2016 ਵਿੱਚ ਅੱਤਵਾਦੀ ਹਮਲਿਆਂ ਵਿੱਚ ਵੱਧ ਦੇਸ਼ ਨਿਸ਼ਾਨਾ ਬਣੇ, ਮੌਤਾਂ ਦੀ ਗਿਣਤੀ ਘਟੀ


ਲੰਡਨ, 16 ਨਵੰਬਰ (ਪੋਸਟ ਬਿਊਰੋ)- ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਸਾਲ 2016 ਵਿੱਚ ਲਗਾਤਾਰ ਦੂਸਰੇ ਸਾਲ ਘੱਟ ਹੋਈ ਹੈ, ਪਰ ਇਸ ਤੋਂ ਪ੍ਰਭਾਵਤ ਦੇਸ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਕੱਲ੍ਹ ਜਾਰੀ ਕੀਤੇ ਸੰਸਾਰ ਅੱਤਵਾਦ ਸੂਚਕ ਅੰਕ (ਜੀ ਟੀ ਆਈ) ਮੁਤਾਬਕ ਆਸਟਰੇਲੀਆ ਦੇ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਵੱਲੋਂ ਪੇਸ਼ ਕੀਤੀ ਇਸ ਰਿਪੋਰਟ ਵਿੱਚ ਪਾਇਆ ਗਿਆ ਕਿ ਅੱਤਵਾਦੀ ਹਮਲਿਆਂ ਕਾਰਨ ਪਿਛਲੇ ਸਾਲ 25,673 ਲੋਕਾਂ ਦੀ ਮੌਤ ਹੋਈ ਸੀ। ਇਸ ਗਿਣਤੀ ਵਿੱਚ ਸਾਲ 2014 ਦੇ ਮੁਕਾਬਲੇ 22 ਫੀਸਦੀ ਗਿਰਾਵਟ ਆਈ। ਰਿਪੋਰਟ ਦੇ ਅਨੁਸਾਰ ਮੌਤਾਂ ਦੀ ਗਿਣਤੀ ਵਿੱਚ ਸੀਰੀਆ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਕਾਫੀ ਕਮੀ ਆਈ ਹੈ। ਰਿਪੋਰਟ ਅਨੁਸਾਰ 77 ਦੇਸ਼ਾਂ ਵਿੱਚ ਘੱਟੋ ਘੱਟ ਇੱਕ ਵੱਡਾ ਹਮਲਾ ਹੋਇਆ। ਇਹ ਗਿਣਤੀ ਸੰਸਾਰ ਅੱਤਵਾਦ ਡਾਟਾਬੇਸ ਦੇ 17 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਹੈ। ਇਹ ਰਿਪੋਰਟ ਇਸੇ ਡਾਟਾਬੇਸ ‘ਤੇ ਆਧਾਰਤ ਹੈ।
ਅਮਰੀਕਾ ਦੀ ਯੂਨੀਵਰਸਿਟੀ ਆਫ ਮੈਰੀਲੈਂਡ ਵੱਲੋਂ ਇਕੱਠੇ ਕੀਤੇ ਇਨ੍ਹਾਂ ਅੰਕੜਿਆਂ ਨੂੰ ਸੰਸਾਰ ਪੱਧਰ ‘ਤੇ ਆਪਣੀ ਤਰ੍ਹਾਂ ਦੇ ਸਭ ਤੋਂ ਵੱਖਰੇ ਅੰਕੜੇ ਸਮਝਿਆ ਜਾਂਦਾ ਹੈ। ਜੀ ਟੀ ਆਈ ਨੇ ਕਿਹਾ ਕਿ ਪੀੜਤਾਂ ਦੀ ਗਿਣਤੀ ਵਿੱਚ ਗਿਰਾਵਟ ਮੁੱਖ ਸਕਾਰਾਤਮਕ ਤੱਥ ਹੈ ਅਤੇ ਕੱਟੜਪੰਥੀ ਇਸਲਾਮੀ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਇੱਕ ਅਹਿਮ ਮੋੜ ਹੈ। ਇਸ ਵਿੱਚ ਨਾਈਜੀਰੀਆ ਵਿੱਚ ਸਭ ਤੋਂ ਵੱਧ ਸੁਧਾਰ ਦੇਖਿਆ ਗਿਆ ਹੈ ਜਿੱਥੇ ਬੋਕੋ ਹਰਮ ਹੱਥੋਂ ਮਾਰੇ ਗਏ ਲੋਕਾਂ ਦੀ ਗਿਣਤੀ ਵਿੱਚ ਪਿਛਲੇ ਸਾਲ 80 ਫੀਸਦੀ ਕਮੀ ਆਈ, ਪਰ ਇਸਲਾਮਕ ਸਟੇਟ (ਆਈ ਐਸ) ਦੇ ਕਾਰਨ ਮਾਰੇ ਲੋਕਾਂ ਦੀ ਗਿਣਤੀ ਵਿੱਚ ਸਾਲ 2016 ਵਿੱਚ ਵਾਧਾ ਹੋਇਆ ਹੈ। ਇਰਾਕ ਵਿੱਚ ਸਭ ਤੋਂ ਵੱਧ ਚਾਲੀ ਫੀਸਦੀ ਵਾਧਾ ਹੋਇਆ ਹੈ। ਜੀ ਟੀ ਆਈ ਨੇ ਅੱਤਵਾਦ ਦੇ ਸੰਸਾਰਕ ਪੱਧਰ ‘ਤੇ ਫੈਲਣ ਨੂੰ ਚਿੰਤਾ ਜਨਕ ਦੱਸਿਆ। ਸਾਲ 2015 ਦੇ ਮੁਕਾਬਲੇ ਪਿਛਲੇ ਸਾਲ 12 ਤੋਂ ਵੱਧ ਦੇਸ਼ ਖਤਰਨਾਕ ਹਮਲਿਆਂ ਦਾ ਸ਼ਿਕਾਰ ਬਣੇ। ਅਫਗਾਨਿਸਤਾਨ ਵਿੱਚ ਸਾਲ 2016 ਵਿੱਚ ਤਸਵੀਰ ਮਾੜੀ ਰਹੀ। ਉਥੇ ਤਾਲਿਬਾਨ ਨੇ ਆਮ ਨਾਗਰਿਕਾਂ ਦੇ ਖਿਲਾਫ ਹਮਲੇ ਘੱਟ ਕਰ ਦਿੱਤੇ, ਪਰ ਫੌਜ ਨਾਲ ਉਸ ਦਾ ਸੰਘਰਸ਼ ਵਧਿਆ।