25 ਵਿਦਿਆਰਥੀਆਂ ਦੇ ਜਬਰੀ ਵਾਲ ਕੱਟਣ ਕਾਰਨ ਅਧਿਆਪਕ ਸਣੇ ਤਿੰਨ ਗ੍ਰਿਫਤਾਰ

arrested
ਮੁੰਬਈ, 2 ਜੁਲਾਈ (ਪੋਸਟ ਬਿਊਰੋ)- ਮੁੰਬਈ ਦੇ ਇੱਕ ਸਕੂਲ ਦੇ ਇੱਕ ਅਧਿਆਪਕ ਤੇ ਡਾਇਰੈਕਟਰ ਸਮੇਤ ਤਿੰਨ ਸਟਾਫ ਮੁਲਾਜ਼ਮਾਂ ਨੂੰ ਨਿਰਧਾਰਤ ਡਰੈੱਸ ਕੋਰਡ ਦਾ ਪਾਲਣ ਨਾ ਕਰਨ ਉੱਤੇ ਸਜ਼ਾ ਦੇਣ ਲਈ 25 ਵਿਦਿਆਰਥੀਆਂ ਦੇ ਵਾਲ ਜਬਰੀ ਕੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਵਿਕਰੇਲੀ ਉਪ ਨਗਰ ਵਿੱਚ ਸਵੇਰ ਦੀ ਪ੍ਰਾਰਥਨਾ ਮਗਰੋਂ ਹੋਈ। ਇਸ ਦੇ ਮਗਰੋਂ ਕੁਝ ਵਿਦਿਆਰਥੀਆਂ ਦੇ ਮਾਪਿਆਂ ਦੀ ਸ਼ਿਕਾਇਤ ‘ਤੇ ਮੁਲਾਜ਼ਮਾਂ ਨੂੰ ਕੱਲ੍ਹ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਵੀਂ ਤੋਂ 8ਵੀਂ ਤੱਕ ਦੇ 25 ਲੜਕਿਆਂ ਨੂੰ ਸਕੂਲ ਦੇ ਹੁਕਮ ਅਨੁਸਾਰ ਵਾਲ ਛੋਟੇ ਨਾ ਰੱਖਣ ਲਈ ਸਜ਼ਾ ਦਿੱਤੀ ਗਈ। ਪੁਲਸ ਦੇ ਮੁਤਾਬਕ ਸਕੂਲ ਨੇ ਕੁਝ ਦਿਨ ਪਹਿਲਾਂ ਵਿਦਿਆਰਥੀਆਂ ਨੂੰ ਛੋਟੇ ਵਾਲ ਰੱਖਣ ਨੂੰ ਕਿਹਾ ਸੀ, ਪਰ ਕੁਝ ਵਿਦਿਆਰਥੀਆਂ ਨੇ ਅਜਿਹਾ ਨਾ ਕੀਤਾ, ਜਿਸ ਮਗਰੋਂ ਸਕੂਲ ਡਾਇਰੈਕਟਰ ਗਣੇਸ਼ ਬਾਟਾ (40), ਸਰੀਰਕ ਸਿਖਿਆ ਅਧਿਆਪਕ ਮਲਿੰਦ ਜਾਨਕੇ (33) ਤੇ ਦਫਤਰ ਸਹਾਇਕ ਤੁਸ਼ਾਰ ਗੋਰੇ (32) ਨੇ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਤਿੰਨਾਂ ਨੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਵਾਲ ਕੱਟੇ, ਜਿਸ ‘ਚ ਕੈਂਚੀ ਨਾਲ ਦੋ ਲੜਕੇ ਜ਼ਖਮੀ ਵੀ ਹੋ ਗਏ ਸਨ।