13 ਸਾਲਾ ਚੀਨੀ ਮੂਲ ਦੀ ਬੱਚੀ ਤੋਂ ਸਬਕ

 

ਚੀਨੀ ਮੂਲ ਦੀ ਪਰਵਾਸੀ ਮਾਪਿਆਂ ਦੇ ਘਰ ਜੰਮੀ ਮਹਿਜ਼ 13 ਸਾਲਾ ਬੱਚੀ ਵੀਵੀਅਨ ਸ਼ੀਅ ਵੱਲੋਂ ਪ੍ਰਿੰਸ ਐਡਵਾਰਡ ਆਈਲੈਂਡ ਯੂਨੀਵਰਸਿਟੀ ਦੇ ਪਹਿਲੇ ਸਾਲ ਦਾ ਇਮਤਿਹਾਨ ਪਾਸ ਕਰਨ ਦੀਆਂ ਖਬ਼ਰਾਂ ਕੱਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। 7 ਸਾਲ ਦੀ ਉਮਰ ਵਿੱਚ ਜਿਸ ਵੇਲੇ ਆਮ ਬੱਚੇ ਪ੍ਰੀ ਸਕੂਲ ਵਿੱਚ ਸਿਖਾਈਆਂ ਜਾਣ ਵਾਲੀਆਂ ਬੁਨਿਆਦੀ ਗੱਲਾਂ ਨੂੰ ਸਮਝਣ ਦੀ ਕੋਸਿ਼ਸ਼ ਕਰ ਰਹੇ ਹੁੰਦੇ ਹਨ, ਉਸ ਵੇਲੇ ਵੀਵੀਅਨ ਨੇ ਨੈਗੇਟਿਵ ਨੰਬਰਾਂ (ਨੲਗਅਟਵਿੲ ਨੁਮਬੲਰਸ) ਦਾ ਜੋੜ, ਘਟਾਓ, ਤਕਸੀਮ ਅਤੇ ਗੁਣਾ ਕਰਨਾ ਸਿੱਖ ਲਿਆ ਸੀ। ਯੂਨੀਵਰਸਿਟੀ ਪ੍ਰੋਫੈਸਰਾਂ ਦਾ ਆਖਣਾ ਹੈ ਕਿ ਜਿਸ ਵੇਲੇ ਇਹ ਬੱਚੀ ਯੂਨੀਵਰਸਿਟੀ ਵਿੱਚ ਆਈ ਤਾਂ ਉਸ ਵਿੱਚ ਅਜਿਹੀ ਕਿਸੇ ਚੀਜ਼ ਦੀ ਘਾਟ ਨਹੀਂ ਸੀ ਜੋ 12 ਗਰੇਡ ਪਾਸ ਕਰਨ ਤੋਂ ਬਾਅਦ ਦਾਖਲਾ ਲੈਣ ਵਾਲੇ ਵਿੱਦਿਆਰਥੀਆਂ ਵਿੱਚ ਮੌਜੂਦ ਹੁੰਦੀ ਹੈ।

ਪੁਨਰ ਜਨਮ ਅਤੇ ਕਰਮ ਸਿਧਾਂਤ ਨੂੰ ਮੰਨਣ ਵਾਲੇ ਧਰਮਾਂ (ਸਿੱਖ ਅਤੇ ਹਿੰਦੂ ਧਰਮਾਂ ਵਿੱਚ ਵਿਸ਼ੇਸ਼ ਕਰਕੇ) ਵਿੱਚ ਇਹੋ ਜਿਹੀ ਪ੍ਰਾਪਤੀਆਂ ਦੀ ਇੱਕ ਨਿਵੇਕਲੀ ਵਿਆਖਿਆ ਦਿੱਤੀ ਜਾਂਦੀ ਹੈ ਜਿਸ ਬਾਰੇ ਚਰਚਾ ਕਰਨਾ ਇਸ ਐਡੀਟੋਰੀਅਲ ਦਾ ਵਿਸ਼ਾ ਵਸਤੂ ਨਹੀਂ ਹੈ। ਚਰਚਾ ਦਾ ਵਿਸ਼ਾ ਹੈ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਵਿਸ਼ੇਸ਼ ਅਤੇ ਨਿਵੇਕਲਾ ਗੁਣ ਮੌਜੂਦ ਹੁੰਦਾ ਹੈ ਜਿਸਨੂੰ ਪਹਿਚਾਨਣ ਦੀ ਕੋਸਿ਼ਸ਼ ਕਰਨਾ ਮਾਪਿਆਂ ਅਤੇ ਅਧਿਆਪਕਾਂ ਦਾ ਫਰਜ਼ ਬਣਦਾ ਹੈ। ਸਾਧਾਰਨ ਬੁੱਧੀ ਵਾਲੇ ਬੱਚਿਆਂ ਨੂੰ ਵੀ ਸਹੀ ਦਿਸ਼ਾ ਨਿਰਦੇਸ਼ ਦੇ ਕੇ ਆਸਾਧਰਨ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਪਰ ਇਹਨਾਂ ਪ੍ਰਾਪਤੀਆਂ ਵਾਸਤੇ ਕਿਸੇ ਹੱਦ ਤੱਕ ਬੱਚਿਆਂ, ਮਾਪਿਆਂ ਅਤੇ ਪਰਿਵਾਰਾਂ ਨੂੰ ਕੁਰਬਾਨੀ ਦੇਣੀ ਪੈਂਦੀ ਹੈ। ਇਹ ਕੁਰਬਾਨੀ ਹਰ ਪਰਿਵਾਰ ਅਤੇ ਹਰ ਵਿਅਕਤੀ ਲਈ ਵੱਖਰੀ ਹੋ ਸਕਦੀ ਹੈ।

ਮਿਸਾਲ ਵਜੋਂ ਬਰੈਂਪਟਨ ਵਿੱਚ ਸਥਿਤ ਖਾਲਸਾ ਸਕੂਲ ਦਾ ਰਿਕਾਰਡ ਹੈ ਕਿ ਫਰੇਜ਼ਰ ਇਨਸਟੀਚਿਊਟ ਦੀ ਰੈਂਕਿੰਗ ਵਿੱਚ ਇਹ ਸਕੂਲ ਪਿਛਲੇ 12-13 ਸਾਲ ਤੋਂ ਲਗਾਤਾਰ 10ਵਿੱਚੋਂ 10 ਰੇਟਿੰਗ ਜਾਂ ਇਸਦੇ ਨੇੜੇ ਤੇੜੇ ਦੀ ਰੇਟਿੰਗ ਹਾਸਲ ਕਰਦਾ ਆ ਰਿਹਾ ਹੈ। ਇਸ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਨੂੰ ‘ਭਾਰਤੀ ਸਟਾਈਲ’ ਵਿੱਚ ਗਣਿਤ ਪੜਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸੈੱਲ ਫੋਨ ਬੰਦ ਰੱਖਣ ਜਾਂ ਨਾ ਲਿਆਉਣਾ ਲਾਜ਼ਮੀ ਹੈ। ਬਹੁਤ ਬੱਚੇ ਦਸਤਾਰਾਂ ਸਜਾਉਂਦੇ ਹਨ। ਦਸਤਾਰ ਸਜਾਉਣਾ ਨੌਰਥ ਅਮਰੀਕਾ ਦੇ ਪਰੀਪੇਖ ਵਿੱਚ ਇੱਕ ਨਿੱਜੀ ਕੁਰਬਾਨੀ ਹੈ ਕਿ ਸਬੰਧਿਤ ਬੱਚਾ ਖੁਦ ਨੂੰ ਭੀੜ ਤੋਂ ਅਲੱਗ ਰੱਖਣ ਦਾ ਹੌਸਲਾ ਕਰ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਬੱਚਿਆਂ ਦੀ ਸਖ਼ਸਿ਼ਅਤ ਉਸਾਰੀ ਵਿੱਚ ਨਿੱਗਰ ਰੋਲ ਅਦਾ ਕਰਦੀਆਂ ਹਨ।

ਆਧੁਨਿਕ ਜ਼ਮਾਨੇ ਵਿੱਚ ਬੱਚਿਆਂ ਦੀ ਵਿੱਦਿਅਕ ਅਤੇ ਸਮਾਜਿਕ ਸਫ਼ਲਤਾ ਵਾਸਤੇ ਮਾਪਿਆਂ ਲਈ ਜਰੂਰੀ ਬਣ ਜਾਂਦਾ ਹੈ ਕਿ ਉਹ ਖਤਪਕਾਰੀ ਦੇ ਰੁਝਾਨ ਨੂੰ ਬਹੁਤ ਧਿਆਨ ਨਾਲ ਬੱਚਿਆਂ ਤੋਂ ਦੂਰ ਰੱਖਣ ਦੀ ਕੋਸਿ਼ਸ਼ ਕਰਨ। ਅੱਜ ਸਾਡਾ ਜੀਵਨ ਖੁਦ ਦੀਆਂ ਚੰਗੀਆਂ ਜਾਂ ਸਹੀ ਧਾਰਨਾਵਾਂ ਸਹਾਰੇ ਚੱਲਣ ਦੀ ਥਾਂ ਮਾਰਕੀਟ ਤੋਂ ਪ੍ਰਭਾਵਿਤ ਦਿਸ਼ਾਹੀਣ ਹੋਣ ਦੀ ਹੱਦ ਤੱਕ ਜਾ ਪੁੱਜਾ ਹੈ। ਸਾਡੀ ਕਮਜ਼ੋਰੀ ਕਾਰਣ ਕਮਰਸ਼ੀਅਲ ਕੰਪਨੀਆਂ ਵੱਲੋਂ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਕੰਪਨੀਆਂ ਕਿਵੇਂ ਬੱਚਿਆਂ ਦੇ ਮਨ ਮਸਤਕ ਨੂੰ ਧੋ ਕੇ ਖੁਦ ਦਾ ਗਾਰਬੇਜ ਭਰਨ ਦੀ ਕੋਸਿ਼ਸ਼ ਕਰਦੀਆਂ ਹਨ, ਉਸਦੀ ਇੱਕ ਮਿਸਾਲ ਮੈਕਡੌਨਲਡ ਵੱਲੋਂ ਲੀਗੋ (Lego) ਨਾਲ ਭਾਈਵਾਲੀ ਕਰਨਾ ਹੈ। ਇਹਨਾਂ ਦੋਵੇਂ ਕੰਪਨੀਆਂ ਨੇ ਮਿਲ ਕੇ ਸੋਨੀ ਅਤੇ ਵਾਰਨਰ ਬਰਦਰਜ਼ ਨਾਲ ਭਾਈਵਾਲੀ ਕੀਤੀ ਕਿ ਉਹ ਲੀਗੋ ਦੀ ਹਿੰਸਾ ਭਰਪੂਰ ਵੀਡੀਓ ਗੇਮ ਲੀਗੋ ਬੈਟਮੈਨ ਨੂੰ ਮੈਕਡੋਨਲਡ ਦੇ ਖਾਣੇ ਹੈਪੀ ਮੀਲ ਨਾਲ ਮਿਲਾ ਕੇ ਪ੍ਰੋਮੋਟ ਕਰਨ। ਮੈਕਡੋਨਲ ਨੇ ਕੈਲੀਫੋਰਨੀਆ ਵਿੱਚ ਸਥਿਤ ਆਪਣੀਆਂ 600 ਬਰਾਂਚਾਂ ਨਾਲ ਮਿਲ ਕੇ ਉਪਭਗੋਤਾਵਾਂ ਦੇ ਸੈੱਲ ਫੋਨਾਂ ਉੱਤੇ ਮੈਸੇਜ ਭੇਜੇ ਕਿ ਮੈਕ-ਫਲਰੀ਼ (McFlurry) ਦਾ ਕੂਪਨ ਹਾਸਲ ਕਰਨ ਲਈ ਰਿੰਗ ਟੋਨ ਆਦਿ ਡਾਊਨਲੋਡ ਕਰਨ। ਇਸ ਤਰੀਕੇ ਮਾਪਿਆਂ ਨੂੰ ਵਰਤ ਕੇ ਬੱਚਿਆਂ ਨੂੰ ਸਿ਼ਕਾਰ ਬਣਾਉਣ ਵਾਲੀ ਖਤਰਨਾਕ ਖੇਡ ਵਿੱਚ ਇੱਕਲਾ ਮੈਕਡੋਨਲਡ ਨਹੀਂ ਸਗੋਂ ਹਰ ਵੱਡੀ ਛੋਟੀ ਕੰਪਨੀ ਵੱਲੋਂ ਹੱਥਕੰਡੇ ਅਪਣਾਏ ਜਾਂਦੇ ਹਨ।

ਹਰ ਬੱਚਾ ਵੀਵੀਅਨ ਸ਼ੀਅ ਨਹੀਂ ਹੁੰਦਾ ਅਤੇ ਨਾ ਹੀ ਹੋਣਾ ਚਾਹੀਦਾ ਹੈ। ਪਰ ਮਾਪਿਆਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਸਿਹਤਮੰਤ ਸਮਾਜਕ, ਭਾਵਨਾਤਮਕ ਅਤੇ ਬੌਧਿਕ ਸਲਾਮਤੀ ਵਾਲੇ ਮਾਹੌਲ ਵਿੱਚ ਬਚਪਨ ਗੁਜ਼ਾਰਨਾ ਹਰ ਬੱਚੇ ਦਾ ਬੁਨਿਆਦੀ ਹੱਕ ਹੈ। ਉਹਨਾਂ ਦੇ ਹੱਥਾਂ ਵਿੱਚ ਲੋੜੋਂ ਪਹਿਲਾਂ ਆਧੁਨਿਕ ਗੈਜਟਾਂ ਫੜਾ ਕੇ ਅਸੀਂ ਉਹਨਾਂ ਦੇ ਬੁਨਿਆਦੀ ਹੱਕ ਦਾ ਹੀ ਘਾਣ ਨਹੀਂ ਕਰਦੇ ਸਗੋਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਂਦੇ ਹਾਂ ਜਿਸ ਵਿੱਚ ਲੋਕ ਸਵੈ ਸੰਜਮ ਅਤੇ ਸਵੈ ਵਿਕਾਸ ਵੱਲੋਂ ਉੱਕੇ ਅਵੇਸਲੇ ਹਨ ਅਤੇ ਮਾਰਕੀਟ ਤਾਕਤਾਂ ਦੁਆਰਾ ਕੰਟਰੋਲ ਹੋਏ ਯੰਤਰਾਂ ਵਜੋਂ ਜੀਵਨ ਬਤੀਤ ਕਰਦੇ ਹਨ। ਪਰਵਾਸੀ ਮਾਪਿਆਂ ਨੂੰ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਸ ਰੁਝਾਨ ਤੋਂ ਦੂਰ ਰੱਖਣ ਲਈ ਉੱਦਮ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਬੱਚਿਆਂ ਦੇ ਦੂਹਰੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਸਿ਼ਕਾਰ ਹੋਣ ਦੇ ਵਧੇਰੇ ਆਸਾਰ ਹੁੰਦੇ ਹਨ।