3 ਸਾਲਾ ਬੱਚੇ ਨੂੰ ਗੱਡੀ ਚਲਾਉਣ ਲਈ ਦੇਣ ਵਾਲੀ ਮਾਂ ਨੂੰ ਕੀਤਾ ਗਿਆ ਚਾਰਜ

ਓਨਟਾਰੀਓ, 12 ਜੂਨ (ਪੋਸਟ ਬਿਊਰੋ) : ਓਨਟਾਰੀਓ ਦੀ ਇੱਕ 33 ਸਾਲਾ ਮਹਿਲਾ ਨੂੰ ਆਪਣੇ ਤਿੰਨ ਸਾਲਾ ਬੱਚੇ ਨੂੰ ਹਾਈਵੇਅ ਉੱਤੇ ਗੱਡੀ ਦਾ ਸਟੀਅਰਿੰਗ ਫੜਾਉਣ ਲਈ ਚਾਰਜ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਦਰਹਾਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ 31 ਮਈ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਨਜ਼ਰ ਆ ਰਿਹਾ ਸੀ ਕਿ ਇੱਕ ਬੱਚਾ ਆਪਣੀ ਮਾਂ ਦੀ ਗੋਦੀ ਵਿੱਚ ਬੈਠਾ ਹੈ ਤੇ ਉਸ ਨੇ ਗੱਡੀ ਦਾ ਸਟੀਅਰਿੰਗ ਫੜ੍ਹਿਆ ਹੋਇਆ ਹੈ ਤੇ ਕਾਰ ਵੀ ਹਾਈ ਸਪੀਡ ਉੱਤੇ ਚੱਲ ਰਹੀ ਹੈ। ਇੱਥੇ ਹੀ ਬੱਸ ਨਹੀਂ, ਨਾ ਤਾਂ ਮਾਂ ਦੇ ਤੇ ਨਾ ਹੀ ਬੱਚੇ ਦੇ ਸੀਟ ਬੈਲਟ ਲੱਗੀ ਹੋਈ ਸੀ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਵੀ ਮਾਂ ਵੱਲੋਂ ਫੋਨ ਉੱਤੇ ਬਣਾਈ ਜਾ ਰਹੀ ਸੀ।
ਪੁਲਿਸ ਨੇ ਮਸ਼ਕੂਕ ਦਾ ਪਤਾ ਲਾ ਲਿਆ ਪਰ ਉਸ ਦਾ ਨਾਂ ਬੱਚੇ ਦੀ ਪਛਾਣ ਉਜਾਗਰ ਹੋਣ ਦੇ ਡਰ ਤੋਂ ਜਾਰੀ ਨਹੀਂ ਕੀਤਾ ਗਿਆ। ਚਿਲਡਰਨਜ਼ ਏਡ ਸੁਸਾਇਟੀ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਜਾਣੂ ਹੈ। ਮਹਿਲਾ ਖਿਲਾਫ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋ ਮਾਮਲੇ, ਸੀਟਬੈਲਟ ਨਾ ਪਾਉਣ ਦੇ ਦੋ ਮਾਮਲੇ, ਬੱਚੇ ਨੂੰ ਡਰਾਈਵਿੰਗ ਸਮੇਂ ਸੁਰੱਖਿਆ ਮੁਹੱਈਆ ਨਾ ਕਰਵਾਉਣ ਤੇ ਡਰਾਈਵਿੰਗ ਸਮੇਂ ਫੋਨ ਉੱਤੇ ਵੀਡੀਓ ਬਣਾਉਣ ਦੇ ਚਾਰਜ ਲਾਈ ਗਏ ਹਨ।