1984 ਵਾਲੇ ਕਤਲੇਆਮ ਦੇ ਦੋਸ਼ੀ ਨੂੰ ਹਾਈ ਕੋਰਟ ਨੇ ਝਿੜਕਿਆ


ਨਵੀਂ ਦਿੱਲੀ, 2 ਫਰਵਰੀ (ਪੋਸਟ ਬਿਊਰੋ)- ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸੀ ਨੇਤਾ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ‘ਤੇ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ। ਕੋਰਟ ਨੇ ਕਿਹਾ ਕਿ ਸਰਕਾਰੀ ਖਰਚ ‘ਤੇ ਜੇਲ੍ਹ ਵਿੱਚ ਤੁਹਾਡਾ ਦਿੱਲੀ ਦੇ ਪੰਜ ਹਸਪਤਾਲਾਂ ਵਿੱਚ ਸਭ ਤੋਂ ਬਿਹਤਰ ਇਲਾਜ ਕੀਤਾ ਜਾ ਰਿਹਾ ਹੈ। ਹਾਈ ਕੋਰਟ ਨੇ ਕਿਹਾ ਕਿ ਬਲਵਾਨ ਖੋਖਰ ਨੂੰ ਅਜਿਹਾ ਜ਼ਖਮ ਨਹੀਂ ਹੋਇਆ, ਜਿਸ ਤੋਂ ਜਾਨ ਦਾ ਖਤਰਾ ਹੈ। ਅਦਾਲਤ ਨੇ ਕਿਹਾ ਕਿ ਜੇਲ੍ਹ ਦੇ ਬਾਹਰ ਲੋਕ ਇਸ ਤੋਂ ਵੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ, ਪ੍ਰੰਤੂ ਇਨ੍ਹਾਂ ਵਿੱਚੋਂ ਕਿਸੇ ਹਸਪਤਾਲ ਵਿੱਚ ਇਲਾਜ ਨਹੀਂ ਕਰਵਾ ਸਕਦੇ।
ਇਸ ਸੰਬੰਧ ਵਿੱਚ ਕੋਰਟ ਨੇ ਕਿਹਾ ਕਿ ਤੁਹਾਡਾ ਏਮਜ਼, ਜੀ ਬੀ ਪੰਤ, ਰਾਮ ਮਨੋਹਰ ਲੋਹੀਆ ਵਰਗੇ ਹਸਪਤਾਲਾਂ ਵਿੱਚ ਸਰਕਾਰ ਦੇ ਖਰਚ ਉੱਤੇ ਇਲਾਜ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਗੱਡੀ ਤੇ ਸੁਰੱਖਿਆ ਦਾ ਖਰਚ ਵੀ ਸਰਕਾਰ ਕਰ ਰਹੀ ਹੈ। ਇਹ ਟਿੱਪਣੀ ਕੋਰਟ ਨੇ ਖੋਖਰ ਦੀ ਉਸ ਅੰਤਿ੍ਰਮ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਵੇਲੇ ਕੀਤੀ, ਜਿਸ ਵਿੱਚ ਉਸ ਨੇ ਨੱਕ ਦੇ ਫ੍ਰੈਕਚਰ ਦਾ ਆਪਰੇਸ਼ਨ ਸਰ ਗੰਗਾ ਰਾਮ ਹਸਪਤਾਲ ਤੋਂ ਕਰਾਉਣ ਦੀ ਮੰਗ ਕੀਤੀ ਸੀ। ਕੋਰਟ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਇਸ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਕਿ ਕੀ ਖੋਖਰ ਨੂੰ ਫ੍ਰੈਕਚਰ ਹੈ। ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ 17 ਦਸੰਬਰ 2017 ਨੂੰ ਡਿੱਗਣ ਨਾਲ ਉਸ ਦੇ ਨੱਕ ਵਿੱਚ ਫ੍ਰੈਕਚਰ ਹੋ ਗਿਆ ਸੀ।