15 ਕਰੋੜ 42 ਲੱਖ ਦੇ ਝੋਨਾ ਘੋਟਾਲੇ ਲਈ ਮਿਲ ਮਾਲਕ ਗ੍ਰਿਫਤਾਰ


ਅੰਬਾਲਾ, 2 ਫਰਵਰੀ (ਪੋਸਟ ਬਿਊਰੋ)- ਸਾਲ 2015-16 ਬਰਾੜਾ ਦੀ ਰਿਸ਼ੀ ਰਾਈਸ ਮਿਲ ਵੱਲੋਂ ਕੀਤੇ 15 ਕਰੋੜ 42 ਲੱਖ ਰੁਪਏ ਦੇ ਝੋਨਾ ਘੋਟਾਲੇ ਵਿੱਚ ਸਟੇਟ ਕਰਾਈਮ ਬ੍ਰਾਂਚ ਪੰਚਕੂਲਾ ਦੀ ਟੀਮ ਨੇ ਮਿਲ ਦੇ ਡਾਇਰੈਕਟਰ ਨੀਰਜ ਗੋਇਲ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੋਸ਼ੀ ਨੂੰ ਅੰਬਾਲਾ ਕੈਂਟ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਦਿਨ ਦੇ ਰਿਮਾਂਡ ‘ਤੇ ਲਿਆ ਹੈ। ਪੁਲਸ ਨੇ ਇਹ ਮਾਮਲਾ ਡੀ ਐਫ ਐਸ ਸੀ ਨਿਸ਼ਾਂਤ ਰਾਠੀ ਦੀ ਸ਼ਿਕਾਇਤ ਉਤੇ 16 ਮਾਰਚ 2017 ਨੂੰ ਦਰਜ ਕੀਤਾ ਸੀ। ਇੱਕ ਮਾਮਲੇ ਵਿੱਚ ਸ਼ਿਵਮ ਟ੍ਰੇਡਿੰਗ ਦੇ ਪ੍ਰੋਪਰਾਈਟਰ ਅਤੁਲ ਗੋਇਲ ਨੂੰ ਦੋਸ਼ੀ ਬਣਾਇਆ ਸੀ।
ਇੱਕ ਹੋਰ ਮਾਮਲੇ ਵਿੱਚ ਰਿਸ਼ੀ ਰਾਈਸ ਮਿਲ ਦੇ ਡਾਇਰੈਕਟਰ ਨੀਰਜ ਗੋਇਲ ‘ਤੇ ਜਾਅਲਸਾਜੀ ਦਾ ਕੇਸ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਸਰਕਾਰ ਨੇ ਸਾਲ 2015-16 ਵਿੱਚ 16 ਹਜ਼ਾਰ 783 ਮੀਟਿ੍ਰਕ ਟਨ ਝੋਨਾ ਨੀਰਜ ਨੂੰ ਚੌਲ ਕੱਢਣ ਦੇ ਲਈ ਦਿੱਤਾ। ਉਸ ਨੂੰ ਇਸ ਝੋਨੇ ਦਾ ਕਰੀਬ 67 ਫੀਸਦੀ ਚੌਲ ਸਰਕਾਰ ਨੂੰ ਵਾਪਸ ਕਰਨਾ ਸੀ, ਪਰ ਉਸ ਨੇ ਛੇ ਹਜ਼ਾਰ 14 ਮੀਟਿ੍ਰਕ ਟਨ ਝੋਨੇ ਦਾ ਚੌਲ ਬਣਾ ਕੇ ਵਾਪਸ ਨਹੀਂ ਕੀਤਾ, ਜੋ 60 ਹਜ਼ਾਰ ਕੁਇੰਟਲ ਦੇ ਆਸਪਾਸ ਸੀ। ਇਸ ਤੋਂ ਸਰਕਾਰ ਨੂੰ ਕਰੀਬ 15 ਕਰੋੜ 42 ਲੱਖ ਦਾ ਨੁਕਸਾਨ ਹੋਇਆ ਸੀ।