ਜੋ ਮਿਲਿਆ ਉਸ ਤੋਂ ਖੁਸ਼ ਹਾਂ : ਵਿਦਿਆ ਬਾਲਨ

vidya balan
ਵਿਦਿਆ ਬਾਲਨ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ, ਜਿਨ੍ਹਾਂ ਨੇ ਛੋਟੇ ਪਰਦੇ ਤੋਂ ਸ਼ੁਰੂਆਤ ਕੀਤੀ ਤੇ ਵੱਡੇ ਪਰਦੇ ‘ਤੇ ਉੱਚਾ ਮੁਕਾਮ ਹਾਸਲ ਕੀਤਾ। 2005 ‘ਚ ਆਈ ਫਿਲਮ ‘ਪਰਿਣੀਤਾ’ ‘ਚ ਨਿਭਾਏ ਆਪਣੇ ਕਿਰਦਾਰ ਨਾਲ ਵਿਦਿਆ ਨੇ ਸਿੱਧ ਕਰ ਦਿੱਤਾ ਕਿ ਉਸ ‘ਚ ਅਭਿਨੈ ਦੇ ਨਾਲ-ਨਾਲ ਦਰਸ਼ਕਾਂ ਨੂੰ ਆਪਣੇ ਜਾਦੂ ‘ਚ ਬੰਨ੍ਹ ਲੈਣ ਵਾਲੀ ਖੂਬਸੂਰਤੀ ਵੀ ਹੈ। ਉਸ ਦੀਆਂ ਜ਼ਿਕਰ ਯੋਗ ਫਿਲਮਾਂ ‘ਚ ‘ਲਗੇ ਰਹੋ ਮੁੰਨਾ ਭਾਈ’, ‘ਹੇ ਬੇਬੀ’, ‘ਪਾ’, ‘ਇਸ਼ਕੀਆ’, ‘ਦਿ ਡਰਟੀ ਪਿਕਚਰ’, ‘ਕਹਾਣੀ’, ‘ਤੀਨ’, ‘ਬੇਗਮ ਜਾਨ’ ਆਦਿ ਸ਼ਾਮਲ ਹਨ। ਇਸ ਸਾਲ ਉਹ ਸੁਰੇਸ਼ ਤਿ੍ਰਵੇਣੀ ਦੀ ਇੱਕ ਫਿਲਮ ‘ਚ ਦਿਖਾਈ ਦੇਵੇਗੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕਿਸ ਤਰ੍ਹਾਂ ਦੀ ਹੈ ਸੁਰੇਸ਼ ਤਿ੍ਰਵੇਣੀ ਨਿਰਦੇਸ਼ਿਤ ‘ਤੁਮਹਾਰੀ ਸੁੱਲੂ’?
– ਇਹ ਇੱਕ ਕਾਮੇਡੀ ਡਰਾਮਾ ਫਿਲਮ ਹੈ। ਇਸ ‘ਚ ਮੈਂ ਇੱਕ ਨਾਈਟ ਰੇਡੀਓ ਜੌਕੀ ਦਾ ਕਿਰਦਾਰ ਨਿਭਾ ਰਹੀ ਹਾਂ, ਜਦੋਂ ਕਿ ਨੇਹਾ ਧੂਪੀਆ ਮੇਰੀ ਬੌਸ ਦਾ ਕਿਰਦਾਰ ਨਿਭਾਏਗੀ। ਇਹ ਇੱਕ ਘਰੇਲੂ ਔਰਤ ਦੀ ਕਹਾਣੀ ਹੈ, ਜੋ ਰਾਤ ਸਮੇਂ ਰੇਡੀਓ ਜੌਕੀ ਦੀ ਜੌਬ ਵੀ ਕਰਦੀ ਹੈ। ਇਹ ਹੁਣ ਤੱਕ ਦੀਆਂ ਮੇਰੀਆਂ ਸਾਰੀਆਂ ਫਿਲਮਾਂ ਤੋਂ ਵੱਖਰੀ ਹੋਵੇਗੀ। ਇਹ ਫਿਲਮ ਇਸ ਸਾਲ ਦਸੰਬਰ ‘ਚ ਰਿਲੀਜ਼ ਹੋਵੇਗੀ।
* ਆਪਣੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਚੁਣੌਤੀ ਪੂਰਨ ਕਿਰਦਾਰ ਕਿਸ ਨੂੰ ਮੰਨਦੇ ਹੋ?
– ‘ਕਹਾਣੀ-2’ ਵਿੱਚ ਦੁਰਗਾ ਰਾਣੀ ਸਿੰਘ ਦਾ ਕਿਰਦਾਰ ਮੇਰੇ ਲਈ ਹੁਣ ਤੱਕ ਦਾ ਸਭ ਤੋਂ ਚੁਣੌਤੀ ਪੂਰਨ ਕਿਰਦਾਰ ਰਿਹਾ ਹੈ। ਇਹ ਕਿਰਦਾਰ ਬੇਹੱਦ ਮੁਸ਼ਕਲ ਸੀ। ਇਹ ਇੱਕ ਅਜਿਹੀ ਮਹਿਲਾ ਦਾ ਕਿਰਦਾਰ ਸੀ, ਜੋ ਬਾਲ ਯੌਨ ਸ਼ੌਸ਼ਣ ਦਾ ਸ਼ਿਕਾਰ ਰਹੀ। ਉਹ ਇਸ ਡਰ ਵਿੱਚੋਂ ਬਾਹਰ ਨਹੀਂ ਆਈ ਤੇ ਇਸ ਲਈ ਇਕੱਲੇ ਰਹਿਣਾ ਪਸੰਦ ਕਰਦੀ ਹੈ। ਉਥੇ ਦੂਜੇ ਪਾਸੇ ਜਦੋਂ ਉਹ ਕਿਸੇ ਦੂਜੀ ਬੱਚੀ ਨੂੰ ਇਸ ਦਾ ਸ਼ਿਕਾਰ ਹੁੰਦੇ ਦੇਖਦੀ ਹੈ ਤਾਂ ਉਸ ਨੂੰ ਬਚਾਉਣ ਲਈ ਇਕਦਮ ਦੁਰਗਾ ਦਾ ਰੂਪ ਲੈ ਲੈਂਦੀ ਹੈ।
* ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿਰਫ ਆਪਣੇ ਦਮ ‘ਤੇ ਕੋਈ ਫਿਲਮ ਚਲਾ ਸਕਦੇ ਹੋ?
– ਮੈਂ ਬਹੁਤ ਨਿਮਰ ਰਹਿੰਦੀ ਹਾਂ, ਜਦੋਂ ਮੇਰੇ ਬਾਰੇ ਕੋਈ ਅਜਿਹੀਆਂ ਗੱਲਾਂ ਕਹਿੰਦਾ ਹੈ। ਮੈਂ ਉਨ੍ਹਾਂ ਫਿਲਮਾਂ ਦਾ ਹਿੱਸਾ ਰਹੀ ਹਾਂ, ਜਿਨ੍ਹਾਂ ਨੂੰ ਕਾਫੀ ਚੰਗੀ ਤਰ੍ਹਾਂ ਬਣਾਇਆ ਗਿਆ ਸੀ। ਮੈਂ ਉਸੇ ਤਰ੍ਹਾਂ ਦੀਆਂ ਫਿਲਮਾਂ ਵਿੱਚ ਕੰਮ ਕਰਨਾ ਜਾਰੀ ਰੱਖਿਆ ਜਿਸ ਤਰ੍ਹਾਂ ਦੀਆਂ ਫਿਲਮਾਂ ‘ਚ ਮੈਂ ਹਮੇਸ਼ਾ ਕੰਮ ਕਰਦੀ ਆਈ ਹਾਂ। ਫਿਰ ਵੀ ਮੇਰੀਆਂ ਕੁਝ ਫਿਲਮਾਂ ਖਾਸ ਨਹੀਂ ਚੱਲੀਆਂ। ਅਜਿਹੇ ‘ਚ ਮੈਨੂੰ ਨਹੀਂ ਲੱਗਦਾ ਕਿ ਕੋਈ ਫਿਲਮ ਸਿਰਫ ਮੇਰੀ ਵਜ੍ਹਾ ਨਾਲ ਚੱਲ ਸਕਦੀ ਹੈ। ਕੋਈ ਵੀ ਫਿਲਮ ਸਾਰਿਆਂ ਨਾਲ ਮਿਲ ਕੇ ਬਣਦੀ ਹੈ। ਲੋਕਾਂ ਦੀ ਦਰਿਆਦਿਲੀ ਹੈ ਕਿ ਉਹ ਮੈਨੂੰ ਕ੍ਰੈਡਿਟ ਦਿੰਦੇ ਹਨ।
* ਅੱਜਕੱਲ੍ਹ ਬਾਲੀਵੁੱਡ ਤੋਂ ਕਾਫੀ ਹੀਰੋਇਨਾਂ ਹਾਲੀਵੁੱਡ ਵੱਲ ਰੁਖ਼ ਕਰ ਰਹੀਆਂ ਹਨ। ਤੁਹਾਡਾ ਮਨ ਨਹੀਂ ਕਰਦਾ?
-ਇਮਾਨਦਾਰੀ ਨਾਲ ਕਹਾਂ ਤਾਂ ਮੈਂ ਹਾਲੀਵੁੱਡ ਜਾਣ ਦੀ ਕੋਸ਼ਿਸ਼ ਕਦੇ ਨਹੀਂ ਕੀਤੀ। ਜੇ ਮੈਨੂੰ ਕਦੇ ਕੁਝ ਇੰਟਰਸਟਿੰਗ ਕਰਨ ਨੂੰ ਮਿਲਿਆ ਤਾਂ ਮੈਂ ਦੁਨੀਆ ਦੇ ਕਿਸੇ ਵੀ ਕੋਨੇ ‘ਚ ਜਾ ਸਕਦੀ ਹਾਂ।
* ਬਾਲੀਵੁੱਡ ਦੀ ਧਾਰਨਾ ਹੈ ਕਿ ਵਿਆਹੁਤਾ ਹੀਰੋਇਨਾਂ ਨੂੰ ਸਫਲਤਾ ਨਹੀਂ ਮਿਲਦੀ, ਕੀ ਕਹੋਗੇ?
– ਮੈਂ ਮੰਨਦੀ ਹਾਂ ਕਿ ਮੇਰੀਆਂ ਪਿਛਲੀਆਂ ਕੁਝ ਫਿਲਮਾਂ ਬਾਕਸ ਆਫਿਸ ‘ਤੇ ਅਸਫਲ ਰਹੀਆਂ, ਪਰ ਇਸ ਦਾ ਮੇਰੇ ਵਿਆਹ ਨਾਲ ਕੋਈ ਸੰਬੰਧ ਨਹੀਂ। ਮੈਂ ਇਨ੍ਹਾਂ ਸਾਰੀਆਂ ਫਿਲਮਾਂ ਵਿੱਚ ਆਪਣੇ ਵੱਲੋਂ ਸੌ ਫੀਸਦੀ ਦਿੱਤਾ ਸੀ। ਮੈਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ। ਇਸ ਨਾਲ ਮੈਨੂੰ ਸਮਝ ‘ਚ ਆਇਆ ਕਿ ਕਲਾਕਾਰ ਵਜੋਂ ਮਿਹਨਤ ਕਰਨਾ, ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਅੰਜਾਮ ਦੇਣਾ ਸਿਰਫ ਸਾਡੇ ਹੀ ਹੱਥ ਵਿੱਚ ਨਹੀਂ। ਮੈਂ ਹਮੇਸ਼ਾ ਉਹ ਫਿਲਮਾਂ ਕੀਤੀਆਂ, ਜਿਨ੍ਹਾਂ ਨੂੰ ਕਰਨ ਲਈ ਮੇਰੇ ਦਿਲ ਨੇ ਕਿਹਾ। ਹਰ ਕਲਾਕਾਰ ਦੇ ਕਰੀਅਰ ‘ਚ ਉਤਰਾਅ-ਚੜ੍ਹਾਅ ਆਉਂਦਾ ਹੈ। ਮੇਰੇ ਕਰੀਅਤ ਵਿੱਚ ਵੀ ਉਤਾਰ ਆਇਆ। ਮੇਰੀ ਰਾਏ ਵਿੱਚ ਫਿਲਮ ਦੀ ਸਫਲਤਾ ਜਾਂ ਅਸਫਲਤਾ ਫਿਲਮ ਦੇ ਚੰਗੀ ਜਾਂ ਬੁਰੀ ਹੋਣ ‘ਤੇ ਨਿਰਭਰ ਕਰਦੀ ਹੈ।
* ਬਾਲੀਵੁੱਡ ‘ਚ ਹੀਰੋ ਤੇ ਹੀਰੋਇਨ ਦੇ ਮਿਹਨਤਾਨੇ ‘ਚ ਕਾਫੀ ਫਰਕ ਦੱਸਿਆ ਜਾਂਦਾ ਹੈ। ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ?
– ਮੈਨੂੰ ਨਹੀਂ ਪਤਾ ਕਿ ਕਿਸੇ ਦੇ ਮਿਹਨਤਾਨੇ ‘ਚ ਕੋਈ ਫਰਕ ਹੈ ਕਿ ਨਹੀਂ ਕਿਉਂਕਿ ਮੈਂ ਅਜਿਹੀਆਂ ਫਿਲਮਾਂ ਨਹੀਂ ਕੀਤੀਆਂ ਹਨ, ਜਿਸ ‘ਚ ਕੋਈ ਵੱਡਾ ਸੁਪਰਸਟਾਰ ਹੋਵੇ। ਮੇਰਾ ਮੰਨਣਾ ਹੈ ਕਿ ਮੈਂ ਹੁਣ ਤੱਕ ਆਪਣੀਆਂ ਫਿਲਮਾਂ ਲਈ ਜਿੰਨਾ ਵੀ ਮਿਹਨਤਾਨਾ ਮੰਗਿਆ, ਮੈਨੂੰ ਓਨਾ ਮਿਲਿਆ ਹੈ ਤਾਂ ਮੈਂ ਖੁਸ਼ ਹਾਂ।