44 ਸਾਲਾਂ ਬਾਅਦ ਐਮਰਜੈਂਸੀ ਨੂੰ ਮੁੱਦਾ ਬਣਾਉਣ ਨਾਲ ਕੋਈ ਸਿਆਸੀ ਲਾਭ ਨਹੀਂ ਹੋਣਾ

-ਕ੍ਰਿਸ਼ਨ ਮੋਹਨ ਸਿੰਘ
ਇੰਦਰਾ ਗਾਂਧੀ ਦੀ ਮੌਤ ਹੋਇਆਂ 35 ਸਾਲ ਹੋ ਚੁੱਕੇ ਹਨ। ਉਨ੍ਹਾਂ ਨੇ 44 ਸਾਲ ਪਹਿਲਾਂ 26 ਜੂਨ 1975 ਨੂੰ ਦੇਸ਼ ਵਿੱਚ ਐਮਰਜੈਂਸੀ ਲਾਈ ਸੀ। ਇੰਨੇ ਸਾਲਾਂ ਬਾਅਦ ਪਹਿਲੀ ਵਾਰ ਕੋਈ ਗੈਰ ਕਾਂਗਰਸੀ ਸਰਕਾਰ ਇੰਨੇ ਵੱਡੇ ਪੱਧਰ ‘ਤੇ ਐਮਰਜੈਂਸੀ ਨੂੰ ਮੁੱਦਾ ਬਣਾ ਕੇ ਮੁੜ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਭਾਜਪਾ ਦੀ ਕੇਂਦਰ ਸਰਕਾਰ ਤੋਂ ਲੈ ਕੇ ਭਾਜਪਾ ਦੀਆਂ ਸੂਬਾਈ ਸਰਕਾਰਾਂ ਤੱਕ ਪੂਰਾ ਜ਼ੋਰ ਲਾ ਰਹੀਆਂ ਹਨ। ਕੇਂਦਰ ਦੇ 22 ਤੋਂ ਜ਼ਿਆਦਾ ਮੰਤਰੀਆਂ ਨੇ ਐਮਰਜੈਂਸੀ ਦੀਆਂ ਵਧੀਕੀਆਂ ਨੂੰ ਨਵੇਂ ਸ਼ਬਦਾਂ, ਨਵੇਂ ਕਲੇਵਰ ਅਤੇ ਤੇਵਰ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਆਖਿਰ 44 ਸਾਲਾਂ ਬਾਅਦ ਇਹ ਸਭ ਕਰਨ ਦੀ ਇੰਨੇ ਵੱਡੇ ਪੱਧਰ ‘ਤੇ ਲੋੜ ਕਿਉਂ ਪਈ? ਕਿਸੇ ਵੀ ਸਰਕਾਰ ਜਾਂ ਹੁਕਮਰਾਨ ਜਾਂ ਤਾਨਾਸ਼ਾਹ ਦੇ ਹਰ ਗਲਤ ਕੰਮ ਦੀ ਆਲੋਚਨਾ ਹੋਣੀ ਚਾਹੀਦੀ ਹੈ, ਪਰ ਐਮਰਜੈਂਸੀ ਨੂੰ ਲੈ ਕੇ ਇੰਦਰਾ ਗਾਂਧੀ, ਉਨ੍ਹਾਂ ਦੇ ਪਿਤਾ ਨਹਿਰੂ, ਬੇਟੇ ਰਾਜੀਵ ਗਾਂਧੀ, ਨੂੰਹ ਸੋਨੀਆ ਗਾਂਧੀ ਤੇ ਸੋਨੀਆ ਦੇ ਬੇਟੇ ਰਾਹੁਲ ਗਾਂਧੀ ਨੂੰ ਲਪੇਟਿਆ ਗਿਆ, ਅਜਿਹਾ ਕਰਨਾ ਕਿੱਥੋਂ ਤੱਕ ਜਾਇਜ਼ ਹੈ? ਲੋਕ ਇਸ ‘ਤੇ ਸਵਾਲ ਉਠਾਉਣ ਲੱਗੇ ਹਨ।
ਇਸ ਬਾਰੇ ਸਮਾਜਵਾਦੀ ਨੇਤਾ ਅਤੇ ਸੀਨੀਅਰ ਪੱਤਰਕਾਰ ਸੁਧੇਂਦੂ ਪਟੇਲ, ਜੋ ਐਮਰਜੈਂਸੀ ਵੇਲੇ ਵਾਰਾਣਸੀ ਜੇਲ੍ਹ ਵਿੱਚ ਕਲਿਆਣ ਸਿੰਘ (ਰਾਜਸਥਾਨ ਦੇ ਰਾਜਪਾਲ), ਮੋਹਨ ਪ੍ਰਕਾਸ਼ (ਕਾਂਗਰਸ ਦੇ ਜਨਰਲ ਸਕੱਤਰ), ਲਾਲ ਮੁਨੀ ਚੌਬੇ (ਭਾਜਪਾ ਦੇ ਸਾਬਕਾ ਐੱਮ ਪੀ) ਨਾਲ ਬੰਦ ਸਨ, ਦਾ ਕਹਿਣਾ ਹੈ ਕਿ 44 ਸਾਲ ਪਹਿਲਾਂ ਲੱਗੀ ਐਮਰਜੈਂਸੀ ਬਾਰੇ ਇੰਦਰਾ ਗਾਂਧੀ ਨੂੰ ਹਿਟਲਰ ਅਤੇ ਅੱਜ ਦੀ ਕਾਂਗਰਸ ਨੂੰ ‘ਫਾਸ਼ੀਵਾਦੀ ਪਾਰਟੀ’ ਕਹਿਣਾ ਵਧੀਕੀ ਹੈ। ਇੰਦਰਾ ਗਾਂਧੀ ਨੇ ਐਮਰਜੈਂਸੀ ਨੂੰ ਲੈ ਕੇ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਕਈ ਵਾਰ ਮੁਆਫੀ ਮੰਗੀ ਤੇ ਮੰਨਿਆ ਕਿ ਉਨ੍ਹਾਂ ਤੋਂ ਗਲਤੀ ਹੋਈ ਸੀ। ਐਮਰਜੈਂਸੀ ਬਾਰੇ ਅੱਜ ਦੀ ਕਾਂਗਰਸ, ਸੋਨੀਆ ਤੇ ਰਾਹੁਲ ਬਾਰੇ ਵੀ ਅਜਿਹੀਆਂ ਗੱਲਾਂ ਕਹਿਣਾ ਠੀਕ ਨਹੀਂ। ਜੇ ਭਾਜਪਾ ਨੂੰ ਲੱਗਦਾ ਹੈ ਕਿ ਇਸ ਨਾਲ ਉਸ ਨੂੰ ਸਿਆਸੀ ਲਾਭ ਮਿਲ ਜਾਵੇਗਾ ਤਾਂ ਇਹ ਉਸ ਦੀ ਗਲਤਫਹਿਮੀ ਹੈ। ਜਦੋਂ ਐਮਰਜੈਂਸੀ ਦੇ ਸਮੇਂ ਜੇਲ੍ਹ ਵਿੱਚ ਬੰਦ ਰਹੇ ਸਾਡੇ ਵਰਗਿਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਭਾਜਪਾ ਦੀ ਕੇਂਦਰ ਸਰਕਾਰ ਮੌਜੂਦਾ ਸਮੱਸਿਆਵਾਂ ਹੱਲ ਕਰਨ ਦੀ ਥਾਂ ਲੋਕਾਂ ਨਾਲ ਕੀਤੇ ਵਾਅਦਿਆਂ ਵੱਲੋਂ ਧਿਆਨ ਭਟਕਾਉਣ ਲਈ ਐਮਰਜੈਂਸੀ ਦਾ ਰਾਗ ਛੇੜ ਰਹੀ ਹੈ ਤਾਂ ਅੱਜ ਦੇ ਬੇਰੋਜ਼ਗਾਰ ਨੌਜਵਾਨਾਂ, ਪ੍ਰੇਸ਼ਾਨ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਕਿੱਥੋਂ ਚੰਗਾ ਲੱਗ ਰਿਹਾ ਹੋਵੇਗਾ।
ਇਸ ਨੂੰ ਮੁੱਦਾ ਬਣਾਉਣ ਵਾਲਿਆਂ ਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਐਮਰਜੈਂਸੀ ਨੂੰ ਭੁੱਲ ਕੇ ਕਿਸ ਤਰ੍ਹਾਂ ਜਨਤਾ ਪਾਰਟੀ ਦੀ ਸਰਕਾਰ ਡਿੱਗਣ ਤੋਂ ਬਾਅਦ ਮੁੜ ਇੰਦਰਾ ਗਾਂਧੀ ਨੂੰ ਜਿਤਾ ਦਿੱਤਾ ਸੀ। ਉਸ ਤੋਂ ਬਾਅਦ ਦੇਸ਼ ਵਿੱਚ ਕਈ ਵਾਰ ਕਾਂਗਰਸ ਦੀ ਸਰਕਾਰ ਬਣ ਚੁੱਕੀ ਹੈ।
ਇੰਡੀਅਨ ਐਕਸਪ੍ਰੈਸ ਗਰੁੱਪ ਦੇ ਗੁਜਰਾਤੀ ਅਖਬਾਰ ਦੇ ਸੰਪਾਦਕ ਰਹੇ ਡਾਕਟਰ ਹਰਿਦੇਸਾਈ ਦਾ ਕਹਿਣਾ ਹੈ ਕਿ 44 ਸਾਲਾਂ ਬਾਅਦ ਐਮਰਜੈਂਸੀ ਦਾ ਮੁੱਦਾ ਸਿਰਫ ਸਮੱਸਿਆਵਾਂ ਅਤੇ ਅਸਲੀ ਮੁੱਦਿਆਂ ਵੱਲੋਂ ਧਿਆਨ ਭਟਕਾਉਣ ਲਈ ਹੀ ਉਠਾਇਆ ਜਾ ਰਿਹਾ ਹੈ। ਇਹ ਸਭ ਕਾਂਗਰਸ ਨੂੰ ਬਦਨਾਮ ਕਰਨ ਅਤੇ ਅਗਲੀਆਂ ਚੋਣਾਂ ਜਿੱਤਣ ਲਈ ਕੀਤਾ ਜਾ ਰਿਹਾ ਹੈ, ਪਰ ਜਿਹੜੇ ਭਾਜਪਾ ਨੇਤਾ ਇਸ ਸਮੇਂ ਮੁੱਦਾ ਉਠਾ ਰਹੇ ਹਨ, ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਗਲੇ ਕਿਉਂ ਲਾਇਆ ਹੋਇਆ ਹੈ, ਜਿਹੜੇ ਐਮਰਜੈਂਸੀ ਵੇਲੇ ਸਰਗਰਮ ਸਹਿਯੋਗੀ ਸਨ। ਐਮਰਜੈਂਸੀ ਦੇ ਸਮੇਂ ਅਤੇ ਉਸ ਤੋਂ ਬਾਅਦ ਨਾਅਰਾ ਲੱਗਾ ਸੀ-‘ਐਮਰਜੈਂਸੀ ਕੇ ਤੀਨ ਦਲਾਲ-ਸੰਜੇ, ਵਿਦਿਆ, ਬੰਸੀ ਲਾਲ।’ ਅੱਜ ਸੰਜੇ ਗਾਂਧੀ ਦੀ ਧਰਮ ਪਤਨੀ ਮੇਨਕਾ ਗਾਂਧੀ ਭਾਜਪਾ ਦੀ ਪਾਰਲੀਮੈਂਟ ਮੈਂਬਰ ਹੈ ਅਤੇ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ। ਇਸੇ ਤਰ੍ਹਾਂ ਉਨ੍ਹਾਂ ਦਾ ਬੇਟਾ ਵਰੁਣ ਗਾਂਧੀ ਵੀ ਲੋਕ ਸਭਾ ਮੈਂਬਰ ਹੈ। ਐਮਰਜੈਂਸੀ ਵੇਲੇ ਕਹਿਰ ਢਾਹੁਣ ਵਾਲੇ ਪ੍ਰਸ਼ਾਸਕ ਜਗਮੋਹਨ ਨੂੰ ਭਾਜਪਾ ਨੇ ਐੱਮ ਪੀ ਅਤੇ ਮੰਤਰੀ ਬਣਾਇਆ ਸੀ ਤੇ ਵਿਦਿਆਚਰਨ ਸ਼ੁਕਲਾ ਨੂੰ ਭਾਜਪਾ ਨੇ ਟਿਕਟ ਦਿੱਤੀ ਸੀ, ਪਰ ਉਹ ਚੋਣਾਂ ਹਾਰ ਗਏ ਸਨ। ਇਸੇ ਤਰ੍ਹਾਂ ਬੰਸੀ ਲਾਲ ਨੇ ਕਾਂਗਰਸ ਤੋਂ ਅੱਡ ਹੋ ਕੇ ਹਰਿਆਣਾ ਵਿੱਚ ਆਪਣੀ ਵੱਖਰੀ ਪਾਰਟੀ ਬਣਾਈ, ਜਿਸ ਨਾਲ ਮਿਲ ਕੇ ਭਾਜਪਾ ਨੇ ਚੋਣ ਲੜੀ ਸੀ। ਐਮਰਜੈਂਸੀ ਵੇਲੇ ਖੱਬੇ ਪੱਖੀ ਨੇਤਾ ਵੀ ਫੜੇ ਗਏ ਸਨ ਤੇ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ ਸਨ। ਉਨ੍ਹਾਂ ਦੀ ਭੂਮਿਕਾ ਲਈ ਭਾਜਪਾ ਨੇਤਾਵਾਂ ਵੱਲੋਂ ਆਲੋਚਨਾ ਕਰਨ ‘ਤੇ ਸੀ ਪੀ ਆਈ ਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਕਹਿਣਾ ਹੈ ਕਿ ਭਾਜਪਾ ਦੀ ਜਨਨੀ ਆਰ ਐਸ ਐਸ ਦੇ ਉਸ ਵੇਲੇ ਦੇ ਮੁਖੀ ਬਾਲਾ ਸਾਹਿਬ ਦੇਵਰਸ ਨੇ ਯਰਵਦਾ ਜੇਲ੍ਹ ਤੋਂ ਪੈਰੋਲ ਉਤੇ ਛੁੱਟਣ ਲਈ ਇੰਦਰਾ ਗਾਂਧੀ ਨੂੰ ਕਿਸ ਤਰ੍ਹਾਂ ਦੀ ਚਿੱਠੀ ਲਿਖੀ ਸੀ ਅਤੇ ਦੂਜੀ ਚਿੱਠੀ ਵਿੱਚ ਇੰਦਰਾ ਗਾਂਧੀ ਦੇ ਵੀਹ ਸੂਤਰੀ ਪ੍ਰੋਗਰਾਮ ਦੀ ਕਿੰਨੀ ਤਾਰੀਫ ਕੀਤੀ ਸੀ, ਪਹਿਲਾਂ ਉਹ ਪੜ੍ਹ ਲਈ ਜਾਵੇ।
ਇਸ ‘ਤੇ ਸੀਨੀਅਰ ਪੱਤਰਕਾਰ ਡਾਕਟਰ ਦੇਸਾਈ ਦਾ ਕਹਿਣਾ ਹੈ ਕਿ ਕਿਸੇ ਇੱਕ ਘਟਨਾ ਨੂੰ ਜੇ 33 ਸਾਲਾਂ ਬਾਅਦ ਕੁਰੇਦ ਕੇ ਉਸ ਸਮੇਂ ਵਰਗਾ ਸਿਆਸੀ ਲਾਭ ਲੈਣਾ ਚਾਹੋਗੇ ਤਾਂ ਇਹ ਸੰਭਵ ਨਹੀਂ। ਜਦੋਂ ਤੁਸੀਂ ਦੂਜਿਆਂ ਲਈ ਇਹ ਕਰੋਗੇ ਤਾਂ ਉਹ ਵੀ ਤੁਹਾਡੀ ਤੇ ਤੁਹਾਡੀ ਜਨਨੀ ਸੰਸਥਾ ਦੀ ਕੁੰਡਲੀ ਖੋਲ੍ਹਣਗੇ। ਫਿਰ ਨਾ ਤੁਹਾਡਾ ਭਲਾ ਹੋਵੇਗਾ ਤੇ ਨਾ ਉਨ੍ਹਾਂ ਦਾ ਤੇ ਨਾ ਲੋਕਾਂ ਦਾ। ਲੋਕ ਕਹਿਣ ਲੱਗ ਪਏ ਹਨ ਕਿ ਉਦੋਂ ਤਾਂ ਐਲਾਨੀ ਐਮਰਜੈਂਸੀ ਸੀ, ਪਰ ਅੱਜ ਅਣਐਲਾਨੀ ਐਮਰਜੈਂਸੀ ਵਰਗੀ ਸਥਿਤੀ ਬਣ ਗਈ ਹੈ। ਅਜਿਹੇ ਮੁੱਦੇ ਉਠਾਉਣ ਵਾਲਿਆਂ ਨੂੰ ਇਸ ਗੱਲ ਦੀ ਪ੍ਰਵਾਹ ਕਿੱਥੇ।