22 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਫੈਡਰਲ ਬਜਟ

Fullscreen capture 382017 73003 AMਓਟਵਾ, 7 ਮਾਰਚ (ਪੋਸਟ ਬਿਊਰੋ) : ਵਿੱਤ ਮੰਤਰੀ ਬਿੱਲ ਮੌਰਨਿਊ ਫੈਡਰਲ ਸਰਕਾਰ ਦਾ ਬਜਟ 22 ਮਾਰਚ ਨੂੰ ਪੇਸ਼ ਕਰਨਗੇ। ਡੌਨਲਡ ਟਰੰਪ ਦੇ ਯੁੱਗ ਵਿੱਚ ਆਰਥਿਕ ਅਸਥਿਰਤਾ ਦਰਮਿਆਨ ਮੌਰਨਿਊ ਦਾ ਇਹ ਪਹਿਲਾ ਬਜਟ ਹੋਵੇਗਾ।
ਅੱਜ ਪ੍ਰਸ਼ਨਕਾਲ ਦੌਰਾਨ ਮੌਰਨਿਊ ਨੇ ਇਹ ਐਲਾਨ ਕਰਦਿਆਂ ਆਖਿਆ ਕਿ 2017 ਦੇ ਇਸ ਬਜਟ ਨਾਲ ਅਸੀਂ ਰੋਜ਼ਗਾਰ ਦੇ ਮੌਕੇ ਸਿਰਜਾਂਗੇ ਤੇ ਆਪਣੀਆਂ ਕਮਿਊਨਿਟੀਜ਼ ਵਿੱਚ ਨਿਵੇਸ਼ ਕਰਾਂਗੇ। ਇਸ ਤੋਂ ਇਲਾਵਾ ਭਵਿੱਖ ਵਿੱਚ ਆਪਣੇ ਅਰਥਚਾਰੇ ਦੀ ਸਫਲਤਾ ਯਕੀਨੀ ਬਣਾਵਾਂਗੇ। 2015 ਦੀਆਂ ਚੋਣਾਂ ਤੋਂ ਬਾਅਦ ਲਿਬਰਲ ਸਰਕਾਰ ਦਾ ਇਹ ਦੂਜਾ ਬਜਟ ਹੈ।
ਮੌਰਨਿਊ ਇਸ ਬਾਰੇ ਚਰਚਾ ਕਰਨ ਵਿੱਚ ਵਧੇਰੇ ਦਿਲਚਸਪੀ ਲੈ ਰਹੇ ਹਨ ਕਿ ਕਿਸ ਤਰ੍ਹਾਂ ਬਜਟ ਨਾਲ ਹਾਈਟੈਕ ਅਰਥਚਾਰਾ ਵਿਕਸਤ ਕੀਤਾ ਜਾ ਸਕੇਗਾ ਪਰ ਉਹ ਸਰਹੱਦ ਦੇ ਦੱਖਣ ਵੱਲ ਫੈਲੀ ਅਸਥਿਰਤਾ ਦੀ ਕੋਈ ਗੱਲ ਨਹੀਂ ਕਰ ਰਹੇ। ਉਨ੍ਹਾਂ ਆਖਿਆ ਕਿ ਸਾਨੂੰ ਚੁਣੌਤੀਆਂ ਨੂੰ ਕਿਸ ਤਰ੍ਹਾਂ ਮੌਕਿਆਂ ਵਿੱਚ ਬਦਲਣਾ ਚਾਹੀਦਾ ਹੈ ਇਹ ਸੋਚਣਾ ਹੋਵੇਗਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਟਰੰਪ ਪ੍ਰਸ਼ਾਸਨ ਦੇ ਫੈਸਲਿਆਂ ਕਾਰਨ ਕੈਨੇਡਾ ਵਿੱਚ ਅਰਥਚਾਰੇ ਦੀ ਸਥਿਤੀ ਬਦਤਰ ਹੋਣ ਦਾ ਜਿਹੜਾ ਡਰ ਪੈਦਾ ਹੋਇਆ ਹੈ ਉਸ ਬਾਰੇ ਮੌਰਨਿਊ ਦਾ ਬਜਟ ਕਿੰਨੀ ਕੁ ਗੱਲ ਕਰਦਾ ਹੈ ਇਹ ਅਜੇ ਅਸਪਸ਼ਟ ਹੈ।
ਮੌਰਨਿਊ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਸ਼ਵਵਿਆਪੀ ਹਾਲਾਤ ਦੀ ਆਪਣੀ ਅਹਿਮੀਅਤ ਹੈ, ਸਾਡੇ ਅਰਥਚਾਰੇ ਲਈ ਵਿਸ਼ਵਵਿਆਪੀ ਵਿਕਾਸ ਵੀ ਜ਼ਰੂਰੀ ਹੈ ਪਰ ਸਾਡੇ ਲਈ ਦੁਨੀਆਂ ਨਾਲੋਂ ਕੈਨੇਡਾ ਦੇ ਹਾਲਾਤ ਦੀ ਚੰਗੀ ਸਮਝ ਵਧੇਰੇ ਮਾਇਨੇ ਰੱਖਦੀ ਹੈ। ਸਾਡੇ ਪ੍ਰੋਗਰਾਮ ਨਾਲ ਅਸੀਂ ਅਜਿਹੇ ਮਾਪਦੰਡ ਲਿਆ ਰਹੇ ਹਾਂ ਜਿਹੜੇ ਕੈਨੇਡਾ ਦੇ ਵਿਕਾਸ ਦਾ ਪੱਧਰ ਹੋਰ ਉੱਚਾ ਕਰਨਗੇ ਤੇ ਜੋ ਸਾਰੇ ਕੈਨੇਡੀਅਨਾਂ ਲਈ ਅਹਿਮ ਹੋਣਗੇ।