ਚੋਣ ਪਟੀਸ਼ਨ ਦੇ ਜਵਾਬ ਵਿੱਚ ਦਵਿੰਦਰ ਘੁਬਾਇਆ ਨੇ ਦੋਸ਼ਾਂ ਨੂੰ ਝੂਠਾ ਆਖਿਆ

davinder ghubaya
ਚੰਡੀਗੜ੍ਹ, 9 ਸਤੰਬਰ (ਪੋਸਟ ਬਿਊਰੋ)- ਫਰਵਰੀ ਵਿੱਚ ਹੋਈਆਂ ਚੋਣਾਂ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਫਾਜ਼ਿਲਕਾ ਹਲਕੇ ਤੋਂ ਕਾਂਗਰਸ ਦੀ ਟਿਕਟ ਉੱਤੇ ਜਿੱਤਣ ਵਾਲੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਆਪਣੇ ਖਿਲਾਫ ਦਾਇਰ ਚੋਣ ਪਟੀਸ਼ਨ ਦਾ ਜਵਾਬ ਦਾਇਰ ਕਰਕੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ।
ਦਵਿੰਦਰ ਸਿੰਘ ਘੁਬਾਇਆ ਨੇ ਤਰਕ ਦਿੱਤਾ ਹੈ ਕਿ ਭਾਜਪਾ ਨੇਤਾ ਸੁਰਜੀਤ ਸਿੰਘ ਜਿਆਣੀ ਨੇ ਆਪਣੀ ਹਾਰ ਦੇ ਬਾਅਦ ਬੌਖਲਾਹਟ ਵਿੱਚ ਅਜਿਹੇ ਦੋਸ਼ ਲਾਏ ਹਨ, ਜਦ ਕਿ ਉਨ੍ਹਾਂ ਦੀ ਫੈਮਿਲੀ ਰੂਰਲ ਬੈਕਗ੍ਰਾਊਂਡ ਤੋਂ ਹੈ ਅਤੇ ਉਨ੍ਹਾਂ ਦੇ ਮਾਪੇ ਤੇ ਜ਼ਿਆਦਾਤਰ ਰਿਸ਼ਤੇਦਾਰ ਅਨਪੜ੍ਹ ਹੋਣ ਕਾਰਨ ਜਨਮ ਵੇਲੇ ਉਸ ਦੀ ਉਮਰ ਕਾਗਜ਼ਾਂ ਵਿੱਚ ਗਲਤ ਲਿਖ ਦਿੱਤੀ ਗਈ ਸੀ, ਪਰ ਇਸ ਗਲਤੀ ਨੂੰ ਸਹੀ ਕਰਵਾ ਦਿੱਤਾ ਗਿਆ ਸੀ। ਇਸ ਦੇ ਲਈ ਫਾਜ਼ਿਲਕਾ ਦੇ ਪ੍ਰੀਤ ਨਰਸਿੰਗ ਹੋਮ ਵੱਲੋਂ ਜਾਰੀ ਸਰਟੀਫਿਕੇਟ ਵੀ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਉਸ ਦੀ ਉਮਰ ਠੀਕ ਕਰ ਦਿੱਤੀ ਗਈ ਸੀ ਅਤੇ ਇਸ ਸਰਟੀਫਿਕੇਟ ਨੂੰ ਪਿੰਡ ਦੇ ਸਰਪੰਚ ਨੇ ਅਟੈਸਟ ਕੀਤਾ ਸੀ। ਇਹੋ ਨਹੀਂ, 16 ਜੁਲਾਈ 2016 ਨੂੰ ਜਲਾਲਾਬਾਦ ਦੇ ਡੀ ਏ ਵੀ ਸੈਂਟਨਰੀ ਸੀਨੀਅਰ ਸੈਕਡਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੇ ਵੀ ਉਸ ਦੀ ਉਮਰ ਦਾ ਸਰਟੀਫਿਕੇਟ ਦਿੱਤਾ ਸੀ। ਹਾਈ ਕੋਰਟ ਨੇ ਇਸ ਜਵਾਬ ਨੂੰ ਰਿਕਾਰਡ ‘ਤੇ ਰੱਖ ਕੇ ਇਸ ਕੇਸ ਦੀ ਸੁਣਵਾਈ 29 ਸਤੰਬਰ ਤੱਕ ਮੁਲਤਵੀ ਕਰ ਕੇ ਬਹਿਸ ਦੇ ਮੁੱਦੇ ਤੈਅ ਕਰਨ ਦੇ ਹੁਕਮ ਦਿੱਤੇ ਹਨ।
ਵਰਨਣ ਯੋਗ ਹੈ ਕਿ ਫਾਜ਼ਿਲਕਾ ਹਲਕੇ ਤੋਂ ਚੋਣਾਂ ਹਾਰ ਚੁੱਕੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਚੋਣ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ‘ਚ ਦੋਸ਼ ਲਾਇਆ ਸੀ ਕਿ ਦਸਵੀਂ ਦੇ ਸਰਟੀਫਿਕੇਟ ਵਿੱਚ ਦਵਿੰਦਰ ਸਿੰਘ ਦੀ ਜਨਤ ਤਾਰੀਖ 31 ਜੁਲਾਈ 1993 ਹੋਣ ਕਾਰਨ ਉਸ ਦੀ ਉਮਰ ਕੇਵਲ 23 ਸਾਲ ਹੈ ਤੇ ਵਿਧਾਨ ਸਭਾ ਚੋਣ ਲੜਨ ਲਈ ਨਿਯਮਾਂ ਅਨੁਸਾਰ ਘੱਟ ਤੋਂ ਘੱਟ 25 ਸਾਲ ਉਮਰ ਹੋਣੀ ਚਾਹੀਦੀ ਹੈ। ਇਸ ਲਈ ਉਸ ਨੇ ਕਿਹਾ ਕਿ ਦਵਿੰਦਰ ਸਿੰਘ ਦੀ ਚੋਣ ਰੱਦ ਕੀਤੀ ਜਾਵੇ।