3.50 ਕਰੋੜ ਦੀਆਂ 31 ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਮੁੱਖ ਸਰਗਨਾ ਕਾਬੂ

3 crore cars
ਫਤਿਹਗੜ੍ਹ ਸਾਹਿਬ, 11 ਅਗਸਤ (ਪੋਸਟ ਬਿਊਰੋ)- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਸ ਨੇ ਅੰਤਰਰਾਜੀ ਕਾਰ ਚੋਰ ਗਰੋਹ ਦਾ ਸਰਗਨਾ ਸਾਥੀਆਂ ਸਮੇਤ ਚੋਰੀ ਦੀ 31 ਕਾਰਾਂ ਸਮੇਤ ਕਾਬੂ ਕੀਤਾ ਹੈ। ਗੱਡੀਆਂ ਦੀ ਮਾਰਕੀਟ ਕੀਮਤ 3.50 ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਚੋਰੀ ਦੀਆਂ ਗੱਡੀਆਂ ਵਿੱਚ ਤਿੰਨ ਫਾਰਚੂਨਰ, ਛੇ ਇਨੋਵਾ, ਤਿੰਨ ਵਰਨਾ, ਦੋ ਬਲੈਰੋ, ਅੱਠ ਸਵਿਫਟ, ਪੰਜ ਡਿਜ਼ਾਇਰ, ਦੋ ਕਰੂਜ਼, ਇੱਕ ਸਫਾਰੀ ਅਤੇ ਇੱਕ ਆਈ ਟਵੰਟੀ ਕਾਰ ਸ਼ਾਮਲ ਹੈ।
ਜ਼ਿਲ੍ਹੇ ਦੀ ਪੁਲਸ ਲਾਈਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪਟਿਆਲਾ ਜ਼ੋਨ ਦੇ ਆਈ ਜੀ ਅਮਰਦੀਪ ਸਿੰਘ ਰਾਏ ਨੇ ਦੱਸਿਆ ਕਿ ਕਾਰ ਚੋਰੀ ਦੇ ਕੇਸ ਵਿੱਚ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਸ਼ੁਰੂ ਦੀ ਪੁੱਛਗਿੱਛ ਦੌਰਾਨ 56 ਗੱਡਆਂ ਚੋਰੀ ਕਰਨ ਦੀ ਗੱਲ ਮੰਨੀ ਹੈ। ਗਰੋਹ ਦਾ ਮੁਖੀ ਬਲਵਿੰਦਰ ਸਿੰਘ ਉਰਫ ਸਾਬਾ ਉਰਫ ਗਿਆਨੀ ਵਾਸੀ ਢੈਪਈ ਜ਼ਿਲ੍ਹਾ ਅੰਮ੍ਰਿਤਸਰ, ਜੋ ਹੁਣ ਹਰਗੋਬਿੰਦ ਨਗਰ ਫਰੀਦਕੋਟ ਵਿੱਚ ਰਹਿੰਦਾ ਹੈ, ਨੂੰ ਵੀ ਕਾਬੂ ਕਰ ਲਿਆ ਹੈ। ਆਈ ਜੀ ਰਾਏ ਨੇ ਦੱਸਿਆ ਕਿ ਸੀ ਆਈ ਏ ਸਟਾਫ ਸਰਹਿੰਦ ਦੇ ਇੰਚਾਰਜ ਐੱਸ ਆਈ ਹਰਮਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਉਰਫ ਸਾਬਾ ਉਰਫ ਗਿਆਨੀ ਸਿਮਰਜੀਤ ਸਿੰਘ ਉਰਫ ਜੱਗੀ ਵਾਸੀ ਫਰੀਦਕੋਟ ਤੇ ਸੰਦੀਪ ਸਿੰਘ ਵਾਸੀ ਫਰੀਦਕੋਟ ਹੋਰਾਂ ਰਾਜਾਂ ਤੋਂ ਕਾਰਾਂ ਚੋਰੀ ਕਰਦੇ ਤੇ ਇਨ੍ਹਾਂ ਨੂੰ ਬਲਵਿੰਦਰ ਸਿੰਘ ਕੁਝ ਸਾਥੀਆਂ ਮੋਨੂੰ ਵਾਸੀ ਚੰਡੀਗੜ੍ਹ, ਲਾਲੀ ਅਤੇ ਕੇਵਲ ਵਾਸੀ ਅੰਮ੍ਰਿਤਸਰ ਦੇ ਨਾਲ ਮਿਲ ਕੇ ਜਾਅਲਸਾਜ਼ੀ ਦੇ ਨਾਲ ਅੱਗੇ ਵੇਚ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸਰਗਨਾ ਬਲਵਿੰਦਰ ਸਿੰਘ ਉਰਫ ਗਿਆਨੀ, ਸਿਮਰਜੀਤ ਸਿੰਘ ਉਰਫ ਜੱਗੀ ਤੇ ਸੰਦੀਪ ਸਿੰਘ ਨੂੰ ਅੰਮ੍ਰਿਤਸਰ ਸਿਟੀ ਤੋਂ ਅਟਾਰੀ ਬਾਰਡਰ ਨੂੰ ਜਾਂਦੀ ਸੜਕ ਤੋਂ ਚੋਰੀ ਦੀ ਸਫੈਦ ਰੰਗ ਦੀ ਇਨੋਵਾ ਕਾਰ ਨਾਲ ਗ੍ਰਿਫਤਾਰ ਕੀਤਾ ਅਤੇ ਨੌਂ ਅਗਸਤ ਨੂੰ ਗਰੋਹ ਦੇ ਮੈਂਬਰ ਮਨਦੀਪ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਹਾਊਸਿੰਗ ਬੋਰਡ ਕਲੋਨੀ ਫਿਰੋਜ਼ਪੁਰ ਨੂੰ ਵੀ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਸਮੇਤ ਮਾਮਲੇ ਦਰਜ ਕਰ ਕੇ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।