ਅਮਰੀਕਾ ਦੀ ਬੋਵੀ ਵਿਸ਼ਵ ਦੀ ਫਰਾਟਾ ਦੌੜ ਚੈਂਪੀਅਨ ਬਣੀ

bowie
ਲੰਡਨ, 8 ਅਗਸਤ (ਪੋਸਟ ਬਿਊਰੋ)- ਅਮਰੀਕਾ ਦੀ ਟੋਰੀ ਬੋਵੀ ਨੇ ਆਖਰੀ ਸਕਿੰਟਾਂ ਦੀ ਸਿਖਰਲੀ ਤੇਜ਼ੀ ਵਰਤਣ ਦੇ ਨਾਲ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2017 ਵਿੱਚ ਮੇਰੀ-ਜੋਸੀ ਤਾ ਲੋਊ ਨੂੰ ਪਿੱਛੇ ਛੱਡ ਕੇ ਮਹਿਲਾਵਾਂ ਦੀ 100 ਮੀਟਰ ਦੌੜ ਦਾ ਖਿਤਾਬ ਜਿੱਤ ਲਿਆ ਤੇ ਇਲਾਇਨ ਥਾਂਪਸਨ ਦੇ ਦਬਦਬੇ ਦਾ ਅੰਤ ਕਰ ਦਿੱਤਾ।
ਤਾ ਲੋਊ ਨੇ ਰੇਸ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਉਹ ਆਈਵਰੀ ਕੋਸਟ ਨੂੰ ਕਿਸੇ ਪ੍ਰਤੀਯੋਗਤਾ ਦਾ ਪਹਿਲਾ ਖਿਤਾਬ ਦਿਵਾਉਣ ਦੇ ਕੰਢੇ ਉੱਤੇ ਪਹੁੰਚ ਚੁੱਕੀ ਸੀ ਕਿ ਉਦੋਂ ਬੋਵੀ ਅਚਾਨਕ ਪਿੱਛੋਂ ਤੇਜ਼ੀ ਨਾਲ ਅੱਗੇ ਨਿਕਲੀ ਅਤੇ ਤਾ ਲੋਊ ਨੂੰ ਹੈਰਾਨ ਕਰ ਕੇ ਖਿਤਾਬ ਲੈ ਗਈ। ਇਹ ਮਾਮਲਾ ਪੂਰੀ ਤਰ੍ਹਾਂ ਫੋਟੋ ਫਿਨਿਸ਼ ਦਾ ਸੀ। ਅਮਰੀਕੀ ਐਥਲੀਟ ਨੇ ਖੁਦ ਨੂੰ ਫਿਨਿਸ਼ ਲਾਈਨ ਉੱਤੇ ਝੁਕਾ ਦਿੱਤਾ, ਜਦ ਕਿ ਤਾ ਲੋਊ ਅਜਿਹਾ ਨਹੀਂ ਕਰ ਸਕੀ ਅਤੇ ਉਸ ਦੇ ਹੱਥੋਂ ਸੋਨਾ ਨਿਕਲ ਗਿਆ। ਬੋਵੀ ਨੇ ਸੈਕਿੰਡ ਦੇ ਸੌਵੇਂ ਹਿੱਸੇ ਨਾਲ ਜਿੱਤ ਹਾਸਲ ਕੀਤੀ ਤੇ ਅਮਰੀਕਾ ਦਾ ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡਨ ਡਬਲ ਪੂਰਾ ਕਰ ਦਿੱਤਾ। ਇਸ ਤੋਂ ਪਹਿਲਾਂ ਜਸਟਿਨ ਗੈਟਲਿਨ ਨੇ ਜਮਾਇਕਾ ਦੇ ਓਸੈਨ ਬੋਲਟ ਨੂੰ ਹਰਾ ਕੇ 100 ਮੀਟਰ ਦਾ ਸੋਨਾ ਜਿੱਤਿਆ ਸੀ।
26 ਸਾਲਾ ਬੋਵੀ ਨੇ 10.85 ਸੈਕਿੰਡ ਦਾ ਸਮਾਂ ਲਿਆ ਤੇ ਰੇਸ ਪੂਰੀ ਕਰਦਿਆਂ ਹੀ ਟ੍ਰੈਕ ‘ਤੇ ਡਿੱਗ ਪਈ। ਇਸ ਸੋਨ ਤਮਗੇ ਨਾਲ ਉਸ ਨੇ ਰੀਓ ਓਲੰਪਿਕ ਦੇ ਆਪਣੇ ਚਾਂਦੀ ਤਮਗੇ ਤੋਂ ਬਿਹਤਰ ਪ੍ਰਦਰਸ਼ਨ ਕਲ ਲਿਆ। ਬੋਵੀ ਨੇ ਰੇਸ ਜਿੱਤਣ ਤੋਂ ਬਾਅਦ ਕਿਹਾ, ‘‘ਮੈਂ ਫਿਨਿਸ਼ ਲਾਈਨ ਪਾਰ ਕਰਨ ਤੱਕ ਉਮੀਦ ਨਹੀਂ ਛੱਡੀ ਸੀ। ਤਾ ਲੋਊ ਬਹੁਤ ਤੇਜ਼ੀ ਨਾਲ ਨਿਕਲੀ, ਪਰ ਇਸ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਪਿਆ। ਮੈਂ ਆਪਣੀਆਂ ਲੱਤਾਂ ਤੇ ਹੱਥਾਂ ‘ਤੇ ਜ਼ੋਰ ਲਾਉਂਦੀ ਰਹੀ ਤੇ ਫਿਨਿਸ਼ ਲਾਈਨ ਪਾਰ ਹੋਣ ਤੱਕ ਮੈਂ ਅਜਿਹਾ ਕੀਤਾ।”
ਜਮਾਇਕਾ ਦੀ ਥਾਂਪਸਨ ਨੇ ਪਿਛਲੇ ਸਾਲ ਰੀਓ ਓਲੰਪਿਕ ਵਿੱਚ 100 ਅਤੇ 200 ਮੀਟਰ ਦੇ ਖਿਤਾਬ ਜਿੱਤੇ ਸਨ, ਪਰ ਇਥੇ ਉਹ ਪੰਜਵੇਂ ਸਥਾਨ ‘ਤੇ ਰਹੀ। ਇੰਗਲੈਂਡ ਦੀ ਡਾਫਨੇ ਸ਼ਿਪਰਸ ਨੇ ਕਾਂਸੀ ਤਮਗਾ ਜਿੱਤਿਆ। ਬੋਲਟ ਅਤੇ ਥਾਂਪਸਨ ਦੀ ਹਾਰ ਦਾ ਮਤਲਬ ਹੈ ਕਿ 2005 ਦੀ ਹੇਲਿਸਿੰਕੀ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਜਮਾਇਕਾ ਪਹਿਲੀ ਵਾਰ ਦੋਵਾਂ ਵਰਗਾਂ ਵਿੱਚ 100 ਮੀਟਰ ਦਾ ਖਿਤਾਬ ਨਹੀਂ ਜਿੱਤ ਸਕਿਆ। ਹੇਲਸਿੰਕੀ ਤੋਂ ਬਾਅਦ ਅਮਰੀਕਾ ਦਾ ਇਹ ਪਹਿਲਾ ਸਪ੍ਰਿੰਟ ਡਬਲ ਹੈ ਅਤੇ ਉਦੋਂ ਗੈਟਲਿਨ ਤੇ ਲੌਰੀਨ ਵਿਲੀਅਮਸ ਚੈਂਪੀਅਨ ਬਣੇ ਸਨ।