ਬੱਸ ਡੋਰੀ ਰੱਬ ਉੱਤੇ

-ਜੋਗਿੰਦਰ ਸਿੰਘ ਪ੍ਰਿੰਸੀਪਲ
1947 ਦੀ ਦੇਸ਼ ਵੰਡ ਪਿੱਛੋਂ ਕੁਝ ਸਮਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਰਹਿਣ ਪਿੱਛੋਂ ਸਾਡੇ ਪਰਵਾਰ ਦੇ ਜੀਅ ਰੁਲਦੇ ਰੁਲਦੇ ਕੁਰੂਕਸ਼ੇਤਰ ਦੇ ਵਿਸ਼ਾਲ ਕੈਂਪ ‘ਚ ਪੁੱਜ ਗਏ। ਪੰਜਾਂ ਮੈਂਬਰਾਂ ਲਈ ਇੱਕ ਛੋਟਾ ਜਿਹਾ ਤੰਬੂ ਸੀ। ਪਰਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਸੀ। ਰੋਟੀ ਰੋਜ਼ੀ ਦਾ ਸੰਸਾ ਸੀ। ਇਹ ਗੱਲ ਫਰਵਰੀ ਮਾਰਚ 1948 ਦੀ ਹੈ। ਦੁਪਹਿਰ ਦਾ ਸਮਾਂ ਸੀ। ਮੇਰੇ ਪਿਤਾ ਜੀ ਦਾ ਕੋਈ ਪੁਰਾਣਾ ਜਾਣਕਾਰ ਆਪਣੇ ਕਿਸੇ ਸਾਥੀ (ਜਿਸ ਨੂੰ ਮੇਰੇ ਪਿਤਾ ਜੀ ਨਹੀਂ ਸਨ ਜਾਣਦੇ) ਸਾਡੇ ਤੰਬੂ ਅੱਗੋਂ ਦੀ ਲੰਘਿਆ। ਦੁਆ ਸਲਾਮ ਕਰਨ ਪਿੱਛੋਂ ਮੇਰੇ ਪਿਤਾ ਜੀ ਦੋਵਾਂ ਨੂੰ ਆਦਰ ਨਾਲ ਅੰਦਰ ਲੈ ਆਏ। ਮੈਂ ਉਨ੍ਹਾਂ ਦੇ ਬੈਠਣ ਲਈ ਦਰੀ ਵਿਛਾਈ। ਦੋਵਾਂ ਨੂੰ ਘੜੇ ਦਾ ਪਾਣੀ ਪਿਆਇਆ।
ਸੁੱਖ-ਸਾਂਦ ਪੁੱਛਣ ਪਿੱਛੋਂ ਪਿਤਾ ਜੀ ਦੇ ਜਾਣਕਾਰ ਨੇ ਆਪਣੇ ਸਾਥੀ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ, ‘ਇਹ ਸਰਦਾਰ ਨੌਨਿਹਾਲ ਸਿੰਘ ਹਨ। ਆਪਣੇ ਛੋਟੇ ਭਰਾ (ਜੋ ਖੰਨਾ ਮੰਡੀ ਰਹਿੰਦਾ ਹੈ) ਦੀ ਲੜਕੀ ਲਈ ਲੜਕਾ ਲੱਭ ਰਹੇ ਹਨ। ਅਸੀਂ ਜਿਸ ਲੜਕੇ ਨੂੰ ਵੇਖਣ ਗਏ ਸਾਂ, ਉਹ ਪਰਵਾਰ ਕੈਂਪ ਵਿੱਚੋਂ ਚਲਾ ਗਿਆ ਹੈ। ਤੁਹਾਡੀ ਨਜ਼ਰ ਵਿੱਚ ਕੋਈ ਲੜਕਾ ਹੈ ਤਾਂ ਦੱਸੋ? ਲੜਕਾ 18-20 ਸਾਲ ਦਾ ਪੜ੍ਹਿਆ ਲਿਖਿਆ ਹੋਵੇ। ਪਰਵਾਰ ਸੁਲੱਗ ਹੋਵੇ। ਲੜਕਾ ਮੂੰਹ-ਚਿੱਤ ਲੱਗਦਾ ਹੋਵੇ।”
ਮੇਰੇ ਪਿਤਾ ਜੀ ਦੇ ਉਤਰ ਦੇਣ ਤੋਂ ਪਹਿਲਾਂ ਹੀ ਮੇਰੇ ਵੱਲ ਉਂਗਲੀ ਦਾ ਇਸ਼ਾਰਾ ਕਰਦੇ ਹੋਏ ਪਿਤਾ ਜੀ ਤੋਂ ਪੁੱਛਿਆ, ‘‘ਇਹ ਤੁਹਾਡਾ ਲੜਕਾ ਹੈ?”
‘‘ਜੀ ਹਾਂ।”
‘‘ਕਿੰਨੀ ਉਮਰ ਹੈ?”
‘‘ਇਹੋ 18-20 ਸਾਲ ਦੀ।”
‘‘ਕਿੰਨਾ ਪੜ੍ਹਿਆ ਲਿਖਿਆ ਏ?”
‘‘ਐਫ ਏ।” ‘‘ਕੀ ਕੰਮ ਕਰਦਾ ਹੈ।”
‘‘ਅਜੇ ਤਾਂ ਸਮਝੋ ਵਿਹਲਾ ਹੈ। ਕੈਂਪ ‘ਚ ਰਾਸ਼ਨ ਸਪਲਾਈ ਕਰਦਾ ਹੈ। ਅੰਮ੍ਰਿਤਸਰ ਦੇ ਕਈ ਦਫਤਰਾਂ ‘ਚ ਨੌਕਰੀ ਲਈ ਦਰਖਾਸਤਾਂ ਦਿੱਤੀਆਂ ਹੋਈਆਂ ਹਨ। ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਮੇਰਾ ਵੱਡਾ ਲੜਕਾ, ਜੋ ਅੰਮ੍ਰਿਤਸਰ ਨੌਕਰੀ ਕਰਦਾ ਹੈ, ਇਸ ਦੀ ਨੌਕਰੀ ਦੀ ਕੋਸ਼ਿਸ਼ ਕਰ ਰਿਹਾ ਹੈ। ਵੈਸੇ ਅਜੇ ਅਸੀਂ ਇਸ ਦੇ ਵਿਆਹ ਬਾਰੇ ਸੋਚ ਵੀ ਨਹੀਂ ਸਕਦੇ। ਇਸ ਸਮੇਂ ਅਸੀਂ ਨਿਥਾਵੇਂ, ਨਿਆਸਰੇ, ਬੇਘਰ ਅਤੇ ਬੇਰੁਜ਼ਗਾਰ ਹਾਂ। ਆਲ੍ਹਣਿਓਂ ਡਿੱਗੇ ਬੋਟ ਦੀ ਤਰ੍ਹਾਂ।”
ਜਾਣਕਾਰ ਨੇ ਆਪਣੇ ਦੋਸਤ ਨੂੰ ਕਿਹਾ, ‘‘ਤੁਸੀਂ ਫਿਰ ਵੀ ਲੜਕੇ ‘ਤੇ ਚੰਗੀ ਨਜ਼ਰ ਮਾਰ ਲਵੋ। ਕੋਈ ਹੋਰ ਪੁੱਛਗਿੱਛ ਕਰ ਲਵੋ। ਵਰ ਘਰ ਦੋਵੇਂ ਠੀਕ ਹਨ। ਸੰਜੋਗ ਬੜੇ ਜ਼ੋਰਾਵਰ ਹੁੰਦੇ ਹਨ।”
ਮੇਰੇ ਦਿਲੀ ਵਿਚਾਰਾਂ ਦੀ ਤਰਜਮਾਨੀ ਕਰਦੇ ਹੋਏ ਮੇਰੇ ਪਿਤਾ ਜੀ ਨੇ ਸਾਫ ਸ਼ਬਦਾਂ ਵਿੱਚ ਕਿਹਾ, ‘‘ਸਾਡੀ ਆਸ ਨਾ ਰੱਖੋ। ਅਸੀਂ ਤਾਂ ਅਜੇ ਰੋਟੀ ਰੋਜ਼ੀ ਤੋਂ ਅਵਾਜ਼ਾਰ ਹਾਂ। ਵਿਆਹ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ।”
ਪਿਤਾ ਜੀ ਦੇ ਜਾਣਕਾਰ ਨੇ ਕਿਹਾ, ‘‘ਕਰਨ ਕਰਾਵਣ ਵਾਲਾ ਤਾਂ ਪਰਮਾਤਮਾ ਹੈ। ਬੱਸ ਡੋਰੀ ਓਸ ‘ਤੇ ਛੱਡੋ। ਤੁਸੀਂ ਆਪਣੇ ਤੰਬੂ ਦਾ ਪੂਰਾ ਪਤਾ ਲਿਖ ਦਿਓ ਤਾਂ ਜੋ ਮੇਲ-ਜੋਲ ਬਣਿਆ ਰਹੇ।” ਪਿਤਾ ਜੀ ਦਾ ਇਸ਼ਾਰਾ ਮਿਲਦੇ ਸਾਰ ਮੈਂ ਇੱਕ ਕਾਗਜ਼ ਦੇ ਟੁਕੜੇ ‘ਤੇ ਆਪਣੇ ਤੰਬੂ ਦਾ ਪੂਰਾ ਐਡਰੈੱਸ ਲਿਖ ਦਿੱਤਾ। ਐਡਰੈੱਸ ਲੈ ਕੇ ਉਹ ਚਲੇ ਗਏ।
ਕੈਂਪ ‘ਚ ਡਾਕ ਕਾਫੀ ਦੇਰ ਪਿੱਛੋਂ ਪਹੁੰਚਦੀ ਸੀ। ਲਗਭਗ ਇੱਕ ਮਹੀਨਾ ਪਿੱਛੋਂ ਖੰਨਾ ਮੰਡੀ (ਪੰਜਾਬ) ਤੋਂ ਲੜਕੀ ਦੇ ਪਿਤਾ ਸਰਦਾਰ ਲਾਲ ਸਿੰਘ ਦਾ ਖ਼ਤ ਆਇਆ। ਖ਼ਤ ਦੇ ਸੰਖੇਪ ਸਾਰ ਸੀ, ‘‘ਵੱਡੇ ਭਾਈ ਸਾਹਿਬ ਜੀ ਦੇ ਕਹਿਣ ਅਨੁਸਾਰ ਸਾਨੂੰ ਲੜਕਾ ਪਸੰਦ ਹੈ। ਚਿੱਠੀ ਦੁਆਰਾ ਆਪਣੀ ਮਨਜ਼ੂਰੀ ਦਿਓ ਤਾਂ ਜੋ ਗੱਲਬਾਤ ਅੱਗੇ ਤੋਰੀ ਜਾ ਸਕੇ।”
ਪਿਤਾ ਜੀ ਨੇ ਚਿੱਠੀ ਦਾ ਉਤਰ ਦਿੱਤਾ, ‘‘ਅਜੇ ਲੜਕਾ ਨਹੀਂ ਮੰਨਦਾ। ਮੈਂ ਵੀ ਅਜੇ ਉਸ ਦੇ ਵਿਆਹ ਦੇ ਹੱਕ ‘ਚ ਨਹੀਂ। ਉਹ ਬੇਰੁਜ਼ਗਾਰ ਹੈ। ਆਪਣੇ ਪੈਰਾਂ ‘ਤੇ ਖੜ੍ਹਾ ਨਹੀਂ। ਸਾਡੇ ਪਾਸ ਧੇਲਾ ਵੀ ਨਹੀਂ। ਨਾ ਅਜੇ ਸਾਡਾ ਕੋਈ ਟਿਕਾਣਾ ਏ। ਰੋਟੀ ਤੋਂ ਮੁਹਤਾਜ ਹਾਂ। ਅਸੀਂ ਰਿਸ਼ਤਾ ਕਿਵੇਂ ਮਨਜ਼ੂਰ ਕਰ ਸਕਦੇ ਹਾਂ? ਸਾਡੀ ਆਸ ‘ਤੇ ਨਾ ਰਹੋ।” ਕੋਰਾ-ਕਰਾਰਾ ਜਵਾਬ।
ਫਿਰ ਵੀ ਇੱਕ ਮਹੀਨੇ ਪਿੱਛੋਂ ਉਨ੍ਹਾਂ ਦੀ ਚਿੱਠੀ ਆਈ, ‘‘ਸਾਨੂੰ ਦੱਸੋ, ਅਸੀਂ ਤੁਹਾਨੂੰ ਕੈਂਪ ‘ਚ ਮਿਲਣ ਲਈ ਕਦੋਂ ਆਈਏ, ਤਾਂ ਜੋ ਰਿਸ਼ਤਾ ਪੱਕਾ ਕੀਤਾ ਜਾ ਸਕੇ। ਜਵਾਬ ਛੇਤੀ?”
ਇਨ੍ਹਾਂ ਦਿਨਾਂ ‘ਚ ਹੀ ਮੈਨੂੰ ਵੱਡੇ ਭਾਈ ਸਾਹਿਬ ਦਾ ਇੱਕ ਖਾਸ ਆਦਮੀ ਰਾਹੀਂ ਕੈਂਪ ਵਿੱਚ ਸੁਨੇਹਾ ਆਇਆ ਕਿ ਮੈਂ ਮਹੀਨੇ ਤੱਕ ਜ਼ਰੂਰ ਅੰਮ੍ਰਿਤਸਰ ਪਹੁੰਚ ਜਾਵਾਂ, ਕਿਉਂਕਿ ਕਈ ਵਿਭਾਗਾਂ ‘ਚ ਇੰਟਰਵਿਊ ਦੀਆਂ ਤਰੀਕਾਂ ਨਿਕਲਣ ਵਾਲੀਆਂ ਹਨ। ਨੌਕਰੀ ਮਿਲ ਜਾਣ ਦਾ ਵੀ ਭਰੋਸਾ ਦਿੱਤਾ। ਪਿਤਾ ਜੀ ਦੀ ਸੁਚੱਜੀ ਸੋਚ ਸੀ ਕਿ ਖੰਨੇ ਤੋਂ ਲੜਕੀ ਵਾਲਿਆਂ ਵੱਲੋਂ ਆਈ ਚਿੱਠੀ ਦਾ ਜਵਾਬ ਦੇਣਾ ਇਖ਼ਲਾਕੀ ਫਰਜ਼ ਹੈ। ਪਰਵਾਰ ਦੇ ਮਨ ਵਿੱਚ ਇਹ ਵੀ ਤੌਖਲਾ ਸੀ ਕਿ ਕਿਧਰੇ ਚਿੱਠੀ ਦਾ ਜਵਾਬ ਨਾ ਦੇਣ ਦੀ ਸੂਰਤ ‘ਚ ਲੜਕੀ ਵਾਲੇ ਰਿਸ਼ਤਾ ਤੈਅ ਕਰਨ ਲਈ ਕੈਂਪ ‘ਚ ਨਾ ਆ ਜਾਣ। ਇਹ ਸਥਿਤੀ ਸਾਡੇ ਪਰਵਾਰ ਨੂੰ ਸ਼ੋਭਦੀ ਨਹੀਂ, ਕਿਉਂਕਿ ਇਸ ਹਾਲਤ ਵਿੱਚ ਨਾ ਸਿਰਫ ਘਰ ਆਈ ਲਕਸ਼ਮੀ ਦਾ ਅਪਮਾਨ ਹੋਵੇਗਾ, ਸਗੋਂ ਲੜਕੀ ਦੇ ਪਰਵਾਰ ਪ੍ਰਤੀ ਬੇਰੁਖੀ ਵਾਲਾ ਤੇ ਨਿਰਾਦਰ ਭਰਿਆ ਵਤੀਰਾ ਵੀ ਹੋਵੇਗਾ। ਰਿਸ਼ਤਾ ਤਾਂ ਦੋਵਾਂ ਧਿਰਾਂ ਦੇ ਮਾਣ-ਸਨਮਾਨ ਦੀ ਸਾਖੀ ਭਰਦਾ ਹੈ। ਪਿਤਾ ਜੀ ਨੇ ਮੈਨੂੰ ਕਿਹਾ ਕਿ ਤੂੰ ਲਗਭਗ ਜੁਲਾਈ ਮਹੀਨੇ ਵਿੱਚ ਇੰਟਰਵਿਊ ਦੇਣ ਲਈ ਅੰਮ੍ਰਿਤਸਰ ਜਾਣਾ ਹੈ, ਉਹ ਵੀ ਮੇਰੇ ਨਾਲ ਜਾਣਗੇ। ਸਰਦਾਰ ਲਾਲ ਸਿੰਘ ਨੂੰ ਲਿਖ ਦਿੰਦੇ ਹਾਂ ਕਿ ਅਸੀਂ ਪਿਓ-ਪੁੱਤਰ 25 ਜੁਲਾਈ ਨੂੰ ਸਵੇਰੇ ਛੇ ਵਜੇ ਖੰਨਾ ਰੇਲਵੇ ਸਟੇਸ਼ਨ ਦੇ ਬੁਕਿੰਗ ਆਫਿਸ ਕੋਲ ਖੜ੍ਹੇ ਹੋਵਾਂਗੇ। ਮੇਰੇ ਲੜਕੇ ਦੇ ਹੱਥ ਥੈਲਾ ਫੜਿਆ ਹੋਵੇਗਾ ਤਾਂ ਜੋ ਪਛਾਣ ਸੌਖੀ ਹੋ ਜਾਵੇ। ਉਹ ਸਾਨੂੰ ਉਥੇ ਮਿਲ ਲੈਣ। ਰਸਮੀ ਗੱਲਬਾਤ ਪਿੱਛੋਂ ਆਪਣੀ ਮਜਬੂਰੀ ਦੱਸਦੇ ਹੋਏ ਅਸੀਂ ਉਸ ਤੋਂ ਬਾਅਦ ਅੰਮ੍ਰਿਤਸਰ ਜਾਣ ਵਾਲੀ ਗੱਡੀ ਫੜ ਲਵਾਂਗੇ। ਸਾਡਾ ਮਸਲਾ ਹੱਲ ਹੋ ਜਾਵੇਗਾ। ਉਹ ਖੱਜਲ ਖੁਆਰੀ ਅਤੇ ਸ਼ਰਮਿੰਦਗੀ ਤੋਂ ਬਚ ਜਾਣਗੇ।
ਅਗਲੇ ਦਿਨ ਹੀ ਡਾਕ ਰਾਹੀਂ ਪਿਤਾ ਜੀ ਨੇ ਲੜਕੀ ਦੇ ਪਿਤਾ ਨੂੰ ਉਲੀਕੇ ਪ੍ਰੋਗਰਾਮ ਬਾਰੇ ਸੂਚਿਤ ਕਰ ਦਿੱਤਾ। ਅਸੀਂ ਨਿਸ਼ਚਿਤ ਦਿਨ, ਨਿਸ਼ਚਿਤ ਥਾਂ ਅਤੇ ਨਿਸ਼ਚਿਤ ਸਮੇਂ ਖੰਨਾ ਮੰਡੀ ਰੇਲਵੇ ਸਟੇਸ਼ਨ ਦੀ ਖਿੜਕੀ ਕੋਲ ਖੜ੍ਹੇ ਸਾਂ। ਪਛਾਣ ਕਰ ਕੇ ਸਤਿ ਸ੍ਰੀ ਅਕਾਲ ਬੁਲਾਉਂਦਿਆਂ ਸਰਦਾਰ ਲਾਲ ਸਿੰਘ ਨੇ ਪੁੱਛਿਆ, ‘‘ਕੁਰੂਕਸ਼ੇਤਰ ਤੋਂ ਸਰਦਾਰ ਦੀਵਾਨ ਸਿੰਘ ਜੀ?”
‘‘ਹਾਂ ਜੀ”, ਪਿਤਾ ਜੀ ਨੇ ਨਿਮਰਤਾ ਸਹਿਤ ਉਤਰ ਦਿੱਤਾ।
‘‘ਆ ਜਾਓ ਮੇਰੇ ਨਾਲ।” ਅਸੀਂ ਬਿਨਾਂ ਤਰਕ ਵਿਤਰਕ ਕੀਤੇ ਉਨ੍ਹਾਂ ਦੇ ਪਿੱਛੇ ਲੱਗ ਤੁਰੇ। ਉਹ ਆਪਣੇ ਮਸਤ ਹਾਵਾਂ ਭਾਵਾਂ ‘ਚ ਗੁਆਚੇ ਹੋਏ ਬੋਲਣ ਲੱਗੇ, ‘‘ਕੁਦਰਤ ਬੜੀ ਬੇਅੰਤ ਹੈ। ਅੱਜ ਜਦੋਂ ਮੈਂ ਸਵੇਰੇ ਘਰੋਂ ਆਪ ਜੀ ਨੂੰ (ਸਾਡੇ ਵੱਲ ਮੂੰਹ ਕਰ ਕੇ) ਲੈਣ ਲਈ ਨਿਕਲਿਆ ਤਾਂ ਸਾਡੇ ਨਾਲ ਵਾਲੇ ਗੁਰਦੁਆਰੇ ‘ਚੋਂ ਗ੍ਰੰਥੀ ਸਾਹਿਬ ਨੇ ਬੜੀ ਸਹਿਜ ਅਵਸਥਾ ਵਿੱਚ ਇੱਕ ਵਾਕ ਲਿਆ, ਹਮ ਘਰ ਸਾਜਣ ਆਏ। ਅੰਗ-ਸੰਗ ਪੁਲਕਿਤ ਹੋ ਗਿਆ। ਸਰਦਾਰ ਜੀ ਦਾਤਾਂ ਤੇ ਬਰਕਤਾਂ ਦਾਤਾਰ ਦੇ ਹੱਥ ਹਨ।” ਉਹ ਤਾਂ ਆਪਣੀ ਰੌਂਅ ਵਿੱਚ ਬੋਲਦੇ ਤੁਰੀ ਜਾ ਰਹੇ ਸਨ। ਕਦੇ ਕਦੇ ਵੱਲ ਮੂੰਹ ਕਰ ਛੱਡਦੇ ਸਨ। ਪਤਾ ਨਹੀਂ ਸਾਡੇ ‘ਤੇ ਕੀ ਜਾਦੂ ਹੋਇਆ ਕਿ ਅਸੀਂ ਬਿਨਾਂ ‘ਹਾਂ-ਹੂੰ’ ਜਾਂ ‘ਨਾਂਹ-ਨੁੱਕਰ’ ਕੀਤੇ ਉਨ੍ਹਾਂ ਪਿੱਛੇ ਤੁਰੇ ਜਾ ਰਹੇ ਸਾਂ। ਸੱਚ ਜਾਣੋ, ਸਾਡੇ ਵਜੂਦ ਸਾਡੇ ਪਾਸ ਨਹੀਂ ਸਨ। ਸਾਨੂੰ ਨਾ ਕੋਈ ਸਵਾਲ ਅਹੁੜਿਆ ਤੇ ਨਾ ਕੋਈ ਜਵਾਬ। ਉਦੋਂ ਪਤਾ ਲੱਗਾ ਜਦੋਂ ਅਸੀਂ ਇੱਕ ਗੁਰਦੁਆਰੇ ‘ਚ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਰਹੇ ਸਾਂ। ਮੱਥਾ ਟੇਕ ਕੇ ਅਸੀਂ ਦਰੀ ‘ਤੇ ਬੈਠ ਗਏ। ਗ੍ਰੰਥੀ ਨੇ ਸਾਨੂੰ ਪ੍ਰਸ਼ਾਦ ਦਿੱਤਾ। ਸਾਨੂੰ ਬੈਠੇ ਰਹਿਣ ਦਾ ਇਸ਼ਾਰਾ ਕਰ ਕੇ ਸਰਦਾਰ ਲਾਲ ਸਿੰਘ ਵੀ ਚਲੇ ਗਏ।
ਛੇਤੀ ਹੀ ਸਰਦਾਰ ਲਾਲ ਸਿੰਘ ਪਰਵਾਰ ਨਾਲ ਆਏ। ਔਰਤ ਨੇ ਗੁਰੂ ਘਰ ਵਿੱਚ ਮੱਥਾ ਟੇਕਣ ਪਿੱਛੋਂ ਮੇਰੇ ਪਿਤਾ ਜੀ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਮੇਰੇ ਸਿਰ ‘ਤੇ ਪਿਆਰ ਨਾਲ ਹੱਥ ਫੇਰਿਆ। ਸਾਰੇ ਚੁੱਪ ਕਰ ਕੇ ਬੈਠ ਗਏ। ਪੁੱਛਣ ਵਾਲੇ ਗੂੰਗੇ, ਅਸੀਂ ਸੁਣਨ ਵਾਲੇ ਬਹਿਰੇ। ਦੋਵਾਂ ਧਿਰਾਂ ਦੀ ਚੁੱਪੀ ‘ਚੋਂ ਇੱਕ ਨਵੇਂ ਰਿਸ਼ਤੇ ਦੀ ਸਿਰਜਣਾ ਹੋ ਰਹੀ ਸੀ। ਹੱਥ ਨਾਲ ਸਾਨੂੰ ਬੈਠੇ ਰਹਿਣ ਦਾ ਇਸ਼ਾਰਾ ਕਰਦੇ ਹੋਏ ਉਹ ਸਾਰੇ ਚਲੇ ਗਏ। ਇਸ ਦੌਰਾਨ ਗ੍ਰੰਥੀ ਜੀ ਨੇ ਸਾਨੂੰ ਹਲਕਾ ਜਿਹਾ ਨਾਸ਼ਤਾ ਕਰਵਾਇਆ। ਕੁਝ ਸਮੇਂ ਪਿੱਛੋਂ ਉਹ ਚਾਰੇ ਜੀਅ ਇੱਕ ਛੁਹਾਰਾ, ਕੁਝ ਪਤਾਸੇ ਅਤੇ ਕੁਝ ਫੁੱਲੀਆਂ ਇੱਕ ਰੁਮਾਲ ਵਿੱਚ ਲੈ ਆਏ। ਮੈਨੂੰ ਕਿਹਾ, ‘‘ਕਾਕਾ, ਝੋਲੀ ਕਰ।”
ਮੈਂ ਝੋਲੀ ਕਰ ਦਿੱਤੀ। ਮੈਨੂੰ ਨਹੀਂ ਪਤਾ ਕਿ ਮੇਰੀ ਸੋਚ ਤੇ ਚਤੁਰਾਈ ਦੇ ਖੰਭ ਕਦੇ ਕਤਰੇ ਗਏ। ਮੈਂ ਪਿਤਾ ਜੀ ਵੱਲ ਤੇ ਪਿਤਾ ਜੀ ਮੇਰੇ ਵੱਲ ਵੇਖ ਰਹੇ ਸਨ। ਸਰਦਾਰ ਲਾਲ ਸਿੰਘ ਮੇਰੇ ਪਿਤਾ ਜੀ ਨੂੰ ਕਹਿ ਰਹੇ ਸਨ, ‘‘ਬੱਸ ਆਉਂਦੇ ਐਤਵਾਰ ਸਵੇਰੇ ਨੌਂ ਵਜੇ ਇਸ ਸਥਾਨ ‘ਤੇ ਪੰਜ ਸੱਤ ਬੰਦੇ ਬਰਾਤ ਦੇ ਲੈ ਕੇ ਆ ਜਾਣਾ।” ਰੇਲਵੇ ਸਟੇਸ਼ਨ ‘ਤੇ ਪੁੱਜ ਕੇ ਅਸੀਂ ਦੋਵੇਂ ਪਿਓ ਪੁੱਤਰ ਇਸ ਸੋਚ ਵਿੱਚ ਸਾਂ ਕਿ ਅਸੀਂ ਹੁਣ ਅੰਮ੍ਰਿਤਸਰ ਜਾਣਾ ਹੈ ਜਾਂ ਕੁਰੂਕਸ਼ੇਤਰ।