30 ਮਈ ਨੂੰ ਹੋਣਗੀਆਂ ਨੋਵਾ ਸਕੋਸ਼ੀਆ ਵਿੱਚ ਪ੍ਰੋਵਿੰਸ਼ੀਅਲ ਚੋਣਾਂ

Fullscreen capture 512017 60223 AMਹੈਲੀਫੈਕਸ, 30 ਅਪਰੈਲ (ਪੋਸਟ ਬਿਊਰੋ) : ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ 30 ਮਈ ਨੂੰ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਸੱਦਾ ਦਿੱਤਾ ਹੈ। ਉਹ ਲਗਾਤਾਰ ਦੂਜੀ ਵਾਰੀ ਵੋਟਰਾਂ ਕੋਲੋਂ ਆਪਣੇ ਹੱਕ ਵਿੱਚ ਫਤਵਾ ਚਾਹੁੰਦੇ ਹਨ।
ਹੈਲੀਫੈਕਸ ਵਿੱਚ ਗਵਰਮੈਂਟ ਹਾਊਸ ਵਿੱਚ ਲੈਫਟੀਨੈਂਟ ਗਵਰਨਰ ਜੇਜੇ ਗ੍ਰਾਂਟ ਨਾਲ ਦੁਪਹਿਰ ਵੇਲੇ ਮੁਲਾਕਾਤ ਕਰਨ ਤੋਂ ਬਾਅਦ ਮੈਕਨੀਲ ਨੇ ਆਪਣੀ ਰਿੱਟ ਵਾਪਿਸ ਲੈ ਲਈ। ਲੈਬਨੀਜ਼ ਕਲਚਰਲ ਸੈਂਟਰ ਵਿੱਚ ਪਾਰਟੀ ਦੀ ਰੈਲੀ ਵਿੱਚ ਹਿੱਸਾ ਲੈਣ ਜਾਣ ਤੋਂ ਪਹਿਲਾਂ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਉਹ ਸਾਰੇ ਨੋਵਾ ਸਕੋਸ਼ੀਆ ਵਾਸੀਆਂ ਨੂੰ ਆਪਣੇ ਵੋਟ ਦੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਲਈ ਹੱਲਾਸੇ਼ਰੀ ਦਿੰਦੇ ਹਨ।
51 ਸੀਟਾਂ ਵਾਲੀ ਵਿਧਾਨ ਸਭਾ ਭੰਗ ਹੋਣ ਤੱਕ ਲਿਬਰਲਾਂ ਕੋਲ 34 ਸੀਟਾਂ, ਪ੍ਰੋਗਰੈਸਿਵ ਕੰਜ਼ਰਵੇਟਿਵਾਂ ਕੋਲ 10 ਤੇ ਐਨਡੀਪੀ ਕੋਲ 5 ਸੀਟਾਂ ਸਨ। ਇੱਕ ਸੀਟ ਆਜ਼ਾਦ ਉਮੀਦਵਾਰ ਕੋਲ ਤੇ ਇੱਕ ਸੀਟ ਖਾਲੀ ਸੀ। ਲਿਬਰਲਾਂ ਵੱਲੋਂ ਚੋਣਾਂ ਵਿੱਚ ਖਰਚਾ ਕਰਨ ਸਬੰਧੀ ਐਲਾਨ ਤੋਂ ਦੋ ਮਹੀਨੇ ਬਾਅਦ ਚੋਣਾਂ ਹੋਣਗੀਆਂ। ਵੀਰਵਾਰ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਸਰਕਾਰ ਵੱਲੋਂ ਘੱਟ ਤੇ ਦਰਮਿਆਨੀ ਆਮਦਨ ਵਾਲੇ 500,000 ਨੋਵਾ ਸਕੋਸ਼ੀਆ ਵਾਸੀਆਂ ਲਈ ਟੈਕਸ ਵਿੱਚ ਕਟੌਤੀ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।
ਸੁ਼ੱਕਰਵਾਰ ਨੂੰ ਮੈਕਨੀਲ ਨੇ ਆਖਿਆ ਕਿ ਸਾਢੇ ਤਿੰਨ ਸਾਲ ਪੁਰਾਣੀ ਉਨ੍ਹਾਂ ਦੀ ਸਰਕਾਰ, ਜਿਸ ਨੂੰ ਅਕਤੂਬਰ 2013 ਵਿੱਚ ਚੁਣਿਆ ਗਿਆ ਸੀ, ਆਪਣੇ ਵੱਲੋਂ ਕੀਤੇ ਚੰਗੇ ਕੰਮ ਦੇ ਰਿਕਾਰਡ ਸਹਾਰੇ ਚੱਲੇਗੀ ਨਾ ਕਿ ਹੁਣ ਪੇਸ਼ ਕੀਤੇ ਗਏ ਬਜਟ ਦੇ ਆਧਾਰ ਉੱਤੇ ਉਨ੍ਹਾਂ ਨੂੰ ਵੋਟਾਂ ਹਾਸਲ ਹੋਣਗੀਆਂ। ਉਨ੍ਹਾਂ ਆਖਿਆ ਕਿ ਜੋ ਕੰਮ ਉਨ੍ਹਾਂ ਨੇ ਕੀਤੇ ਹਨ ਉਸ ਉੱਤੇ ਉਨ੍ਹਾਂ ਨੂੰ ਮਾਣ ਹੈ। ਭਾਵੇਂ ਕਈ ਔਖੇ ਫੈਸਲੇ ਵੀ ਉਨ੍ਹਾਂ ਨੂੰ ਕਰਨੇ ਪਏ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਨੋਵਾ ਸਕੋਸ਼ੀਆ ਵਾਸੀ ਉਨ੍ਹਾਂ ਦਾ ਸਨਮਾਨ ਕਰਦੇ ਹਨ।