13 ਤੋਂ ਘੱਟ ਉਮਰ ਦੇ ਯੂਜ਼ਰਜ਼ ਦਾ ਅਕਾਊਂਟ ਬੰਦ ਕਰ ਰਿਹੈ ਟਵਿੱਟਰ


ਸਾਨ ਫਰਾਂਸਿਸਕੋ, 1 ਜੂਨ (ਪੋਸਟ ਬਿਊਰੋ)- ਟਵਿੱਟਰ ਨੇ ਆਪਣੇ ਪਲੇਟਫਾਰਮ ਉੱਤੇ ਹਰ ਕਿਸੇ 13 ਸਾਲ ਉਮਰ ਤੋਂ ਪਹਿਲਾਂ ਅਕਾਊਂਟ ਖੋਲ੍ਹਣ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸੋਸ਼ਲ ਨੈਟਵਰਕਿੰਗ ਸਾਈਟ ਨੇ ਇਹ ਕਦਮ ਅਜਿਹੇ ਸਮੇਂ ਉਠਾਇਆ ਹੈ ਜਦੋਂ ਯੂਰਪੀ ਯੂਨੀਅਨ ਨੇ ਡਾਟਾ ਨਿੱਜਤਾ ਦੇ ਨਵੇਂ ਨਿਯਮਾਂ ਨੂੰ 25 ਮਈ ਤੋਂ ਲਾਗੂ ਕਰ ਦਿੱਤਾ। ਟੈਕਨਾਲੋਜੀ ਵੈਬਸਾਈਟ ਮਦਰਬੋਰਡ ਮੁਤਾਬਕ ਟਵਿੱਟਰ ਦੀ ਇਸ ਮੁਹਿੰਮ ਨਾਲ ਪੱਤਰਕਾਰਾਂ ਸਮੇਤ ਕਈ ਅਡਲਟ ਵੀ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਕੈਨੇਡਾਈ ਪੱਤਰਕਾਰ ਟਾਮ ਯੂਨ ਵੀ ਸ਼ਾਮਲ ਹਨ। ਉਨ੍ਹਾਂ ਦੀ ਉਮਰ 13 ਸਾਲ ਹੈ। ਟਵਿੱਟਰ ਨੇ ਯੂਨ ਨੂੰ ਸੂਚਿਤ ਕੀਤਾ ਕਿ ਤੁਹਾਡਾ ਅਕਾਊਂਟ ਖੋਲ੍ਹਣ ਲਈ ਘੱਟੋ-ਘੱਟ 13 ਦਾ ਹੋਣਾ ਜ਼ਰੂਰੀ ਹੈ ਤੇ ਤੁਸੀਂ ਉਮਰ ਸਬੰਧੀ ਇਸ ਸ਼ਰਤ ‘ਤੇ ਖਰੇ ਨਹੀਂ ਉਤਰਦੇ ਹੋ।
ਯੂਨ ਨੇ ਟਵਿੱਟਰ ਤੋਂ ਮਿਲੀ ਇਸ ਸੂਚਨਾ ਨੂੰ ਆਪਣੇ ਨਵੇਂ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਯੂਰਪੀ ਯੂਨੀਅਨ ਦੇ ਨਵੇਂ ਨਿਯਮ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੁਲੇਸ਼ਨ (ਜੀ ਡੀ ਪੀ ਆਰ) ਮੁਤਾਬਕ ਆਨਲਾਈਨ ਸੇਵਾਵਾਂ ਦੀ ਵਰਤੋਂ ਦੀ ਇਜਾਜ਼ਤ 13 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਨਹੀਂ ਹੋਣੀ ਚਾਹੀਦੀ। ਮਦਰਬੋਰਡ ਦੀ ਖਬਰ ਮੁਤਾਬਕ ਕਈ ਯੂਜ਼ਰ ਟਵਿੱਟਰ ਅਕਾਊਂਟ ਖੋਲ੍ਹਣ ‘ਚ ਆਪਣੀ ਜਨਮ ਤਰੀਕ ਦਾ ਜ਼ਿਕਰ ਨਹੀਂ ਕਰਦੇ ਹਨ।