200 ਭਾਰਤੀ ਮਲੇਸ਼ੀਆ ‘ਚ ਕੈਦ ਹੋਣ ਦੀ ਖਬਰ ਆ ਗਈ


ਜਲੰਧਰ, 13 ਫਰਵਰੀ (ਪੋਸਟ ਬਿਊਰੋ)- ਪਿਛਲੇ ਦਿਨੀਂ ਮਲੇਸ਼ੀਆ ਤੋਂ ਡਿਪੋਰਟ ਹੋ ਕੇ ਆਏ ਆਨਿਕ ਯੂਨਿਕ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ 200 ਤੋਂ ਵੱਧ ਲੋਕ ਮਲੇਸ਼ੀਆ ਵਿੱਚ ਕੈਦ ਹਨ। ਆਨਿਕ ਦੇ ਨਾਲ ਓਥੋਂ ਮੁੜੇ ਹੋਏ ਉਨ੍ਹਾਂ ਦੇ ਸਾਥੀ ਸੁਖਚੈਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗਲਤ ਟਰੈਵਲ ਏਜੰਟਾਂ ਰਾਹੀਂ ਮਲੇਸ਼ੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਨੂੰ ਵਾਪਸ ਲਿਆਉਣ ਦਾ ਯਤਨ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਹੈ।
ਇਸ ਮਹਾਂਨਗਰ ਦੀ ਮਕਸੂਦਾਂ ਆਬਾਦੀ ਦੇ ਧੋਗੜੀ ਰੋਡ ਦੇ ਵਾਸੀ ਆਨਿਕ ਯੂਨਿਕ ਦੇ ਪਰਵਾਰ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਦੇ ਵਿਵੇਕ ਵਿਹਾਰ ਦੇ ਵਸਨੀਕ ਰਾਜ ਕੁਮਾਰ ਦੇ ਛੋਟੇ ਪੁੱਤਰ ਮੋਨੂੰ ਤੇ ਉਸ ਦੀ ਭੈਣ ਸ਼ੀਤਲ ਨੇ ਝਾਂਸਾ ਦਿੱਤਾ ਸੀ ਕਿ ਉਹ ਉਸ ਨੂੰ ਹਾਂਗਕਾਂਗ ਵਿੱਚ ਕੰਪਿਊਟਰ ਇੰਜੀਨੀਅਰ ਬਣਾ ਦੇਵੇਗਾ। ਯੂਨਿਕ ਅਤੇ ਦੋਸਤ ਦੇ ਪੁੱਤਰ ਸੁਖਚੈਨ ਸਿੰਘ ਨੂੰ ਦਿੱਲੀ ਦੇ ਅਸ਼ੋਕ ਕੁਮਾਰ ਨਾਂ ਦੇ ਏਜੰਟ ਨਾਲ ਮਿਲਾਇਆ ਗਿਆ। ਦੋਵਾਂ ਨੂੰ ਸਵਾ-ਸਵਾ ਲੱਖ ਰੁਪਏ ਵਿੱਚ ਹਾਂਗਕਾਂਗ ਵਿੱਚ ਜੌਬ ਦਿਵਾਉਣ ਦੀ ਗੱਲ ਹੋਈ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਆਖਿਆ ਗਿਆ ਸੀ ਕਿ ਇਨ੍ਹਾਂ ਦੇ ਨਾਲ ਕੋਲਕਾਤਾ ਦਾ ਇਕ ਐਕਸਪੋਰਟਰ ਵੀ ਜਾਵੇਗਾ। ਇਸ ਦੌਰਾਨ ਦਿੱਲੀ ਤੋਂ ਆਨਿਕ ਯੂਨਿਕ ਤੇ ਸੁਖਚੈਨ ਨੂੰ ਕੋਲਕਾਤਾ ਭੇਜਿਆ ਗਿਆ। ਫਲਾਈਟ ਰੱਦ ਹੋਣ ਦੀ ਗੱਲ ਆਖ ਕੇ ਉਨ੍ਹਾਂ ਨਾਲ ਮਲੇਸ਼ੀਆ ਦਾ ਸੌਦਾ ਤੈਅ ਕੀਤਾ ਗਿਆ। ਮਲੇਸ਼ੀਆ ਪੁੱਜਣ ਉੱਤੇ ਆਨਿਕ ਯੂਨਿਕ ਤੇ ਸੁਖਚੈਨ ਨੂੰ ਪੁਲਸ ਨੇ ਫੜ ਲਿਆ। ਪੁੱਛ ਪੜਤਾਲ ਮਗਰੋਂ ਫੋਨ ਬੰਦ ਕਰਵਾ ਦਿੱਤੇ ਗਏ। ਪੂਰੀ ਰਾਤ ਜੇਲ੍ਹ ਵਿੱਚ ਰੱਖਣ ਮਗਰੋਂ ਭਾਰਤ ਭੇਜ ਦਿੱਤਾ ਗਿਆ।