2017 ਵਿੱਚ 7000 ਭਾਰਤੀ ਕਰੋੜਪਤੀਆਂ ਨੇ ਆਪਣਾ ਦੇਸ਼ ਛੱਡਿਆ


ਨਵੀਂ ਦਿੱਲੀ, 5 ਫਰਵਰੀ (ਪੋਸਟ ਬਿਊਰੋ)- ਦੇਸ਼ ਛੱਡਣ ਵਾਲੇ ਕਰੋੜਪਤੀਆਂ ਦੀ ਗਿਣਤੀ ਵਿੱਚ ਸਾਲ 2017 ਵਿੱਚ 16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ 7000 ਉਚੀ ਨੈਟਵਰਥ ਵਾਲੇ ਭਾਰਤੀਆਂ ਨੇ ਆਪਣਾ ਸਥਾਈ ਨਿਵਾਸ ਬਦਲ ਲਿਆ। ਇਹ ਚੀਨ ਤੋਂ ਬਾਅਦ ਵਿਦੇਸ਼ ਜਾਣ ਵਾਲੇ ਕਰੋੜਪਤੀਆਂ ਦੀ ਦੁੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਨਿਊ ਵਰਲਡ ਵੈਲਥ ਦੀ ਰਿਪੋਰਟ ਅਨੁਸਾਰ 2017 ਵਿੱਚ 7000 ਕਰੋੜਪੀਆਂ ਨੇ ਆਪਣਾ ਨਿਵਾਸ ਕਿਸੇ ਹੋਰ ਦੇਸ਼ ਨੂੰ ਬਣਾ ਲਿਆ। ਸਾਲ 2016 ਵਿੱਚ ਇਹ ਗਿਣਤੀ 6000 ਅਤੇ 2015 ਵਿੱਚ 4000 ਸੀ।
ਰਿਪੋਰਟ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਅਮੀਰਾਂ ਦਾ ਪ੍ਰਵਾਸ ਲਗਾਤਾਰ ਵਧ ਰਿਹਾ ਹੈ। ਰਿਪੋਰਟ ਦਾ ਕਹਿਣਾ ਹੈ ਕਿ ਭਾਰਤ ਤੇ ਚੀਨ ਲਈ ਕਰੋੜਪਤੀਆਂ ਦਾ ਦੇਸ਼ ਤੋਂ ਪ੍ਰਵਾਸ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਜਿੰਨੇ ਲੋਕ ਇਥੋਂ ਜਾ ਰਹੇ ਹਨ ਉਸ ਤੋਂ ਵੱਧ ਗਿਣਤੀ ਵਿੱਚ ਅਰਬਪਤੀ ਜੁੜ ਰਹੇ ਹਨ। ਸੰਸਾਰ ਪੱਧਰ ‘ਤੇ 2017 ‘ਚ 10,000 ਚੀਨੀ ਕਰੋੜਪਤੀਆਂ ਨੇ ਆਪਣਾ ਡੋਮੀਸਾਈਲ ਬਦਲਿਆ ਸੀ। ਹੋਰ ਦੇਸ਼ਾਂ ਦੇ ਅਮੀਰਾਂ ਦਾ ਆਪਣੇ ਦੇਸ਼ ਤੋਂ ਦੂਜੇ ਦੇਸ਼ ਵਿੱਚ ਵਸ ਜਾਣ ਦੀ ਗਿਣਤੀ ਵਿੱਚ ਤੁਰਕੀ ਦੇ 6000, ਬ੍ਰਿਟੇਨ ਦੇ 4000, ਫਰਾਂਸ ਦੇ 4000 ਅਤੇ ਰੂਸ ਦੇ 3000 ਕਰੋੜਪਤੀਆਂ ਨੇ ਨਾਗਰਿਕਤਾ ਬਦਲੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਭਾਰਤ ਅਤੇ ਚੀਨ ਵਿੱਚ ਰਹਿਣ ਦੇ ਮਾਪਦੰਡਾਂ ਵਿੱਚ ਸੁਧਾਰ ਹੋ ਰਿਹਾ ਹੈ। ਅਜਿਹੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਚੀਨ ਦੇ ਇਹ ਕਰੋੜਪਤੀ ਬਾਹਰੀ ਦੇਸ਼ਾਂ ਵਿੱਚ ਡੋਮੀਸਾਈਲ ਨਹੀਂ ਲੈਣਗੇ।
ਸਥਾਈ ਨਿਵਾਸ ਬਦਲਣ ਦੇ ਰੁਖ਼ ਮੁਤਾਬਕ ਭਾਰਤ ਦੇ ਕਰੋੜਪਤੀ ਅਮਰੀਕਾ, ਯੂ ਏ ਈ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਗਏ ਹਨ। ਚੀਨੀ ਕਰੋੜਪਤੀਆਂ ਦਾ ਰੁਖ਼ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਵੱਲ ਹੈ। ਦੂਜੇ ਪਾਸੇ ਆਸਟਰੇਲੀਆ ਨੂੰ 10,000 ਅਮੀਰ ਲੋਕਾਂ ਨੇ ਆਪਣਾ ਘਰ ਬਣਾਇਆ ਹੈ। ਆਸਟਰੇਲੀਆ 2017 ਵਿੱਚ ਸਭ ਤੋਂ ਵੱਧ ਲੋਕਾਂ ਦੀ ਪਸੰਦ ਰਿਹਾ ਹੈ। ਇਸ ਦੇ ਦਮ ‘ਤੇ ਆਸਟਰੇਲੀਆ ਨੇ ਅਮਰੀਕਾ ਨੂੰ ਲਗਾਤਾਰ ਤੀਸਰੇ ਸਾਲ ਪਛਾੜਿਆ ਹੈ।