕਫੀਲਡ ਬਿਜ਼ਨਸ ਪਾਰਟਨਰਜ਼ ਤੇ ਹੋਰਨਾਂ ਭਾਈਵਾਲਾਂ ਨੂੰ ਵੇਚੇ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਇਹ ਸੌਦਾ 540 ਮਿਲੀਅਨ ਡਾਲਰ ਵਿੱਚ ਹੋਣ ਦੀ ਸੰਭਾਵਨਾ ਹੈ।
ਬਰੁੱਕਫੀਲਡ ਵੱਲੋਂ ਇਨ੍ਹਾਂ ਸਟੇਸ਼ਨਾਂ ਨੂੰ ਮੋਬਿਲ ਵਜੋਂ ਰੀਬ੍ਰੈਂਡ ਕੀਤਾ ਜਾਵੇਗਾ ਪਰ ਉਹ ਲੋਬਲਾਅ ਵੱਲੋਂ ਜਾਰੀ ਪੀਸੀ ਪਲੱਸ ਲਾਇਲਟੀ ਪ੍ਰੋਗਰਾਮ ਦੀ ਵਰਤੋਂ ਜਾਰੀ ਰੱਖੀ ਜਾਵੇਗੀ। ਪ੍ਰਸਤਾਵਿਤ ਸੌਦੇ ਵਿੱਚ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ ਪਰ ਇਸ ਕਰਾਰ ਦੇ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ ਸਿਰੇ ਚੜ੍ਹਨ ਦੀ ਉਮੀਦ ਹੈ।
ਬਰੁੱਕਫੀਲਡ ਬਿਜ਼ਨਸ ਪਾਰਟਨਰਜ਼, ਜੋ ਕਿ ਬਰੁੱਕਫੀਲਡ ਅਸੈੱਟ ਮੈਨੇਜਮੈਂਟ ਦੀ ਯੂਨਿਟ ਹੈ, ਦਾ ਕਹਿਣਾ ਹੈ ਕਿ ਡੀਲ ਸਿਰੇ ਚੜ੍ਹਨ ਤੋਂ ਬਾਅਦ ਉਹ ਲੋਬਲਾਅ ਦੀ ਮਲਕੀਅਤ ਵਾਲੇ ਗੈਸ ਸਟੇਸ਼ਨਾਂ ਦੇ ਨੈੱਟਵਰਕ ਦਾ ਪਸਾਰ ਕਰੇਗਾ। ਬਰੁੱਕਫੀਲਡ ਬਿਜ਼ਨਸ ਪਾਰਟਨਰਜ਼ ਦੇ ਸੀਈਓ ਸਾਇਰਸ ਮੇਡਨ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਜਿਹੜੇ ਸੈਕਟਰਜ਼ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਉਨ੍ਹਾਂ ਨੂੰ ਖਰੀਦ ਕੇ ਤੇ ਉਨ੍ਹਾਂ ਵਿੱਚ ਮਿਆਰੀ ਸੁਧਾਰ ਕਰਕੇ ਅਸੀਂ ਆਪਣੀ ਰਣਨੀਤੀ ਨਾਲ ਅੱਗੇ ਵੱਧਦੇ ਹਾਂ। ਅਸੀਂ ਲੋਬਲਾਅ ਦੇ ਮੌਜੂਦਾ ਗੈਸ ਸਟੇਸ਼ਨਾਂ ਦੇ ਨੈੱਟਵਰਕ ਦਾ ਹੋਰ ਪਸਾਰ ਕਰਨ ਦੀ ਤਾਂਘ ਰੱਖਦੇ ਹਾਂ।
ਬਰੁੱਕਫੀਲਡ ਨੇ ਆਖਿਆ ਕਿ ਅਸੀਂ ਕੈਲਗਰੀ ਸਥਿਤ ਇੰਪੀਰੀਅਲ ਆਇਲ ਲਿਮਟਿਡ, ਜੋ ਕਿ ਹਿਊਸਟਨ ਸਥਿਤ ਐਕਸ਼ਨ ਮੋਬਿਲ ਦੀ ਸਬਸਿਡਰੀ ਹੈ, ਨਾਲ ਕਰਾਰ ਤਹਿਤ ਮੋਬਿਲ ਫਿਊਲ ਬਰੈਂਡ ਦੀ ਵਰਤੋਂ ਕਰਾਂਗੇ।