2017 ਦੀ ਚੌਥੀ ਤਿਮਾਹੀ ਵਿੱਚ ਰੀਅਲ ਅਸਟੇਟ ਮਾਰਕਿਟ ਹੋਈ ਮਜ਼ਬੂਤ

ਪਰ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਪਿਆ ਮੱਠਾ
ਟੋਰਾਂਟੋ, 10 ਜਨਵਰੀ (ਪੋਸਟ ਬਿਊਰੋ) : ਕੈਨੇਡਾ ਦੀ ਰੈਜ਼ੀਡੈਂਸ਼ੀਅਲ ਰੀਅਲ ਅਸਟੇਟ ਮਾਰਕਿਟ ਵਿੱਚ ਮਜ਼ਬੂਤੀ ਆਈ ਹੈ ਪਰ 2017 ਦੀ ਚੌਥੀ ਤਿਮਾਹੀ ਵਿੱਚ ਸਾਲ ਦਰ ਸਾਲ ਕੀਮਤਾਂ ਵਿੱਚ ਵਾਧਾ ਮੱਠਾ ਪੈ ਗਿਆ।
ਰੀਅਲ ਅਸਟੇਟ ਕੰਪਨੀ ਨੇ 53 ਮਾਰਕਿਟਸ ਦੇ ਡਾਟਾ ਦੇ ਅਧਾਰ ਉੱਤੇ ਇਹ ਪਤਾ ਲਾਇਆ ਹੈ ਕਿ ਕੈਨੇਡਾ ਵਿੱਚ ਘਰਾਂ ਦੀ ਕੀਮਤ ਵਿੱਚ ਸਾਲ ਦਰ ਸਾਲ ਦੇ ਹਿਸਾਬ ਨਾਲ 10.8 ਫੀ ਸਦੀ ਵਾਧਾ ਹੋਇਆ। ਇਹ ਕੀਮਤ ਇਸ ਤਿਮਾਹੀ ਵਿੱਚ ਵੱਧ ਕੇ 626,042 ਡਾਲਰ ਤੱਕ ਅੱਪੜ ਗਈ। ਰਾਇਲ ਲੀ ਪੇਜ ਦਾ ਕਹਿਣਾ ਹੈ ਕਿ ਸਾਲ ਦਰ ਸਾਲ ਦੋ ਮੰਜਿ਼ਲਾ ਘਰ ਦੀ ਕੀਮਤ 11.1 ਫੀ ਸਦੀ ਭਾਵ 741,924 ਡਾਲਰ ਤੱਕ ਅੱਪੜ ਗਈ ਹੈ ਤੇ ਬੰਗਲੇ ਦੀ ਕੀਮਤ ਵੱਧ ਕੇ 7.1 ਫੀ ਸਦੀ ਭਾਵ 522,963 ਡਾਲਰ ਤੱਕ ਅੱਪੜ ਗਈ।
ਪਰ ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਕੰਪਨੀ ਨੇ ਆਖਿਆ ਕਿ ਕੌਂਡੋ ਦੀ ਔਸਤ ਕੀਮਤ ਵਿੱਚ ਘਰਾਂ ਦੀ ਕਿਸੇ ਵੀ ਹੋਰ ਕਿਸਮ ਨਾਲੋਂ ਜਿ਼ਆਦਾ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਲ ਦਰ ਸਾਲ ਦੇ ਹਿਸਾਬ ਨਾਲ ਇਨ੍ਹਾਂ ਦੀਆਂ ਕੀਮਤਾਂ 14.3 ਫੀ ਸਦੀ ਦੇ ਹਿਸਾਬ ਨਾਲ ਵੱਧ ਕੇ 420,823 ਡਾਲਰ ਤੱਕ ਪਹੁੰਚ ਗਈਆਂ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕੌਂਡੋ ਦੀ ਕੀਮਤ 19.5 ਫੀ ਸਦੀ ਮਤਲਬ 476,421 ਡਾਲਰ ਹੋ ਗਈ ਜਦਕਿ ਟੋਰਾਂਟੋ ਸ਼ਹਿਰ ਵਿੱਚ ਕੌਂਡੋ ਦੀ ਕੀਮਤ 19.6 ਫੀ ਸਦੀ ਵੱਧ ਕੇ 515,578 ਫੀ ਸਦੀ ਤੱਕ ਵੱਧ ਗਈ।
ਗ੍ਰੇਟਰ ਵੈਨਕੂਵਰ ਵਿੱਚ ਵੀ ਇਸੇ ਤਿਮਾਹੀ ਦੌਰਾਨ ਕੀਮਤਾਂ ਵਿੱਚ 20.2 ਫੀ ਸਦੀ ਦਾ ਇਜਾਫਾ ਹੋਇਆ ਤੇ ਇਹ ਵੱਧ ਕੇ 651,885 ਡਾਲਰ ਤੱਕ ਪਹੁੰਚ ਗਈਆਂ।