ਪਾਕਿਸਤਾਨ ਦੀ ਕੌਮੀ ਅਸੈਂਬਲੀ ਨੇ ਖਾਕਾਨ ਅੱਬਾਸੀ ਦੇ ਪ੍ਰਧਾਨ ਮੰਤਰੀ ਹੋਣ ਉੱਤੇ ਮੋਹਰ ਲਾਈ

abbasi
* ਵੱਡੇ ਫਰਕ ਨਾਲ ਤਿੰਨ ਵਿਰੋਧੀਆਂ ਨੂੰ ਹਰਾ ਕੇ ਭਰੋਸੇ ਦਾ ਵੋਟ ਲਿਆ
ਇਸਲਾਮਾਬਾਦ, 1 ਅਗਸਤ, (ਪੋਸਟ ਬਿਊਰੋ)- ਸ਼ਾਹਿਦ ਖਾਕਾਨ ਅੱਬਾਸੀ ਨੂੰ ਅੱਜ ਪਾਕਿਸਤਾਨ ਦੀ ਕੌਮੀ ਅਸੈਂਬਲੀ ਨੇ ਅਗਲਾ ਪ੍ਰਧਾਨ ਮੰਤਰੀ ਚੁਣ ਲਿਆ। ਪਨਾਮਾ ਪੇਪਰਜ਼ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ਼ ਨੂੰ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਸ਼ਾਹਿਦ ਖਾਕਾਨ ਅਬਾਸੀ ਇਸ ਦੇਸ਼ ਦੇ ਅੰਤਰਿਮ ਪ੍ਰਧਾਨ ਮੰਤਰੀ ਬਣੇ ਹਨ। ਕੌਮੀ ਅਸੈਂਬਲੀ ਵਿੱਚ ਅੱਜ ਹੋਈ ਵੋਟਿੰਗ ਵਿੱਚ ਅੱਬਾਸੀ ਨੂੰ ਕੁੱਲ 342 ਵਿੱਚੋਂ 221 ਵੋਟ ਮਿਲੇ, ਮੁੱਖ ਵਿਰੋਧੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨਾਵੇਦ ਕਮਰ ਨੂੰ 47 ਵੋਟ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸ਼ੇਖ ਰਾਸ਼ਿਦ ਅਹਿਮਦ ਨੂੰ 33 ਵੋਟ ਅਤੇ ਜਮਾਤ-ਏ-ਇਸਲਾਮੀ ਦੇ ਸਾਹਿਬਜ਼ਾਦਾ ਤਾਰਿਕ-ਉੱਲਾ ਨੂੰ ਸਿਰਫ਼ ਚਾਰ ਵੋਟ ਹੀ ਮਿਲ ਸਕੇ।
ਅੱਜ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਹੋਏ ਨਤੀਜੇ ਦੇ ਐਲਾਨ ਪਿੱਛੋਂ ਕੌਮੀ ਅਸੈਂਬਲੀ ਦੇ ਸਪੀਕਰ ਅੱਯਾਜ਼ ਸਾਦਿਕ ਨੇ ਸ਼ਾਹਿਦ ਖਾਕਾਨ ਅੱਬਾਸੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਅਤੇ ਹਾਊਸ ਨੂੰ ਸੰਬੋਧਨ ਕਰਨ ਲਈ ਕਿਹਾ। ਵੋਟਿੰਗ ਅਤੇ ਗਿਣਤੀ ਮੁਕੰਮਲ ਹੋਣ ਪਿੱਛੋਂ ਹਾਕਮ ਪਾਰਟੀ ਪੀ ਐਮ ਐਲ-ਐਨ ਦੇ ਕਈ ਮੈਂਬਰ ਨਵਾਜ਼ ਸ਼ਰੀਫ਼ ਦੇ ਪੋਸਟਰਾਂ ਨਾਲ ਸਦਨ ਵਿੱਚ ਆਏ ਤਾਂ ਸਪੀਕਰ ਨੇ ਇਸ ਉਤੇ ਇਤਰਾਜ਼ ਕਰਦੇ ਹੋਏ ਤਖ਼ਤੀਆਂ ਤੇ ਪੋਸਟਰ ਬਾਹਰ ਰੱਖਣ ਨੂੰ ਕਿਹਾ।
ਵਰਨਣ ਯੋਗ ਹੈ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬੀਤੇ ਸ਼ੁੱਕਰਵਾਰ 67 ਸਾਲਾ ਨਵਾਜ਼ ਸ਼ਰੀਫ਼ ਨੂੰ ਪਾਨਾਮਾ ਪੇਪਰ ਲੀਕੇਜ ਵਾਲੇ ਭ੍ਰਿਸ਼ਟਾਚਾਰ ਦੇ ਕੇਸ ਕਾਰਨ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਅਯੋਗ ਕਰਾਰ ਦੇ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ। ਇਸ ਦੇ ਬਾਅਦ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਨਵੇਂ ਆਗੂ ਦੀ ਚੋਣ ਕਰਨ ਲਈ ਕੌਮੀ ਅਸੈਂਬਲੀ ਦਾ ਸੈਸ਼ਨ ਸੱਦਿਆ ਸੀ। ਇਸ ਪਿੱਛੋਂ ਹਾਕਮ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ-ਐਨ) ਨੇ ਸ਼ਾਹਿਦ ਖਾਕਾਨ ਅੱਬਾਸੀ ਨੂੰ ਓਦੋਂ ਤੱਕ ਲਈ ਅੰਤਰਿਮ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ, ਜਦੋਂ ਤੱਕ ਨਵਾਜ਼ ਸਰੀਫ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਕੌਮੀ ਅਸੈਂਬਲੀ ਦਾ ਮੈਂਬਰ ਨਹੀਂ ਚੁਣਿਆ ਜਾਂਦਾ।
ਇਸ ਦੌਰਾਨ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਨਵਾਜ਼ ਸ਼ਰੀਫ਼ ਦੀ ਚੋਣ ਰੱਦ ਹੋਣ ਨਾਲ ਖ਼ਾਲੀ ਹੋਈ ਪੰਜਾਬ ਰਾਜ ਦੀ ਲਾਹੌਰ ਪਾਰਲੀਮੈਂਟ ਸੀਟ ਉਤੇ 17 ਸਤੰਬਰ ਨੂੰ ਚੋਣ ਕਰਾਉਣ ਦਾ ਐਲਾਨ ਕੀਤਾ ਹੈ। ਪੀ ਐਮ ਐਲ-ਐਨ ਨੇ ਇਸ ਹਲਕੇ ਤੋਂ ਨਵਾਜ਼ ਸ਼ਰੀਫ਼ ਦੇ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਉਮੀਦਵਾਰ ਬਣਾਇਆ ਹੈ।