12 ਮੰਗੇ, ਪਰ 11 ਮਿਲੇ : ਜਾਨ


ਹੁਣੇ ਜਿਹੇ ਫਿਲਮ ‘ਰੋਮੀਓ ਅਕਬਰ ਬਾਲਟਰ’ (ਰਾ) ਲਈ ਜਾਨ ਅਬਰਾਹਮ ਨੂੰ ਸਾਈਨ ਕਰਨ ਦਾ ਐਲਾਨ ਨਿਰਮਾਤਾਵਾਂ ਨੇ ਕੀਤਾ ਹੈ। ਇਸ ਜਾਸੂਸੀ ਥ੍ਰਿਲਰ ਫਿਲਮ ਵਿੱਚ ਜਾਨ ਲੀਡ ਰੋਲ ਕਰੇਗਾ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਹੀਰੋ ਹੋਵੇਗਾ, ਪਰ ਜਲਦੀ ਹੀ ਉਹ ਇਸ ਫਿਲਮ ਤੋਂ ਪਿੱਛੇ ਹਟ ਗਿਆ ਕਿਉਂਕਿ ਉਸ ਕੋਲ ਫਿਲਮ ਦੀ ਸ਼ੂਟਿੰਗ ਲਈ ਡੇਟਸ ਨਹੀਂ ਸਨ। ਇਸ ਬਾਰੇ ਜ਼ਿਆਦਾ ਦਿਲਚਸਪ ਗੱਲ ਇਹ ਹੈ ਕਿ ਫਿਲਮ ਲਈ ਉਸ ਨੂੰ 11 ਕਰੋੜ ਰੁਪਏ ਦੇਣ ਲਈ ਨਿਰਮਾਤਾ ਰਾਜ਼ੀ ਹੋ ਗਏ ਹਨ।
ਇੱਕ ਸੂਤਰ ਅਨੁਸਾਰ ‘‘ਜਾਨ ਫਿਲਮ ‘ਚ ਕੰਮ ਕਰਨ ਲਈ 12 ਕਰੋੜ ਰੁਪਏ ਮੰਗਦਾ ਸੀ, ਨਿਰਮਾਤਾਵਾਂ ਨੇ ਉਸ ਨੂੰ 11 ਕਰੋੜ ‘ਤੇ ਰਾਜ਼ੀ ਕਰਵਾ ਲਿਆ।’’ ਜਾਨ ਨੂੰ ਇੱਕ ਫਿਲਮ ਲਈ ਇੰਨੀ ਵੱਡੀ ਰਕਮ ਦੇਣ ਤੋਂ ਕਈ ਲੋਕ ਹੈਰਾਨ ਹਨ। ਇੱਕ ਜਾਣਕਾਰ ਕਹਿੰਦਾ ਹੈ, ‘‘ਭਲਾ ਜਾਨ ਨੂੰ ਕੋਈ ਇੱਕ ਫਿਲਮ ਦੇ ਇੰਨੇ ਪੈਸੇ ਕਿਵੇਂ ਦੇ ਸਕਦਾ ਹੈ? ਉਸ ਦੀਆਂ ਪਿਛਲੀਆਂ ਸੋਲੋ ਫਿਲਮਾਂ ‘ਫੋਰਸ 2’ ਅਤੇ ‘ਰੌਕੀ ਹੈਂਡਸਮ’ ਦੋਵੇਂ ਅਸਫਲ ਰਹੀਆਂ ਸਨ। ਉਸ ਦੇ ਹੁਣ ਦੇ ਰਿਕਾਰਡ ਨੂੰ ਦੇਖਦੇ ਹੋਏ ਉਸ ਨੂੰ 21 ਕਰੋੜ ਦੇਣਾ ਬੇਤੁਕੀ ਜਿਹੀ ਗੱਲ ਹੈ। ਖੈਰ, ਲੋਕ ਜੋ ਵੀ ਕਹਿਣ, ਡੀਲ ਤਾਂ ਡੀਲ ਹੈ।”