13 ਬੱਚਿਆਂ ਨੂੰ ਬੰਦੀ ਬਣਾਉਣ ਵਾਲਾ ਜੋੜਾ ਫੜਿਆ ਗਿਆ


ਕੈਲੇਫੋਰਨੀਆ, 17 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਕੈਲੇਫੋਰਨੀਆ ਵਿਚਲੇ ਇੱਕ ਘਰ ਵਿੱਚ ਆਪਣੇ ਹੀ 13 ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਵਾਲੇ ਜੋੜੇ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੀੜਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਫਿਲਹਾਲ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।
57 ਸਾਲਾ ਡੇਵਿਡ ਐਲੇਨ ਤੁਰਪਿਨ ਅਤੇ 49 ਸਾਲਾ ਲੁਈਸ ਅੰਠਾ ਤੁਰਪਿਨ ਦੇ 13 ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ਦੀ ਉਮਰ ਦੋ ਤੋਂ ਲੈ ਕੇ 29 ਸਾਲ ਹੈ। ਜਦੋਂ ਬੱਚਿਆਂ ਨੂੰ ਆਜ਼ਾਦ ਕਰਵਾਇਆ ਗਿਆ, ਉਸ ਸਮੇਂ ਬੱਚੇ ਹਨੇਰੇ ਵਿੱਚ ਬੈਡ ਨਾਲ ਬੱਝੇ ਹੋਏ ਸਨ। ਪੁਲਸ ਅਧਿਕਾਰੀਆਂ ਨੇ ਮਾਤਾ-ਪਿਤਾ ਵੱਲੋਂ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਤਸੀਹੇ ਦੇਣ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋੜੇ ਦੀ ਜ਼ਮਾਨਤ ਰਾਸ਼ੀ ਨੱਬੇ ਲੱਖ ਡਾਲਰ ਤੈਅ ਕੀਤੀ ਗਈ ਹੈ। ਇਸ ਜੋੜੇ ਦੀ ਇੱਕ 17 ਸਾਲਾ ਲੜਕੀ ਕਿਸੇ ਤਰ੍ਹਾਂ ਘਰੋਂ ਦੌੜਨ ਵਿੱਚ ਸਫਲ ਹੋਈ ਤੇ ਉਸ ਨੇ 911 ਉਤੇ ਫੋਨ ਕਰ ਕੇ ਮਾਮਲੇ ਦੀ ਸੂਚਨਾ ਦੇ ਕੇ ਹੱਡਬੀਤੀ ਸੁਣਾਈ। ਲੜਕੀ ਨੇ ਦੱਸਿਆ ਕਿ ਉਸ ਦੇ 12 ਭੈਣ-ਭਰਾਵਾਂ ਨੂੰ ਘਰ ਵਿੱਚ ਮਾਤਾ-ਪਿਤਾ ਨੇ ਬੰਦੀ ਬਣਾ ਕੇ ਰੱਖਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਦੀ ਸਿਹਤ ਇੰਨੀ ਮਾੜੀ ਸੀ ਕਿ ਉਨ੍ਹਾਂ ਨੰ ਲੱਗਾ ਕਿ ਉਸ ਦੀ ਉਮਰ 10 ਸਾਲ ਹੈ। ਪੁਲਸ ਮੌਕੇ ‘ਤੇ ਪੁੱਜੀ ਤਾਂ ਜਾਂਚ ‘ਚ ਸਾਹਮਣੇ ਆਇਆ ਕਿ ਕਈ ਬੱਚਿਆਂ ਨੂੰ ਹਨੇਰੇ ‘ਚ ਬੈਡ ਨਾਲ ਜੰਜੀਰਾਂ ਤੇ ਤਾਲੇ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੇ ਆਲੇ ਦੁਆਲੇ ਬਦਬ ਆ ਰਹੀ ਸੀ। ਜੋੜੇ ਨੇ ਆਪਣੇ ਬੱਚਿਆਂ ਨੂੰ ਇਸ ਤਰਸਯੋਗ ਹਾਲਤ ਵਿੱਚ ਰੱਖਣ ਦਾ ਕੋਈ ਕਾਰਨ ਨਹੀਂ ਦੱਸਿਆ, ਪਰ ਉਹ ਉਦੋਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ ‘ਚੋਂ ਸੱਤ ਬਾਲਗ ਸਨ, ਜਿਨ੍ਹਾਂ ਦੀ ਉਮਰ 18 ਤੋਂ 29 ਸਾਲ ਦਰਮਿਆਨ ਹੈ।