ਟਰੂਡੋ ਸਰਕਾਰ ਦੀਆਂ ਪ੍ਰਸਤਾਵਿਤ ਟੈਕਸ ਤਬਦੀਲੀਆਂ ਖਿਲਾਫ ਡਾਕਟਰਜ਼ ਤੇ ਨਰਸਾਂ ਹੋਏ ਇੱਕਜੁੱਟ

3

ਟੋਰਾਂਟੋ, 7 ਸਤੰਬਰ (ਪੋਸਟ ਬਿਊਰੋ) : ਟਰੂਡੋ ਸਰਕਾਰ ਵੱਲੋਂ ਪ੍ਰਸਤਾਵਿਤ ਕਾਰਪੋਰੇਸ਼ਨ ਟੈਕਸ ਤਬਦੀਲੀਆਂ ਸੱਭ ਤੋਂ ਵੱਧ ਵੰਡਣ ਵਾਲੀਆਂ, ਤਬਾਹਕੁੰਨ ਤੇ ਡਰਾਉਣੀਆਂ ਹਨ। ਆਉਣ ਵਾਲੇ ਕਈ ਦਹਾਕਿਆਂ ਤੱਕ ਸਾਡਾ ਮੁਲਕ ਇਨ੍ਹਾਂ ਤੋਂ ਪਾਰ ਨਹੀਂ ਪਾ ਸਕੇਗਾ। ਪਰ 139,000 ਰਜਿਸਟਰਡ ਨਰਸਾਂ ਦੀ ਅਗਵਾਈ ਕਰਨ ਵਾਲੀ ਕੈਨੇਡੀਅਨ ਨਰਸਿਜ਼ ਐਸੋਸਿਏਸ਼ਨ (ਸੀਐਨਏ) ਦੇ ਪ੍ਰਧਾਨ ਬਾਰਬ ਸ਼ੈਲੀਅਨ ਨੇ ਆਖਿਆ ਕਿ ਸਾਡੀ ਐਸੋਸਿਏਸ਼ਨ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕਰਦੀ ਹੈ।
ਸੀਐਨਏ ਕੈਨੇਡਾ ਵਿੱਚ 139,000 ਰਜਿਸਟਰਡ ਨਰਸਾਂ ਦੀ ਅਗਵਾਈ ਕਰਦੀ ਹੈ ਤੇ ਆਪਣੇ ਸਾਰੇ ਮੈਂਬਰਾਂ ਦੇ ਪੱਖ ਉੱਤੇ ਇਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਟੈਕਸਾਂ ਵਿੱਚ ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਦੀ ਤਾਈਦ ਕੀਤੀ ਗਈ ਹੈ। ਪਰ ਸੀਐਨਏ ਦੇ ਪ੍ਰਧਾਨ ਦੇ ਇਸ ਬਿਆਨ ਨੇ ਮੂਹਰਲੀ ਕਤਾਰ ਦੀਆਂ ਨਰਸਾਂ ਨੂੰ ਬੇਚੈਨ ਕਰ ਦਿੱਤਾ ਹੈ ਤੇ ਇਹ ਨਰਸਾਂ ਹੁਣ ਸੋਸ਼ਲ ਮੀਡੀਆ ਉੱਤੇ ਆਪਣੀ ਭੜਾਸ ਕੱਢ ਰਹੀਆਂ ਹਨ। ਬਹੁਤੀਆਂ ਨਰਸਾਂ ਦਾ ਕਹਿਣਾ ਹੈ ਕਿ ਇਸ ਬਿਆਨ ਨੂੰ ਵਾਪਿਸ ਲਿਆ ਜਾਵੇ ਤੇ ਇਸ ਦੇ ਸਬੰਧ ਵਿੱਚ ਮੁਆਫੀ ਮੰਗੀ ਜਾਵੇ। ਕੁੱਝ ਨਰਸਾਂ ਵੱਲੋਂ ਤਾਂ ਸੀਐਨਏ ਦੇ ਪ੍ਰਧਾਨ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਸਮੱਸਿਆ ਇਹ ਹੈ ਕਿ ਕੈਨੇਡਾ ਦੀਆਂ ਨਰਸਾਂ ਦੀ ਇਸ ਮੁੱਦੇ ਉੱਤੇ ਰਾਇ ਜਾਨੇ ਬਿਨਾਂ ਹੀ ਪ੍ਰਧਾਨ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਹੈ। ਮੂਹਰਲੀ ਕਤਾਰ ਦੀਆਂ ਹਜ਼ਾਰਾਂ ਨਰਸਾਂ ਇਨ੍ਹਾਂ ਅਢੁਕਵੀਆਂ ਟੈਕਸ ਤਬਦੀਲੀਆਂ ਦੇ ਖਿਲਾਫ ਆਨਲਾਈਨ ਪਟੀਸ਼ਨ ਸਾਈਨ ਕਰ ਚੁੱਕੀਆਂ ਹਨ ਤੇ ਇਸ ਬਾਰੇ ਆਪਣਾ ਇਤਰਾਜ਼ ਜਤਾ ਚੁੱਕੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪ੍ਰਸਤਾਵਿਤ ਤਬਦੀਲੀਆਂ ਨਾਲ ਕੈਨੇਡਾ ਵਿੱਚ ਹੈਲਥਕੇਅਰ ਤੱਕ ਪਹੁੰਚ ਕਰਨਾ ਮੁਸ਼ਕਲ ਹੋ ਜਾਵੇਗਾ। ਆਨਲਾਈਨ ਪਟੀਸ਼ਨ ਉੱਤੇ ਕੈਨੇਡਾ ਭਰ ਤੋਂ 40,000 ਦਸਤਖ਼ਤ ਹੋ ਚੁੱਕੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਆਪਣੇ ਮਰੀਜ਼ਾਂ ਦੀ ਦੇਖਭਾਲ ਲਈ ਅਸੀਂ ਆਪਣੇ ਨਰਸਿੰਗ ਕੁਲੀਗਜ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਕੈਨੇਡਾ ਦੇ ਡਾਕਟਰਾਂ, ਕਿਸਾਨਾਂ ਤੇ ਸਾਰੇ ਨਿੱਕੇ ਕਾਰੋਬਾਰੀਆਂ ਲਈ ਕੈਨੇਡਾ ਦੀਆਂ ਨਰਸਾਂ ਵੱਲੋਂ ਮਿਲ ਰਹੇ ਸਮਰਥਨ ਤੋਂ ਵੀ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਅਸੀਂ ਇਹ ਵੀ ਜਾਣਦੇ ਹਾਂ ਕਿ ਆਪਣੀਆਂ ਸਾਂਝੀਆਂ ਮੰਗਾਂ ਲਈ ਸਾਡੀਆਂ ਨਰਸਾਂ ਨੇ ਹਮੇਸ਼ਾਂ ਸੰਘਰਸ਼ ਕੀਤਾ ਹੈ। ਸਾਰੇ ਕੈਨੇਡੀਅਨਾਂ ਲਈ ਹੈਲਥਕੇਅਰ ਯਕੀਨੀ ਬਣਾਉਣ ਲਈ ਉਹ ਆਪਣੇ ਡਾਕਟਰਾਂ ਦੇ ਨਾਲ ਹਨ ਇਸ ਗੱਲ ਦਾ ਵੀ ਸਾਨੂੰ ਮਾਣ ਹੈ। ਟਰੂਡੋ ਸਰਕਾਰ ਤੱਕ ਇਹ ਸੁਨੇਹਾ ਸਪਸ਼ਟ ਪਹੁੰਚਣਾ ਚਾਹੀਦਾ ਹੈ ਕਿ ਫਰੰਟਲਾਈਨ ਡਾਕਟਰਜ਼ ਤੇ ਨਰਸਾਂ ਇਸ ਸਰਕਾਰ ਵੱਲੋਂ ਪ੍ਰਸਤਾਵਿਤ ਟੈਕਸ ਸਬੰਧੀ ਤਬਦੀਲੀਆਂ ਦੇ ਖਿਲਾਫ ਇੱਕਜੁੱਟ ਹਨ। ਇਨ੍ਹਾਂ ਤਬਦੀਲੀਆਂ ਨਾਲ ਕੈਨੇਡਾ ਦਾ ਹੈਲਥਕੇਅਰ ਸਿਸਟਮ ਤੇ ਅਰਥਚਾਰਾ ਹਿੱਲ ਸਕਦਾ ਹੈ।