114 ਪੱਥਰਬਾਜ਼ ਪਛਾਣੇ, 80 ਜਣੇ ਹੁਰੀਅਤ ਦੇ ਨੇਤਾਵਾਂ ਦੇ ਸੰਪਰਕ ਵਿੱਚ

patharbaaz jammu
ਜੰਮੂ, 10 ਅਗਸਤ (ਪੋਸਟ ਬਿਊਰੋ)- ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐਨ ਆਈ ਏ) ਨੂੰ ਕਸ਼ਮੀਰ ਵਿੱਚ 114 ਪੱਥਰਬਾਜ਼ਾਂ ਦਾ ਸੁਰਾਗ ਮਿਲਿਆ ਹੈ। ਐਨ ਆਈ ਏ ਨੇ ਇਨ੍ਹਾਂ ਦੀ ਸੂਚੀ ਤਿਆਰ ਕੀਤੀ ਹੈ।
ਜਾਣਕਾਰ ਸੂਤਰਾਂ ਨੇ ਦੱਸਿਆ ਕਿ 114 ‘ਚੋਂ 80 ਪੱਥਰਬਾਜ਼ ਸਿੱਧੇ ਹੁਰੀਅਤ ਨੇਤਾਵਾਂ ਦੇ ਸੰਪਰਕ ਵਿੱਚ ਹਨ। ਇਨ੍ਹਾਂ ਸੂਤਰਾਂ ਮੁਤਾਬਕ ਐਨ ਆਈ ਏ ਨੇ ਇਨ੍ਹਾਂ ਦੀ ਪਛਾਣ ਮੋਬਾਈਲ ਨੰਬਰ ਅਤੇ ਫੇਸਬੁੱਕ ਪ੍ਰੋਫਾਈਲ ਨਾਲ ਕੀਤੀ ਹੈ। ਐਨ ਆਈ ਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੱਥਰਬਾਜ਼ਾਂ ਨੂੰ ਸਰਗਰਮ ਰੱਖਣ ਲਈ 250 ਤੋਂ 300 ਕਰੋੜ ਰੁਪਏ ਲਾਏ ਗਏ ਹਨ। ਪੱਥਰਬਾਜ਼ਾਂ ਲਈ ਇਹ ਪੈਸਾ ਹਵਾਲਾ, ਹਜ ਦੀ ਰਕਮ ਅਤੇ ਮੈਡੀਕਲ ਦੇ ਨਾਮ ‘ਤੇ ਆ ਰਿਹਾ ਸੀ। ਪੱਥਰਬਾਜ਼ੀ ਲਈ ਮਹੀਨੇ, ਹਫਤੇ ਤੇ ਰੋਜ਼ਾਨਾ ਦੇ ਆਧਾਰ ‘ਤੇ ਭੁਗਤਾਨ ਕੀਤਾ ਜਾਂਦਾ ਹੈ। ਜਾਂਚ ਵਿੱਚ ਪਤਾ ਲੱਗਾ ਕਿ ਏ ਕੈਟੇਗਰੀ ਦੇ ਇਕ ਪੱਥਰਬਾਜ਼ ਨੂੰ ਇਕ ਦਿਨ ਲਈ 2000, ਬੀ ਕੈਟੇਗਰੀ ਨੂੰ 1000 ਅਤੇ ਸੀ ਕੈਟੇਗਰੀ ਨੂੰ 800 ਰੁਪਏ ਰੋਜ਼ਾਨਾ ਮਿਲਦੇ ਹਨ। ਜਾਂਚ ਦੇ ਦੌਰਾਨ 30 ਅਜਿਹੇ ਵਟਸਐਪ ਗਰੁੱਪਾਂ ਦਾ ਵੀ ਪਤਾ ਲੱਗਾ ਹੈ ਕਿ ਜਿਥੋਂ ਪੱਥਰਬਾਜ਼ਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਸਨ। ਇਨ੍ਹਾਂ ਗਰੁੱਪਾਂ ‘ਤੇ ਕਰੀਬ 2000 ਪੱਥਰਬਾਜ਼ ਸਰਗਰਮ ਸਨ।
ਇਹ ਪੱਥਰਬਾਜ਼ ਸਿੱਧੇ ਜਮਾਤ ਉਦ ਦਾਵਾ ਦੇ ਸਰਗਨਾ ਅਤੇ ਮੋਸਟ ਵਾਂਟੇਡ ਅੱਤਵਾਦੀ ਹਾਫਿਜ਼ ਸਈਦ ਦੇ ਸੰਪਰਕ ਵਿੱਚ ਸਨ। ਪੱਥਰਬਾਜ਼ਾਂ ਦੇ ਪਾਕਿਸਤਾਨੀ ਮਾਲਕਾਂ ਨੇ ਫੰਡ ਦੇਣ ਲਈ ਹੁਣ ਇਹ ਸ਼ਰਤ ਰੱਖੀ ਹੈ ਕਿ ਉਹ ਉਨ੍ਹਾਂ ਨੂੰ ਰੋਜ਼ਾਨਾ ਦੀ ਰਿਪੋਰਟ ਭੇਜਣਗੇ। ਪੱਥਰਬਾਜ਼ਾਂ ਨੂੰ ਫੰਡਿੰਗ ਕਰਨ ਵਾਲੇ ਕਰੀਬ 20 ਲੋਕ ਐਨ ਆਈ ਏ ਦੇ ਰਾਡਾਰ ‘ਤੇ ਹਨ। ਇਨ੍ਹਾਂ ‘ਚੋਂ ਕੁਝ ਦਿੱਲੀ ਦੇ ਹੋਟਲ, ਰੀਅਲ ਅਸਟੇਟ ਦੇ ਕਾਰੋਬਾਰੀ ਵੀ ਹਨ। ਮੁੱਖ ਰੂਪ ਨਾਲ ਪੱਥਰਬਾਜ਼ਾਂ ਲਈ ਫੰਡ ਪਾਕਿਸਤਾਨ ਅਤੇ ਦੁਬਈ ਤੋਂ ਆ ਰਿਹਾ ਹੈ। ਕੁਝ ਪੱਥਰਬਾਜ਼ਾਂ ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਜਾ ਸਕਦਾ ਹੈ। ਐਨ ਆਈ ਏ ਦੇ ਰਾਡਾਰ ‘ਤੇ ਕੁਝ ਅਜਿਹੇ ਲੋਕ ਹਨ ਜੋ ਪੱਥਰਬਾਜ਼ਾਂ ਲਈ ਕਾਬਲ ਨੌਜਵਾਨਾਂ ਦੀ ਚੋਣ ਕਰਦੇ ਹਨ।