23 ਲੱਖ ਬੈਂਕ ਖਾਤੇ ਇਨਕਮ ਟੈਕਸ ਵਿਭਾਗ ਦੇ ਰਡਾਰ ਉੱਤੇ


ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)- ਨੋਟਬੰਦੀ ਵਿੱਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੈਂਕ ਵਿੱਚ ਜਮ੍ਹਾ ਕਾਲੇ ਧਨ ਨੂੰ ਸਫੈਦ ਬਣਾਉਣ ਦੀ ਖੁਸ਼ੀ ਮਨਾਉਂਦੇ ਲੋਕਾਂ ਦੀ ਛੇਤੀ ਨੀਂਦ ਉਡ ਸਕਦੀ ਹੈ। ਇਨਕਮ ਟੈਕਸ ਵਿਭਾਗ ਨੇ 23 ਲੱਖ ਤੋਂ ਵੱਧ ਅਜਿਹੇ ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ ਨੋਟਬੰਦੀ ਦੇ ਦੌਰਾਨ ਵੱਡੀ ਗਿਣਤੀ ਵਿੱਚ ਕੈਸ਼ ਜਮ੍ਹਾ ਹੋਇਆ। ਵਿਭਾਗ ਹੁਣ ਇੱਕ-ਇੱਕ ਕਰ ਕੇ ਅਜਿਹੇ ਬੈਂਕ ਖਾਤਿਆਂ ਦੀ ਪੜਤਾਲ ਕਰ ਰਿਹਾ ਹੈ। ਵਿਭਾਗ ਉਨ੍ਹਾਂ ਲੋਕਾਂ ਤੋਂ ਹਿਸਾਬ ਮੰਗ ਰਿਹਾ ਹੈ, ਜਿਨ੍ਹਾਂ ਦੇ ਖਾਤੇ ਵਿੱਚ ਇਹ ਰਕਮ ਜਮ੍ਹਾ ਹੋਈ ਹੈ।
ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਨੋਟਬੰਦੀ ਦੇ ਬਾਅਦ ਸ਼ੱਕੀ ਬੈਂਕ ਖਾਤਿਆਂ ਦੀ ਪੜਤਾਲ ਦੇ ਲਈ ਆਪਰੇਸ਼ਨ ਕਲੀਨ ਮਨੀ ਸ਼ੁਰੂ ਕੀਤੀ ਸੀ। ਇਸ ਵਿੱਚ ਬੈਂਕਾਂ ਤੋਂ ਉਨ੍ਹਾਂ ਖਾਤਿਆਂ ਦੀ ਜਾਣਕਾਰੀ ਦੇਣ ਨੂੰ ਕਿਹਾ ਗਿਆ ਸੀ ਕਿ ਜਿਨ੍ਹਾਂ ਵਿੱਚ ਨੋਟਬੰਦੀ ਵੇਲੇ ਭਾਰੀ ਗਿਣਤੀ ਵਿੱਚ ਨਕਦੀ ਜਮ੍ਹਾ ਹੋਈ ਸੀ। ਆਪਰੇਸ਼ਨ ਕਲੀਨ ਮਨੀ ਦੇ ਪਹਿਲੇ ਪੜਾਅ ਵਿੱਚ ਵਿਭਾਗ ਨੇ ਅਜਿਹੇ 17.92 ਲੱਖ ਬੈਂਕ ਖਾਤਿਆਂ ਦੀ ਪਛਾਣ ਕੀਤੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪੁਰਾਣੇ ਨੋਟ ਜਮ੍ਹਾ ਹੋਏ। ਵਿਭਾਗ ਦੀ ਵਿਸ਼ੇਸ਼ ਟੀਮ ਇਨ੍ਹਾਂ ਖਾਤਿਆਂ ਦਾ ਈ-ਵੈਰੀਫਿਕੇਸ਼ਨ ਕਰ ਰਹੀਆਂ ਹਨ। ਇਸ ਦੇ ਬਾਅਦ ਵਿਭਾਗ ਨੇ ਮਈ ਵਿੱਚ ਆਪਰੇਸ਼ਨ ਕਲੀਨ ਮਨੀ ਦਾ ਦੂਸਰਾ ਪੜਾਅ ਸ਼ੁਰੂ ਕੀਤਾ। ਇਸ ਮੌਕੇ 5.68 ਲੱਖ ਨਵੇਂ ਖਾਤਿਆਂ ਦੀ ਪਛਾਣ ਛਾਣਬੀਣ ਲਈ ਕੀਤੀ ਗਈ। ਇਸ ਤਰ੍ਹਾਂ 23 ਲੱਖ ਤੋਂ ਵੱਧ ਬੈਂਕ ਖਾਤਿਆਂ ‘ਤੇ ਵਿਭਾਗ ਨਜ਼ਰ ਰੱਖ ਰਿਹਾ ਹੈ। ਇੰਨਾ ਹੀ ਨਹੀਂ, ਵਿਭਾਗ ਨੇ ਨੋਟਬੰਦੀ ਦੇ ਬਾਅਦ ਸਰਵੇ ਅਤੇ ਛਾਪੇਮਾਰੀ ਦੀ ਕਾਰਵਾਈ ਵਿੱਚ ਹੁਣ ਤੱਕ 2300 ਕਰੋੜ ਰੁਪਏ ਤੋਂ ਵੱਧ ਅਣਐਲਾਨੀ ਆਮਦਨ ਵੀ ਫੜੀ ਹੈ। ਇਹ ਆਮਦਨ ਡਾਕਟਰਾਂ ਤੋਂ ਲੈ ਕੇ ਜਿਊਲਰਾਂ ਅਤੇ ਰੀਅਲ ਅਸਟੇਟ ਵਾਲਿਆਂ ਤੋਂ ਪੜਤਾਲ ਵਿੱਚ ਮਿਲੀ ਹੈ। ਸੂਤਰਾਂ ਨੇ ਕਿਹਾ ਕਿ ਆਪਰੇਸ਼ਨ ਕਲੀਨ ਮਨੀ ਦੇ ਪਹਿਲੇ ਪੜਾਅ ਵਿੱਚ 900 ਸਮੂਹਾਂ ‘ਤੇ ਇਮਕਨ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਇਸ ਵਿੱਚ ਉਨ੍ਹਾਂ ਨੇ 16,398 ਕਰੋੜ ਰੁਪਏ ਕੀਤੀ। ਇਸ ਵਿੱਚ ਉਨ੍ਹਾਂ ਨੇ 16,398 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਸਵੀਕਾਰ ਕੀਤੀ। ਇਸ ਕਾਰਵਾਈ ਵਿੱਚ ਵਿਭਾਗ ਨੇ 636 ਕਰੋੜ ਰੁਪਏ ਕੈਸ਼ ਸਮੇਤ 900 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ। ਇਸ ਦੇ ਇਲਾਵਾ 8239 ਮਾਮਲਿਆਂ ਵਿੱਚ ਸਰਵੇ ਕਾਰਵਾਈ ਕੀਤੀ ਗਈ। ਇਸ ਵਿੱਚ ਵਿਭਾਗ ਨੇ 6746 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਫੜੀ। ਇਨਕਮ ਟੈਕਸ ਵਿਭਾਗ ਨੇ 400 ਤੋਂ ਵੱਧ ਮਾਮਲੇ ਜਾਂਚ ਦੇ ਲਈ ਸੀ ਬੀ ਆਈ ਦੇ ਕੋਲ ਵੀ ਭੇਜੇ ਹਨ।
ਸੂਤਰਾਂ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਹੁਣ ਤੱਕ ਜੋ ਜਾਂਚ ਕੀਤੀ ਹੈ, ਉਸ ਤੋਂ ਪਤਾ ਲੱਗਾ ਕਿ ਨੋਟਬੰਦੀ ਦੇ ਦੌਰਾਨ ਸਾਰੇ ਜਿਊਲਰਾਂ, ਪੈਟਰੋਲ ਪੰਪਾਂ, ਵਪਾਰੀਆਂ, ਰੀਅਲ ਅਸਟੇਟ ਵਾਲਿਆਂ, ਡਾਕਟਰਾਂ, ਸਰਕਾਰੀ ਕਰਮਚਾਰੀਆਂ ਅਤੇ ਸ਼ੇਲ ਕੰਪਨੀਆਂ ਨੇ ਵੱਡੀ ਗਿਣਤੀ ਵਿੱਚ ਪੁਰਾਣੇ ਨੋਟ ਬੈਂਕਾਂ ਵਿੱਚ ਜਮ੍ਹਾ ਕੀਤੇ।