23ਵਾਂ ਵਿਸਾਖੀ ਮੇਲਾ 20 ਮਈ ਦਿਨ ਐਤਵਾਰ ਨੂੰ

ਬਰੈਂਪਟਨ, (ਡਾ. ਝੰਡ) -‘ਸਕਾਈਡੋਮ ਗਰੁੱਪ ਆਫ਼ ਕੰਪਨੀਜ’ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਇਸ ਗਰੁੱਪ ਵੱਲੋਂ 23’ਵਾਂ ਵਿਸਾਖੀ ਮੇਲਾ ਕੰਪਨੀ ਦੀ ਲੋਕੇਸ਼ਨ 210 ਰੱਦਰਫ਼ੋਰਡ ਜਿੱਥੇ ਗੱਡੀਆਂ ਐਮਿੱਸ਼ਨ ਅਤੇ ਅਲਾਈਨਮੈਂਟ ਦਾ ਕੰਮ ਕੀਤਾ ਜਾਂਦਾ ਹੈ, ਵਿਖੇ 20 ਮਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6.00 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਹ ਵਰ੍ਹਾ 2018 ‘ਸਕਾਈਡੋਮ ਕੰਪਨੀ’ ਦੀ ‘ਸਿਲਵਰ-ਜੁਬਲੀ’ ਦਾ ਵੀ ਸ਼ੁਭ-ਮੌਕਾ ਹੈ ਜਦੋਂ 25 ਸਾਲ ਪਹਿਲਾਂ 1993 ਵਿਚ ਇਹ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ਤੋਂ ਦੋ ਸਾਲ ਬਾਅਦ ਹੀ ਕੰਪਨੀ ਵੱਲੋਂ ਇਹ ਵਿਸਾਖੀ ਮੇਲੇ ਦਾ ਸ਼ੁਭ ਆਰੰਭ ਕੀਤਾ ਗਿਆ ਸੀ।
ਇਸ ਮੇਲੇ ਵਿਚ ਮਨੋਰੰਜਨ ਦਾ ਲਾਈਵ-ਪ੍ਰੋਗਰਾਮ ਸਾਰਾ ਦਿਨ ਚੱਲੇਗਾ ਅਤੇ ਇਸ ਵਿਚ ਰਣਜੀਤ ਸਿੰਘ ਲਾਲ’ ਦੇ ਮਿਊਜ਼ੀਕਲ ਗਰੁੱਪ ਨਾਲ ਪੰਜਾਬ ਤੋਂ ਆਈਆਂ ਪੰਜਾਬੀ-ਗਾਇਕਾਵਾਂ ਰੁਪਿੰਦਰ ਰਿੰਪੀ, ਰਾਬੀਆ ਸੱਗੂ ਅਤੇ ਕਈ ਹੋਰ ਗਾਇਕ-ਕਲਾਕਾਰ ਆਏ ਮਹਿਮਾਨਾਂ ਦਾ ਮਨੋਰੰਜਨ ਕਰਨਗੇ। ਇਸ ਦੇ ਨਾਲ ਹੀ ਚਾਹ, ਪਕੌੜੇ, ਜਲੇਬੀਆਂ, ਪੂਰੀਆਂ-ਛੋਲੇ ਅਤੇ ਜੂਸ ਦਾ ਲੰਗਰ ਵੀ ਲਗਾਤਾਰ ਜਾਰੀ ਰਹੇਗਾ। ਚੱਲ ਰਹੇ ਪ੍ਰੋਗਰਾਮ ਦੌਰਾਨ ਹਰ ਸਾਲ ਦੀ ਤਰ੍ਹਾਂ 10 ਲੱਕੀ-ਡਰਾਅ ਕੱਢੇ ਜਾਣਗੇ ਜਿਨ੍ਹਾਂ ਵਿਚ 50 ਇੰਚ ਦਾ ਵੱਡਾ ਟੀ.ਵੀ., ਮਾਈਕਰੋਵੇਵ-ਓਵਨ ਅਤੇ ਹੋਰ ਕਈ ਦਿਲਕਸ਼ ਇਨਾਮ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਇਹ ਵਿਸਾਖੀ-ਮੇਲਾ ਹਰ ਸਾਲ ਕਮਿਊਨਿਟੀ ਦੇ ਨਾਲ ਸਾਂਝ ਵਧਾਉਣ ਅਤੇ ਇਸ ਨੂੰ ਹੋਰ ਪਕੇਰਾ ਕਰਨ ਲਈ ਮਨਾਇਆ ਜਾਂਦਾ ਹੈ ਅਤੇ ਪੰਜਾਬੀ ਕਮਿਊਨਿਟੀ ਤੇ ਹੋਰ ਕਮਿਊਨਿਟੀਆਂ ਦੇ ਸੈਂਕੜੇ ਪਤਵੰਤੇ ਸੱਜਣ ਅਤੇ ਕੱਸਟਮਰਜ਼ ਇਸ ਵਿਚ ਸ਼ਾਮਲ ਹੋ ਕੇ ਇਸ ਦੀ ਸ਼ੋਭਾ ਨੂੰ ਚਾਰ-ਚੰਨ ਲਾਉਂਦੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਇਸ ਸਾਲ ਹੋਰ ਵੀ ਵਧੇਰੇ ਲੋਕ ਇਸ ਵਿਚ ਸ਼ਾਮਲ ਹੋ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਉਣਗੇ। ਸਤਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ, ਇੰਦਰਪਾਲ ਸਿੰਘ ਗੈਦੂ ਅਤੇ ਸਤਵੀਰ ਸਿੰਘ ਗੈਦੂ ਵੱਲੋਂ ਸਾਰਿਆਂ ਨੂੰ ਇਸ ਮੇਲੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।