2009 ਵਿੱਚ ਦਰਜ ਹੋਏ ਮਾਰਕੁਟ ਦੇ ਕੇਸ ਤੋਂ 23 ਕਿਸਾਨ ਬਰੀ

court
ਚੰਡੀਗੜ੍ਹ, 31 ਮਾਰਚ (ਪੋਸਟ ਬਿਊਰੋ)- ਸਾਲ 2009 ਵਿੱਚ ਕਿਸਾਨ ਰੈਲੀ ਦੌਰਾਨ ਪੁਲਸ ਨਾਲ ਮਾਰਕੁੱਟ ਕਰਨ ਅਤੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰਨ ਦੇ ਕੇਸ ਵਿੱਚ ਜ਼ਿਲ੍ਹਾ ਅਦਾਲਤ ਨੇ ਕੱਲ੍ਹ 23 ਕਿਸਾਨਾਂ ਨੂੰ ਬਰੀ ਕਰ ਦਿੱਤਾ। ਇਹ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਆਏ ਸਨ।
ਸੈਕਟਰ 17 ਥਾਣੇ ਵਿੱਚ ਦਰਜ ਕੇਸ ਦੇ ਅਨੁਸਾਰ ਅੱਠ ਸਤੰਬਰ 2009 ਨੂੰ ਪੰਜਾਬ ਦੀ ਕਿਸਾਨ ਯੂਨੀਅਨ ਨਾਲ ਜੁੜੇ ਸੈਂਕੜੇ ਕਿਸਾਨ ਚੰਡੀਗੜ੍ਹ ਵਿੱਚ ਓਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੰਗ ਪੱਤਰ ਦੇਣ ਆਏ ਸਨ। ਇਸ ਦੇ ਤਹਿਤ ਸਾਰੇ ਕਿਸਾਨ ਰੈਲੀ ਕੱਢਦੇ ਹੋਏ ਸੈਕਟਰ 17 ਤੋਂ ਨਿਕਲੇ ਸਨ, ਪਰ ਇਨ੍ਹਾਂ ਨੂੰ ਕ੍ਰਿਕਟ ਸਟੇਡੀਅਮ ਦੇ ਨੇੜੇ ਪੁਲਸ ਨੇ ਬੈਰੀਕੇਡਸ ਲਗਾ ਕੇ ਰੋਕ ਲਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਅਫਸਰਾਂ ਨੇ ਕਿਸਾਨਾਂ ਨੂੰ ਮੰਗ ਪੱਤਰ ਉਨ੍ਹਾਂ ਨੂੰ ਸੌਂਪਣ ਲਈ ਕਿਹਾ, ਪ੍ਰੰਤੂ ਕਿਸਾਨ ਖੁਦ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਦੀ ਗੱਲ ‘ਤੇ ਅੜੇ ਰਹੇ। ਇਸ ਨੂੰ ਲੈ ਕੇ ਉਨ੍ਹਾਂ ਦੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਹਿਸ ਹੋ ਗਈ। ਇਸ ਦੇ ਬਾਅਦ ਪ੍ਰਦਰਸ਼ਨ ਤਿੱਖਾ ਹੋ ਜਾਣ ‘ਤੇ ਪੁਲਸ ਨੇ ਅੱਥਰੂ ਗੈਸ ਅਤੇ ਪਾਣੀ ਦੀ ਵਾਛੜ ਕੀਤੀ। ਪੁਲਸ ਅਤੇ ਕਿਸਾਨਾਂ ਵਿੱਚ ਝੜਪ ਵੀ ਹੋ ਗਈ। ਕਾਫੀ ਭੰਨਤੋੜ ਵੀ ਹੋਈ। ਇਸ ਘਟਨਾ ਬਾਅਦ ਪੁਲਸ ਨੇ 23 ਕਿਸਾਨ ਨੇਤਾਵਾਂ ਅਤੇ ਹੋਰਾਂ ਦੇ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਤੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰ ਦੀਆਂ ਧਾਰਾਵਾਂ ਦਾ ਕੇਸ ਦਰਜ ਕੀਤਾ ਸੀ। ਕੱਲ੍ਹ ਅਦਾਲਤ ਨੇ ਸਬੂਤਾਂ ਦੀ ਘਾਟ ਵਿੱਚ ਸਾਰਿਆਂ ਨੂੰ ਬਰੀ ਕਰ ਦਿੱਤਾ।