ਗੋਲਕ ਗਿਣਦਿਆਂ ਚੋਰੀ ਕਰਦੇ ਫੜੇ ਪਰਮਜੀਤ ਨੂੰ ਦਸ ਮਹੀਨੇ ਕੈਦ

jailed
ਲੰਡਨ, 7 ਅਪ੍ਰੈਲ (ਪੋਸਟ ਬਿਊਰੋ)- ਪਿੱਛਲੇ ਮਹੀਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਉ ਸਾਊਥਾਲ ਵਿਚ ਗੋਲਕ ਦੀ ਗਿਣਤੀ ਵਾਲੇ ਕਮਰੇ ਵਿੱਚੋਂ ਰੰਗੇ ਹੱਥੀਂ ਚੋਰੀ ਕੀਤੀ ਰਕਮ ਸਮੇਤ ਫੜੇ ਸੇਵਾਦਾਰ ਪਰਮਜੀਤ ਸਿੰਘ ਪੰਮੀ ਨੂੰ ਆਈਜ਼ਲਵਰਥ ਕਰਾਊਨ ਕੋਰਟ ਨੇ 10 ਮਹੀਨੇ ਜੇਲ ਦੀ ਸਜ਼ਾ ਸੁਣਾਈ ਹੈ। ਇਸ ਗੈਰ ਕਾਨੂੰਨੀ ਪ੍ਰਵਾਸੀ ਨੂੰ ਗੁਰੂ ਘਰ ਦੇ ਪ੍ਰਬੰਧ ਦੀ ਇਸ ਜ਼ਿੰਮੇਵਾਰੀ ਲਈ ਰੱਖੇ ਹੋਣ ਬਾਰੇ ਸੰਗਤ ਵਿੱਚ ਵੀ ਕਈ ਸ਼ੰਕੇ ਹਨ।
ਵਰਨਣ ਯੋਗ ਹੈ ਕਿ 7 ਮਾਰਚ 2017 ਨੂੰ ਗੁਰਦੁਆਰਾ ਪਾਰਕ ਐਵੀਨਿਊ ਸਾਊਥਾਲ ਦੇ ਸਕਿਉਰਿਟੀ ਸੇਵਾ ਦੇ ਅਫਸਰ ਜੀਵਨ ਸਿੰਘ ਤੇ ਸਭਾ ਦੇ ਖਾਤੇ ਬਾਰੇ ਮੈਨੇਜਰ ਬੀਬੀ ਜਸਕਰਨ ਕੌਰ ਸ਼ੇਰਗਿੱਲ ਨੇ ਸੇਵਾਦਾਰ ਪਰਮਜੀਤ ਸਿੰਘ ਨੂੰ ਸ਼ੱਕੀ ਚੋਰੀ ਦੇ ਸਬੰਧ ਵਿਚ ਰੋਕਿਆ ਸੀ, ਜਿਸ ਦੇ ਕੋਲੋਂ ਭਾਰੀ ਰਕਮ ਮਿਲਣ ਉੱਤੇ ਉਨ੍ਹਾਂ ਨੇ ਪੁਲਸ ਨੂੰ ਸੱਦ ਲਿਆ ਸੀ। ਪੁਲਸ ਨੇ ਪਰਮਜੀਤ ਸਿੰਘ ਨੂੰ ਚੋਰੀ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ 8 ਮਾਰਚ ਨੂੰ ਈਲਿੰਗ ਮਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ ਤਾਂ ਅਦਾਲਤ ਵਿਚ ਪਰਮਜੀਤ ਸਿੰਘ ਨੇ ਪਹਿਲੀ ਪੇਸ਼ੀ ਵਿਚ 8,607.67 ਪੌਂਡ ਚੋਰੀ ਦਾ ਦੋਸ਼ ਮੰਨ ਲਿਆ। ਮੈਜਿਸਟਰੇਟ ਅਦਾਲਤ ਨੇ ਇਹ ਕੇਸ ਆਈਜ਼ਲਵਰਥ ਕਰਾਊਨ ਕੋਰਟ ਦੇ ਹਵਾਲੇ ਕੀਤਾ ਸੀ। ਹੁਣ ਆਈਜ਼ਲਵਰਥ ਕਰਾਊਨ ਕੋਰਟ ਵਿਚ ਕੇਸ ਦੀ ਸੁਣਵਾਈ ਦੌਰਾਨ ਜੱਜ ਮਿਸਟਰ ਪੈੱਡੀ ਕਿਉਂ ਸੀਅ ਨੂੰ ਦੱਸਿਆ ਗਿਆ ਕਿ ਮੈਜਿਸਟਰੇਟ ਅਦਾਲਤ ਵਿਚ ਪਰਮਜੀਤ ਸਿੰਘ ਨੇ 8 ਮਾਰਚ ਨੂੰ 8,607.67 ਪੌਂਡ ਚੋਰੀ ਦਾ ਦੋਸ਼ ਮੰਨ ਲਿਆ ਸੀ, ਪਰ ਉਸ ਕੋਲੋਂ 10,000 ਪੌਂਡ ਤੋਂ ਵੱਧ ਰਕਮ ਬਰਾਮਦ ਹੋਈ ਸੀ। ਉਸ ਨੇ ਇਹ ਵੀ ਮੰਨਿਆ ਸੀ ਕਿ ਉਹ ਇਕ ਸਾਲ ਤੋਂ ਗੁਰੂਘਰ ਵਿਖੇ ਸੰਗਤ ਵੱਲੋਂ ਦਾਨ ਕੀਤੀ ਰਕਮ ਦੀ ਗਿਣਤੀ ਦੀ ਨੌਕਰੀ ਕਰ ਰਿਹਾ ਸੀ, ਜਦ ਕਿ ਉਸ ਦੇ ਵਕੀਲ ਨੇ ਕਿਹਾ ਕਿ ਉਹ ਵਾਲੰਟੀਅਰ ਵਜੋਂ ਸੇਵਾ ਕਰਦਾ ਸੀ ਤੇ ਉਸ ਨੇ ਉਸ ਕੋਲੋਂ ਬਰਾਮਦ ਹੋਈ ਹੋਰ 2,000 ਪੌਂਡ ਦੀ ਰਕਮ ਬਾਰੇ ਕੋਈ ਦੋਸ਼ ਨਹੀਂ ਮੰਨਿਆ, ਜਿਸ ਕੋਲੋਂ ਬ੍ਰਿਟਿਸ਼ ਤੋਂ ਇਲਾਵਾ ਕੈਨੇਡਾ ਤੇ ਅਮਰੀਕਾ ਦੀ ਕਰੰਸੀ ਵੀ ਮਿਲੀ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਸਭਾ ਵਿਚ ਕਰੀਬ ਇਕ ਸਾਲ ਤੋਂ ਦਾਨ ਕੀਤੀ ਰਾਸ਼ੀ ਘੱਟ ਰਹੀ ਸੀ, ਜਿਸ ਕਰਕੇ ਖਾਤਾ ਅਫਸਰ ਨੇ ਤਿੱਖੀ ਨਜ਼ਰ ਰੱਖਦਿਆਂ 7 ਮਾਰਚ ਨੂੰ ਪਰਮਜੀਤ ਸਿੰਘ ਨੂੰ ਫੜ ਲਿਆ ਸੀ।
ਪਰਮਜੀਤ ਸਿੰਘ ਉੱਤੇ ਪਹਿਲਾਂ ਜਾਅਲੀ ਨੈਸ਼ਨਲ ਇੰਸੋਰੈਂਸ ਕਾਰਡ ਰੱਖਣ ਦੇ ਵੀ ਦੋਸ਼ ਸਨ। ਉਸ ਦਾ ਯੂ ਕੇ ਵਿਚ ਸਿਆਸੀ ਪਨਾਹ ਦਾ ਕੇਸ ਚੱਲਦਾ ਹੋਣ ਕਰਕੇ ਉਹ ਨਿਯਮਿਤ ਰੂਪ ਵਿਚ ਹੋਮ ਆਫਿਸ ਨੂੰ ਰਿਪੋਰਟ ਕਰਦਾ ਸੀ। ਉਸ ਨੇ ਪੁਲਸ ਇੰਟਰਵਿਊ ਦੌਰਾਨ ‘ਨੋ ਕੁਮੈਂਟਸ’ ਦੇ ਜਵਾਬ ਦਿੱਤੇ, ਪਰ ਅਦਾਲਤ ਵਿਚ ਚੋਰੀ ਦਾ ਦੋਸ਼ ਮਨ ਲਿਆ ਸੀ, ਜਿਸ ਦੇ ਬਾਰੇ ਉਸ ਨੇ ਕੁਝ ਹੋਰ ਨਹੀਂ ਦੱਸਿਆ। ਉਸ ਦੇ ਪੱਖ ਦੇ ਵਕੀਲ ਨੇ ਉਸ ਵੱਲੋਂ ਛੇਤੀ ਦੋਸ਼ ਮੰਨਣ ਦੀ ਦਲੀਲ ਪੇਸ਼ ਕੀਤੀ ਤੇ ਦੱਸਿਆ ਕੇ ਉਸ ਨੇ ਕਮੇਟੀ ਤੋਂ ਵੀ ਚੋਰੀ ਦੀ ਮੁਆਫੀ ਮੰਗ ਲਈ ਹੈ, ਪਰ ਅਦਾਲਤ ਨੇ ਉਸ ਨੂੰ ਵਿਸ਼ਵਾਸ਼ ਦਾ ਗੰਭੀਰ ਘਾਣ ਕਰਨ ਦੇ ਦੋਸ਼ ਵਿੱਚ 10 ਮਹੀਨੇ ਕੈਦ ਦੀ ਸਜ਼ਾ ਸੁਣਾਈ।