2018 ਚੋਣਾਂ: ਲਿਬਰਲਾਂ ਪ੍ਰਤੀ ਉਦਾਸੀਨਤਾ ਅਤੇ ਨਵੀਆਂ ਸਿਆਸੀ ਪਾਰਟੀਆਂ ਦੀ ਗੱਲ

7 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਲਿਬਰਲ ਸਰਕਾਰ ਦੇ 15 ਸਾਲਾ ਰਾਜਕਾਲ ਦਾ ਅੰਤ ਹੋ ਜਾਵੇਗਾ। ਇਸ ਬਾਰੇ ਨਾ ਲਿਬਰਲ ਪਾਰਟੀ ਨੂੰ ਕੋਈ ਸ਼ੱਕ ਹੈ ਅਤੇ ਨਾ ਹੀ ਪ੍ਰੋਵਿੰਸ ਦੇ ਸਿਆਸੀ ਪੰਡਤਾਂ ਨੂੰ। 15 ਸਾਲ ਦੇ ਰਾਜਕਾਲ ਦੌਰਾਨ ਕੀਤੀਆਂ ਗਲਤੀਆਂ ਅਤੇ ਪਬਲਿਕ ਦੀਆਂ ਆਸਾਂ ਦੀ ਅਪੇਖਿਆ ਦਾ ਇਹ ਹਾਲ ਹੈ ਕਿ ਇਹ ਚੋਣ ਪਰਚਾਰ ਮੁੱਦਿਆਂ ਉੱਤੇ ਆਧਾਰਿਤ ਹੋਣ ਦੀ ਥਾਂ ਇੱਕ ਮੁੱਦੇ ਉੱਤੇ ਵਧੇਰੇ ਕੇਂਦਰਿਤ ਰਿਹਾ ਹੈ। ਇਹ ਮੁੱਦਾ ਸੀ ਪ੍ਰੀਮੀਅਰ ਕੈਥਲਿਨ ਵਿੱਨ ਅਤੇ ਉਸਦੀ ਸਰਕਾਰ ਨੂੰ ਗੱਦਿਉਂ ਲਾਹੁਣ ਦਾ। ਬੇਸ਼ੱਕ ਲਿਬਰਲ ਸਰਕਾਰ ਦਾ ਸੱਤਾ ਤੋਂ ਲਾਂਭੇ ਹੋਣਾ ਉਂਟੇਰੀਓ ਦੇ ਲੋਕਤਾਂਤਰਿਕ ਢਾਂਚੇ ਲਈ ਇੱਕ ਸਿਹਤਮੰਦ ਗੱਲ ਹੋਵੇਗੀ ਪਰ ਕੈਨੇਡਾ ਦੇ ਸੱਭ ਤੋਂ ਵੱਧ ਸੰਘਣੀ ਜਨਸੰਖਿਆ ਵਾਲੇ ਅਤੇ ਮੁਲਕ ਦੀ ਰਾਜਧਾਨੀ ਦਾ ਸਥਾਨ ਹੋਣ ਵਾਲੇ ਪ੍ਰੋਵਿੰਸ ਵਿੱਚ ਮੁੱਦਿਆਂ ਰਹਿਤ ਚੋਣਾਂ ਹੋਣਾ ਚਿੰਤਾ ਦਾ ਵਿਸ਼ਾ ਹੈ।

ਲਿਬਰਲ ਪਾਰਟੀ ਨੂੰ ਹਰਾਉਣ ਦਾ ਮੁੱਦਾ ਐਨਾ ਵੱਡਾ ਰਿਹਾ ਕਿ ਕੰਜ਼ਰਵੇਟਿਵ ਪਾਰਟੀ ਨੇ ਚੋਣਾਂ ਤੋਂ ਇੱਕ ਹਫਤਾ ਪਹਿਲਾਂ ਤੱਕ ਆਪਣਾ ਚੋਣ ਪਲੇਟਫਾਰਮ ਜਾਰੀ ਨਹੀਂ ਸੀ ਕੀਤਾ। ਜੇ ਸਾਹਮਣੇ ਟੱਕਰ ਬਰਾਬਰ ਦੀ ਹੋਵੇ ਤਾਂ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਕੋਈ ਸਿਆਸੀ ਪਾਰਟੀ ਵਿਧੀਵਤ ਚੋਣ ਪਲੇਟਫਾਰਮ ਤੋਂ ਬਗੈਰ ਹੀ ਚੋਣਾਂ ਜਿੱਤਣ ਦੀ ਗੱਲ ਸੋਚ ਵੀ ਸਕਦੀ ਹੈ। ਪਰ ਇਸ ਵਾਰ ਅਸੀਂ ਵੇਖਿਆ ਕਿ ਜੇ ਕੰਜ਼ਰਵੇਟਿਵਾਂ ਦੀ ਲੋਕਪ੍ਰਿਅਤਾ ਪਹਿਲਾਂ ਵਰਗੇ ਸ਼ਕਤੀਸ਼ਾਲੀ ਨਹੀਂ ਰਹੀ ਤਾਂ ਵੀ ਉਹ ਐਨ ਡੀ ਪੀ ਨੂੰ ਬਰਾਬਰ ਦੀ ਟੱਕਰ ਦੇ ਰਹੇ ਹਨ। ਐਨ ਡੀ ਪੀ ਨੂੰ ਵੀ ਲੋਕਾਂ ਸਾਹਮਣੇ ਜਾਣ ਵਾਸਤੇ ਕੋਈ ਬਹੁਤਾ ਸਿਰ ਖਪਾਉਣ ਦੀ ਲੋੜ ਨਹੀਂ ਪਈ। ਬੱਸ ਲਿਬਰਲ ਪਲੇਟਫਾਰਮ ਨੂੰ ਟੀਪ-ਟੱਲੀ ਕਰਕੇ ਅਤੇ ਉਸ ਉੱਤੇ ਆਪਣੀ ਜਿਲਦ ਚੜਾ ਕੇ ਪੇਸ਼ ਕਰ ਦਿੱਤਾ।

ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਘਿਸੇ ਪਿਟੇ ਸਟਾਈਲ ਵਿੱਚ ਲੋਕ ਲੁਭਾਊ ਸਿਆਸਤ ਕਰਨ ਤੋਂ ਅੱਕਣ ਦਾ ਇਹ ਨਤੀਜਾ ਹੈ ਇਸ ਵਾਰ 9 ਨਵੀਆਂ ਸਿਆਸੀ ਪਾਰਟੀਆਂ ਮੈਦਾਨ ਵਿੱਚ ਉੱਤਰੀਆਂ ਹਨ। ਇਹਨਾਂ ਪਾਰਟੀਆਂ ਨੇ ਉਹ ਮੁੱਦੇ ਚੁੱਕੇ ਜਿਹਨਾਂ ਬਾਰੇ ਇਹਨਾਂ ਪਾਰਟੀਆਂ ਨਾਲ ਜੁੜੇ ਲੋਕ ਸੰਜੀਦਗੀ ਨਾਲ ਕੰਮ ਕਰ ਰਹੇ ਹਨ। ਇਹਨਾਂ ਪਾਰਟੀਆਂ ਦੇ ਕਰਤਾਵਾਂ ਧਰਤਾਵਾਂ ਨੂੰ ਪਤਾ ਸੀ ਗਰੀਨ ਪਾਰਟੀ ਸਮੇਤ 3 ਮੁੱਖ ਸਿਆਸੀ ਪਾਰਟੀਆਂ ਉਹਨਾਂ ਦੇ ਮੁੱਦਿਆਂ ਬਾਰੇ ਕੋਈ ਬਹੁਤਾ ਧਿਆਨ ਨਹੀਂ ਦੇਣਗੀਆਂ। ਇਹ ਸਾਰੀਆਂ ਪਾਰਟੀਆਂ ਛੋਟੀਆਂ ਹਨ ਜੋ ਇੱਕ ਜਾਂ ਦੋ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉੱਤਰੀਆਂ ਹਨ। ਬੇਸ਼ੱਕ ਇਹਨਾਂ ਦੇ ਜਿੱਤਣ ਦੇ ਕੋਈ ਆਸਾਰ ਨਹੀਂ ਹਨ ਪਰ ਇਹਨਾਂ ਵੱਲੋਂ ਚੁੱਕੇ ਗਏ ਮੁੱਦੇ ਉਸ ਲੋੜ ਉੱਤੇ ਚਾਨਣਾ ਪਾਉਂਦੇ ਹਨ ਜੋ ਮੁੱਖ ਧਾਰਾ ਦੀ ਸਿਆਸਤ ਦੇ ਅੱਖੋਂ ਪਰੋਖੇ ਹੋ ਕੇ ਰਹਿ ਜਾਂਦਾ ਹਨ।

ਇੱਕ ਨਵੀਂ ਪਾਰਟੀ Concensus Party (ਲੋਕ ਸਹਿਮਤੀ ਪਾਰਟੀ) ਹੈ ਜਿਸਦਾ ਮਨੋਰਥ ਉਂਟੇਰੀਓ ਵਿੱਚੋਂ ਪਾਰਟੀ ਸਿਸਟਮ ਨੂੰ ਖਤਮ ਕਰਨਾ ਹੈ ਤਾਂ ਜੋ ਸਾਰੇ ਐਮ ਪੀ ਪੀ ਅਜ਼ਾਦ ਹੋਣਗੇ। ਇਹਨਾਂ ਦਾ ਖਿਆਲ ਹੈ ਕਿ ਵਰਤਮਾਨ ਵਿੱਚ ਸਿਆਸੀ ਪਾਰਟੀਆਂ ‘ਪਾੜੋ ਅਤੇ ਆਪਣਾ ਕਬਜ਼ਾ ਕਾਇਮ ਰੱਖੋ, ਦੇ ਸਿਧਾਂਤ ਉੱਤੇ ਕੰਮ ਕਰਦੀਆਂ ਹਨ। ਇੱਕ ਨਵੀਂ ਪਾਰਟੀ ਦਾ ਨਾਮ ਨਿਊ ਪੀਪਲਜ਼ ਪਾਰਟੀ ਹੈ ਜੋ ਡਾਊਨ ਟਾਊਨ ਵਿੱਚ ਵਾਹਨ ਚਲਾਉਣ ਵਾਲਿਆਂ ਉੱਤੇ ਵਧੇਰੇ ਟੈਕਸ ਲਾਉਣ ਦੀ ਚੋਣ ਲੜ ਰਹੀ ਹੈ। ‘ਕੈਨੇਡੀਅਨ ਇਕਾਨਮਿਕ ਪਾਰਟੀ’ ਗਰੀਬੀ ਦੂਰ ਕਰਨ ਦੇ ਝੰਡੇ ਥੱਲੇ ਦੋ ਸੀਟਾਂ ਤੋਂ ਚੋਣ ਲੜ ਰਹੀ ਹੈ।

ਮਲਟੀਕਲਚਰਲ ਪਾਰਟੀ ਆਫ ਉਂਟੇਰੀਓ ਵਿਭਿੰਨਤਾ ਭਾਵ ਮਲਟੀਕਲਚਰਿਜ਼ਮ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵੋਟਾਂ ਲੜੀਆਂ ਜਾ ਰਹੀਆਂ ਹਨ। ਇਹ ਨਿਆਗਰਾ ਰੀਜਨ ਵਿੱਚ ਸਰਗਰਮ ਹੋਣ ਦੀ ਕੋਸਿ਼ਸ਼ ਵਿੱਚ ਹੈ। ਉਂਟੇਰੀਓ ਅਲਾਇੰਸ ਪਾਰਟੀ ਸਰਕਾਰਾਂ ਵੱਲੋਂ ਕੀਤੇ ਜਾਂਦੇ ਫਜ਼ੂਲ ਖਰਚਿਆਂ ਨੂੰ ਰੋਕਣ ਲਈ ਚੋਣਾਂ ਲੜ ਰਹੀ ਹੈ। ਇਸੇ ਤਰਾਂ ਉਂਟੇਰੀਓ ਸੋਸ਼ਲ ਰੀਫਾਰਮ ਪਾਰਟੀ ਸਰਕਾਰਾਂ ਨੂੰ ਵਧੇਰੇ ਜਵਾਬਦੇਹ ਅਤੇ ਜੁੰਮੇਵਾਰ ਬਣਾਉਣ ਲਈ ਆਵਾਜ਼ ਚੁੱਕ ਰਹੀ ਹੈ। ਪਾਰਟੀ ਆਫ ਆਬਜੈਕਟਿਵ ਟਰੁੱਥ (Party of Objective Truth) ਅਤੇ ਸਟਾਪ ਕਲਾਈਮੇਟ ਚੇਂਜ ਪਾਰਟੀ ਆਪੋ ਆਪਣੇ ਉਦੇਸ਼ ਲੈ ਕੇ ਇੱਕ ਜਾਂ ਦੋ ਰਾਈਡਿੰਗਾਂ ਤੋਂ ਚੋਣ ਲੜ ਰਹੀਆਂ ਹਨ। ਇਹਨਾਂ 9 ਨਵੀਆਂ ਪਾਰਟੀਆਂ ਨਾਲ ਚੋਣ ਲੜਨ ਵਾਲੀਆਂ ਕੁੱਲ ਸਿਆਸੀ ਪਾਰਟੀਆਂ ਦੀ ਗਿਣਤੀ 28 ਜਾ ਪੁੱਜੀ ਹੈ।

ਬੇਸ਼ੱਕ ਇਹਨਾਂ ਸਾਰੀਆਂ ਪਾਰਟੀਆਂ ਵੱਲੋਂ ਇੱਕ ਵੀ ਸੀਟ ਜਿੱਤਣ ਦੇ ਕੋਈ ਆਸਾਰ ਨਹੀਂ ਹਨ ਪਰ ਇੱਕ ਅਜਿਹੇ ਰੁਝਾਨ ਵੱਲ ਇਸ਼ਾਰਾ ਕਰਦੀਆਂ ਹਨ ਜੋ ਕੱਲ ਨੂੰ ਕਿਸੇ ਨਵੀਂ ਸਿਆਸੀ ਪਾਰਟੀ ਨੂੰ ਹੋਂਦ ਵਿੱਚ ਲਿਆਉਣ ਦੀ ਕੰਮ ਕਰ ਸਕਦੀਆਂ ਹਨ।