ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ..

-ਪੁਸ਼ਪਿੰਦਰ ਮੋਰਿੰਡਾ

ਬਹੁਤ ਸਾਲ ਪਹਿਲਾਂ ਦੀ ਘਟਨਾ ਹੈ, ਜਦੋਂ ਮੈਨੂੰ ਆਪਣੇ ਪਿੰਡ ਤੋਂ ਕਾਲਜ ਪੜ੍ਹਨ ਜਾਣ ਲਈ ਰੋਜ਼ ਕਰੀਬ ਸੋਲਾਂ ਕਿਲੋਮੀਟਰ ਬੱਸ ਦਾ ਸਫਰ ਕਰਨਾ ਪੈਂਦਾ ਸੀ। ਮੇਰੇ ਪਿੰਡ ਤੋਂ ਬਰਨਾਲੇ ਤੱਕ ਟਾਵੀਂ-ਟਾਵੀਂ ਬੱਸ ਜਾਂਦੀ ਸੀ। ਪਿੰਡ ਦੇ ਬੱਸ ਸਟੈਂਡ ਉੱਤੇ ਪਿੱਪਲ ਥੱਲੇ ਬਣੇ ਇਕ ਥੜ੍ਹੇ ਉਤੇ ਬਾਬਿਆਂ ਦੀ ਢਾਣੀ ਅਕਸਰ ਤਾਸ਼ ਖੇਡਦੀ ਹੁੰਦੀ ਸੀ। ਪਿੰਡ ਤੋਂ ਆਉਣ ਜਾਂ ਬਾਹਰ ਜਾਣ ਵਾਲੀ ਹਰ ਸਵਾਰੀ ਦੀ ਜਾਣਕਾਰੀ ਇਨ੍ਹਾਂ ਕੋਲ ਹੁੰਦੀ ਸੀ। ਇਨ੍ਹਾਂ ਦਾ ਮੋਢੀ ਬਜ਼ੁਰਗ ਤਾਇਆ ਹਰਨਾਮ ਸਿੰਘ ਬਹੁਤ ਮਿਲਾਪੜੇ ਸੁਭਾਅ ਵਾਲਾ ਸੀ। ਕਈ ਵਾਰ ਲੇਟ ਹੋ ਜਾਣ ਕਾਰਨ ਮੈਨੂੰ ਦੂਰੋਂ ਦੇਖ ਕੇ ਉਹ ਬੱਸ ਰੁਕਵਾ ਦਿੰਦਾ ਅਤੇ ਅੱਗੇ ਤੋਂ ਘਰੋਂ ਜਲਦੀ ਚੱਲਣ ਦੀ ਨਸੀਹਤ ਵੀ ਦੇ ਜਾਂਦਾ।
ਇਕ ਦਿਨ ਜਾਂਦੇ ਸਮੇਂ ਇਹ ਬੱਸ ਪਿੰਡ ਤੋਂ ਕੁਝ ਕਿਲੋਮੀਟਰ ਅੱਗੇ ਜਾ ਕੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਕ ਪਾਸੇ ਡੂੰਘੀ ਦਲਦਲ ਵਿੱਚ ਪਲਟ ਜਾਣ ਕਾਰਨ ਸਵਾਰੀਆਂ ਇਕ ਦੂਜੇ ਉਪਰ ਢੇਰੀ ਹੋ ਗਈਆਂ। ਭਾਵੇਂ ਮੈਂ ਇਕ ਖੁੱਲ੍ਹੇ ਸ਼ੀਸ਼ੇ ਵਿੱਚੋਂ ਉਪਰ ਨੂੰ ਛਾਲ ਮਾਰ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈ, ਪਰ ਮੌਤ ਨੇੜੇ ਤੋਂ ਦੇਖਣ ਦੇ ਅਨੁਭਵ ਨੇ ਜਿਵੇਂ ਮੇਰੀ ਸੋਚ ਨੂੰ ਜਿੰਦਰਾ ਲਾ ਦਿੱਤਾ। ਔਰਤਾਂ ਅਤੇ ਬੱਚਿਆਂ ਦਾ ਚੀਕ ਚਿਹਾੜਾ ਅਤੇ ਬਜ਼ੁਰਗਾਂ ਵੱਲੋਂ ਵਾਹਿਗੁਰੂ-ਵਾਹਿਗੁਰੂ ਉਚਾਰਨ ਕਰਨ ਦੀ ਆਵਾਜ਼ ਮੇਰੇ ਕੰਨਾਂ ਵਿੱਚ ਟਕਰਾ ਰਹੀ ਸੀ। ਘਟਨਾ ਸਥਾਨ ਤੋਂ ਕਾਲਜ ਤੱਕ ਮੌਤ ਦਾ ਪਰਛਾਵਾਂ ਮੇਰਾ ਪਿੱਛਾ ਕਰਦਾ ਜਾਪਿਆ। ਮੇਰੀ ਡਾਵਾਂ ਡੋਲ ਹਾਲਤ ਦੇਖ ਕੇ ਮੇਰੇ ਸਾਥੀ ਵਿਦਿਆਰਥੀ ਅਤੇ ਅਧਿਆਪਕ ਮੈਨੂੰ ਹੌਸਲਾ ਦੇਣ ਲੱਗੇ। ਪ੍ਰਿੰਸੀਪਲ ਮੈਨੂੰ ਆਪਣੀ ਕਾਲਜ ਵਿੱਚ ਬਣੀ ਰਿਹਾਇਸ਼ ਵਿੱਚ ਲਿਜਾ ਕੇ ਮੁੱਢਲੀ ਸਹਾਇਤਾ ਦੇ ਰਹੇ ਸਨ। ਉਹ ਅਜੇ ਮੈਨੂੰ ਘਰ ਭੇਜਣ ਦੀ ਵਿਉਂਤ ਹੀ ਬਣਾ ਰਹੇ ਸਨ ਕਿ ਅਚਾਨਕ ਕਮਰੇ ਤੋਂ ਬਾਹਰ ਮੈਨੂੰ ਤਾਇਆ ਹਰਨਾਮ ਸਿੰਘ ਦੀ ਆਵਾਜ਼ ਸੁਣਾਈ ਦਿੱਤੀ। ਹਾਦਸੇ ਦੀ ਖਬਰ ਸੁਣਦਿਆਂ ਸਾਰ ਉਹ ਫੱਟੜਾਂ ਦੀ ਮਦਦ ਲਈ ਬਰਨਾਲਾ ਆ ਗਿਆ ਸੀ। ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਜ਼ਖਮੀ ਲੋਕਾਂ ਵਿੱਚ ਮੇਰਾ ਨਾ ਮਿਲਣਾ ਉਸ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਸੀ।
ਪ੍ਰਿੰਸੀਪਲ ਤੇ ਤਾਇਆ ਜੀ ਵਿਚਕਾਰ ਚੱਲ ਰਿਾਹ ਵਾਰਤਾਲਾਪ ਮੈਨੂੰ ਸਾਫ ਸੁਣਾਈ ਦੇ ਰਿਹਾ ਸੀ। ਤਾਇਆ ਜੀ ਮੈਨੂੰ ਮਿਲਣ ਤੇ ਘਰ ਲੈ ਜਾਣ ਲਈ ਆਖ ਰਹੇ ਸਨ, ਪਰ ਪ੍ਰਿੰਸੀਪਲ ਆਪਣੀ ਜ਼ਿੰਮੇਵਾਰੀ ਦੀ ਭੂਮਿਕਾ ਵਜੋਂ ਇਸ ਨਾਲ ਸਹਿਮਤ ਨਹੀਂ ਸੀ, ਕਿਉਂਕਿ ਉਹ ਸਿਰਫ ਮੇਰੇ ਪਰਵਾਰਕ ਮੈਂਬਰ ਨਾਲ ਮੈਨੂੰ ਘਰ ਭੇਜਣ ਦੀ ਗੱਲ ਕਰ ਰਹੇ ਸਨ। ਅੰਤ ਵਿੱਚ ਤਾਇਆ ਜੀ ਦੇ ਉਹ ਬੋਲ ਸੁਣੇ, ‘ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪ੍ਰਿੰਸੀਪਲ ਸਾਹਿਬ! ਸਾਡੇ ਪਿੰਡ ਦੀ ਧੀ ਦਾ ਦੁੱਖ ਸਾਡਾ ਦੁੱਖ ਹੈ।’ ਇਸ ਨੇ ਪ੍ਰਿੰਸੀਪਲ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ।
ਭਾਵੇਂ ਤਾਇਆ ਹਰਨਾਮ ਸਿੰਘ ਨਾਲ ਮੇਰਾ ਕੋਈ ਖੂਨੀ ਰਿਸ਼ਤਾ ਨਹੀਂ ਸੀ, ਪਰ ਨੈਤਿਕਤਾ ਅਤੇ ਇਨਸਾਨੀਅਤ ਦਾ ਉਚਾ ਤੇ ਸੁੱਚਾ ਰਿਸ਼ਤਾ ਜ਼ਰੂਰ ਸੀ। ਅੱਜ ਉਹ ਕਦਰਾਂ ਕੀਮਤਾਂ ਸਾਡੇ ਸਮਾਜ ਵਿੱਚੋਂ ਪੂਰੀ ਤਰ੍ਹਾਂ ਮਨਫੀ ਹੋ ਚੁੱਕੀਆਂ ਹਨ। ਇਸੇ ਕਾਰਨ ਸਾਡੀਆਂ ਧੀਆਂ ਕਿਤੇ ਵੀ ਮਹਿਫੂਜ਼ ਨਹੀਂ। ਮਾਪੇ ਚਿੰਤਤ ਹਨ, ਕਿਉਂਕਿ ਅੱਜ ਧੀਆਂ ਸਭ ਦੀਆਂ ਸਾਂਝੀਆਂ ਨਹੀਂ ਰਹੀਆਂ। ਘਟਨਾ ਭਾਵੇਂ ਕੁਝ ਦਹਾਕੇ ਪਹਿਲਾਂ ਦੀ ਹੈ, ਪਰ ਔਰਤ ਦੀ ਅਜੋਕੀ ਸਥਿਤੀ ਦੇ ਸੰਦਰਭ ਵਿੱਚ ਵੀ ਤਾਇਆ ਜੀ ਦੇ ਉਨ੍ਹਾਂ ਬੋਲਾਂ ਦੀ ਓਨੀ ਹੀ ਮਹੱਤਤਾ ਹੈ, ਜਿੰਨੀ ਕੁਝ ਦਹਾਕੇ ਪਹਿਲਾਂ ਸੀ।

ਚੀਨ ਦੀ ਅਫਰੀਕਾ ਵਿੱਚ ਮੌਜੂਦਗੀ ਸਿਰਫ ਸੋਮੇ ਹੜੱਪਣ ਅਤੇ ਪ੍ਰਭਾਵ ਵਧਾਉਣ ਲਈ
-ਡੇਵਿਡ ਪਿਲਿੰਗ
ਮੈਕਸਵੈਲ ਜੇਕੇਨ ਇੱਕ 16 ਸਾਲਾ ਲਾਇਬਰੇਰੀਅਨ ਹੈ, ਜੋ ਦਿਹਾਤੀ ਨਿੰਬਾ ਕਾਊਂਟੀ ਵਿੱਚ ਰਹਿੰਦਾ ਹੈ। ਇਹ ਪੁੱਛਣ ਉੱਤੇ ਕਿ ਉਹ ਕਿੱਥੇ ਪੜ੍ਹਨ ਦਾ ਸੁਫਨਾ ਦੇਖਦਾ ਹੈ, ਉਸ ਨੇ ਦੱਸਿਆ ਕਿ ਉਹ ਚੀਨ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਕੇ ਲਾਇਬੇਰੀਆ ਵਾਪਸ ਆ ਕੇ ਆਪਣੀਆਂ ਸੜਕਾਂ ਤੇ ਸ਼ਹਿਰਾਂ ਦਾ ਨਿਰਮਾਣ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਚੀਨੀ ਉਸ ਨੂੰ ‘ਗ੍ਰੇਟ ਵਾਲ ਆਫ ਚਾਈਨਾ’ ਦੇਖਣ ਨੂੰ ਕਹਿੰਦੇ ਹਨ। ਉਸ ਨੇ ਅਫਸੋਸ ਪ੍ਰਗਟ ਕੀਤਾ ਕਿ ਉਸ ਦੇ ਦੇਸ਼ ਨੇ ਚੀਨ ਵਰਗੇ ਕਿਸੇ ਚੀਜ਼ ਦਾ ਨਿਰਮਾਣ ਨਹੀਂ ਕੀਤਾ। ਪੱਛਮੀ ਸਰਕਾਰਾਂ ਇਹ ਯਕੀਨੀ ਕਰਦੀਆਂ ਹਨ ਕਿ ਉਹ ਅਫਰੀਕੀ ਸਰਕਾਰਾਂ ਨੂੰ ਬੜੀ ਆਸਾਨੀ ਨਾਲ ਆਕਰਸ਼ਿਤ ਕਰ ਸਕਦੀਆਂ ਹਨ।
ਆਖਰ ਜੇ ਤੁਸੀਂ ਲਗਭਗ 100 ਸਾਲਾਂ ਦੀ ਬਸਤੀਵਾਦੀ ਲੁੱਟ ਨੂੰ ਨਕਾਰ ਦਿਓ ਤਾਂ ਉਨ੍ਹਾਂ ਨੇ ਉਥੇ ਹੰਗਾਮੀ ਰਾਹਤ ਅਤੇ ਸਿਹਤ, ਸਿਖਿਆ ਸੰਬੰਧੀ ਤੇ ਹੋਰ ਪਾਰਦਰਸ਼ੀ ਸੰਸਥਾਵਾਂ ਸਥਾਪਤ ਕਰਨ ਵਿੱਚ ਮਦਦ ਕੀਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਲੋਕਤੰਤਰਿਕ ਹਨ, ਜਿਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਿਆ ਜਾ ਸਕਦਾ ਹੈ।
ਚੀਨ ਨੇ ਅਫਰੀਕੀ ਦੇਸ਼ਾਂ ਵਿੱਚ ਅਜਿਹੀ ਸੁਹਿਰਦਤਾ ਨਹੀਂ ਬਣਾਈ। ਇਸ ਦੀ ਅਫਰੀਕਾ ਵਿੱਚ ਮੌਜੂਦਗੀ ਸਿਰਫ ਸੋਮਿਆਂ ਨੂੰ ਹੜੱਪਣ ਅਤੇ ਆਪਣਾ ਪ੍ਰਭਾਵ ਬਣਾਉਣ ਵਾਸਤੇ ਹੋਈ ਹੈ। ਇਹ ਸੱਚ ਹੈ ਕਿ ਚੀਨ ਨੇ ਅਫਰੀਕਾ ਵਿੱਚ ਸੜਕਾਂ, ਰੇਲਵੇ, ਖੇਡ ਸਟੇਡੀਅਮ ਤੇ ਹਵਾਈ ਅੱਡਿਆਂ ਦਾ ਨਿਰਮਾਣ ਕਰਾਇਆ ਹੈ, ਪਰ ਅਜਿਹੀਆਂ ਯੋਜਨਾਵਾਂ ਮਾੜੀ ਗੁਣਵੱਤਾ ਵਾਲੀਆਂ ਹਨ ਅਤੇ ਇਨ੍ਹਾਂ ਤੋਂ ਅਫਰੀਕੀਆਂ ਨੂੰ ਪਰ੍ਹੇ ਰੱਖਿਆ ਗਿਆ ਹੈ ਕਿਉਂਕਿ ਉਹ ਇਨ੍ਹਾਂ ਵਿੱਚ ਜ਼ਿਆਦਾ ਚੀਨੀ ਮੁਲਾਜ਼ਮਾਂ ਨੂੰ ਨਿਯੁਕਤ ਕਰਦਾ ਹੈ।
ਯਕੀਨੀ ਤੌਰ ‘ਤੇ ਚੀਨ ਵਿਰੁੱਧ ਸ਼ਿਕਾਇਤਾਂ ਸਣਨ ਲਈ ਤੁਹਾਨੂੰ ਅਫਰੀਕਾ ਵਿੱਚ ਬਹੁਤੀ ਦੂਰ ਜਾਣ ਦੀ ਲੋੜ ਨਹੀਂ। ਉਸ ‘ਤੇ ਤਾਨਾਸ਼ਾਹਾਂ ਨੂੰ ਉਤਸ਼ਾਹਤ ਕਰਨ ਤੋਂ ਲੈ ਕੇ ਸਥਾਨਕ ਉਸਾਰੀਆਂ ਨੂੰ ਖਤਮ ਕਰਨ ਅਤੇ ਸਰਕਾਰਾਂ ਨੂੰ ਕਰਜ਼ਿਆਂ ਦੇ ਇੱਕ ਨਵੇਂ ਚੱਕਰ ਵਿੱਚ ਫਸਾਉਣ ਦੇ ਦੋਸ਼ ਲੱਗ ਰਹੇ ਹਨ, ਪਰ ਇਸ ਦੇ ਨਾਲ ਹੀ ਇੱਕ ਹੋਰ ਤਾਕਤਵਰ ਕਹਾਣੀ ਇਹ ਦੱਸਦੀ ਹੈ ਕਿ ਪੱਛਮ ਦੇ ਉਲਟ ਚੀਨ ਦਾ ਸਭ ਤੋਂ ਵੱਧ ਸਮਾਂ ਹਾਂ ਪੱਖੀ ਪਹਿਲੂ ਇਹ ਹੈ ਕਿ ਉਹ ਹੱਥ ਵਿੱਚ ਲਏ ਕੰਮ ਨੂੰ ਪੂਰਾ ਕਰਦਾ ਹੈ।
ਲਾਇਬੇਰੀਆ ਦੀ ‘ਹਾਟ ਪੈਪਰ’ ਅਖਬਾਰ ਦੇ ਸੰਪਾਦਕ ਫਿਲੀਬਰਟ ਬਰਾਊਨੀ ਦੇ ਮੁਤਾਬਕ ਚੀਨ ਉਸ ਦੇਸ਼ ਦੇ ਪ੍ਰਸ਼ਾਸਨ ‘ਤੇ ਜਿੱਤ ਹਾਸਲ ਕਰ ਰਿਹਾ ਹੈ। ਲਾਇਬੇਰੀਆ ਵਿੱਚ ਇਸ ਨੇ ਸੜਕਾਂ ਬਣਾਈਆਂ ਹਨ, ਜੋ ਯਕੀਨੀ ਤੌਰ ‘ਤੇ ਬਹੁਤ ਘਟੀਆ ਗੁਣਵੱਤਾ ਵਾਲੀਆਂ ਨਹੀਂ ਤੇ ਯੂਨੀਵਰਸਿਟੀ ਆਫ ਲਾਇਬੇਰੀਆ ਵਿੱਚ ਸ਼ਾਨਦਾਰ ਕੈਂਪਸ ਬਣਾਇਆ ਹੈ। ਇਸ ਤੋਂ ਇਲਾਵਾ ਫਰੈਂਡਸ਼ਿਪ ਟਾਵਰ ਅਤੇ ਚੀਨੀ ਸਟਾਈਲ ਦੇ ਗੇਟ ਵੀ ਬਣਾਏ ਹਨ। ਬਰਾਊਨੀ ਨੇ ਕਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣਾ ਧਨ ਖਰਚ ਕਰ ਰਹੇ ਹਨ, ਪਰ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਅਮਰੀਕੀ ਕੀ ਖਰਚ ਕਰ ਰਹੇ ਹਨ। ਹੌਲੀ ਹੌਲੀ, ਪਰ ਯਕੀਨੀ ਤੌਰ ‘ਤੇ ਚੀਨੀ ਅਫਰੀਕਾ ਵਿੱਚ ਜਿੱਤ ਰਹੇ ਹਨ।
ਕੀਨੀਆ ਵਿੱਚ, ਜਿੱਥੇ ਇੱਕ ਸਰਕਾਰੀ ਚੀਨੀ ਕੰਪਨੀ ਹਿੰਦ ਮਹਾਸਾਗਰ ਤੋਂ ਨੈਰੋਬੀ ਤੱਕ ਚਾਰ ਅਰਬ ਡਾਲਰ ਦੀ ਲਾਗਤ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਵਾਲੀ ਹੈ, ਤੁਸੀਂ ਅਜਿਹੀਆਂ ਹੀ ਚੀਜ਼ਾਂ ਬਾਰੇ ਸੁਣੋਗੇ। ਇਹ ਰੇਲ ਲਾਈਨ, ਜੋ ਯੁਗਾਂਡਾਂ ਤੇ ਸ਼ਾਇਦ ਰਵਾਂਡਾ ਤੱਕ ਵਧਾਈ ਜਾਵੇਗੀ, ਦੀ ਬਹੁਤ ਜ਼ਿਆਦਾ ਲਾਗਤ ਲਈ ਆਲੋਚਨਾ ਕੀਤੀ ਜਾ ਰਹੀ ਹੈ, ਪਰ ਆਮ ਕੀਨੀਆਈ ਇਸ ਯੋਜਨਾ ਦੀ ਸ਼ਲਾਘਾ ਕਰਦੇ ਹਨ। ਜਿਸ ਦਾ ਸਮੇਂ ਮੁਤਾਬਕ ਨਿਰਮਾਣ ਹੋ ਰਿਹਾ ਹੈ, ਇਹ ਆਧੁਨਿਕ ਨਜ਼ਰ ਆਉਂਦੀ ਹੈ ਜਿਸ ਨਾਲ ਮਾਲ ਦੀ ਢੋਆ-ਢੁਾਈ ਤੇ ਸਫਰ ਦੇ ਸਮੇਂ ਵਿੱਚ ਕਮੀ ਆਵੇਗੀ। ਇਹ ਇੱਕ ਕਥਾਨਕ ਸਬੂਤ ਹੈ, ਫਿਰ ਵੀ ਜੌਨ ਹਾਪਕਿੰਸ ਯੂਨੀਵਰਸਿਟੀ ਵੱਲੋਂ ਕੀਤੀ ਚੀਨ-ਅਫਰੀਕਾ ਖੋਜ ਦੇ ਇੱਕ ਪਾਲਿਸੀ ਬ੍ਰੀਫ ਅਨੁਸਾਰ ਕਾਰੋਬਾਰ ਅਤੇ ਨਿਵੇਸ਼ ਵਿੱਚ ਚੀਨ ਦੀ ਹਿੱਸੇਦਾਰੀ ਸਪੱਸ਼ਟ ਨਜ਼ਰ ਆਉਂਦੀ ਹੈ।
ਸੰਨ 2000 ਤੋਂ 2015 ਦਰਮਿਆਨ ਚਾਈਨਾ ਐਗਜ਼ਿਮ ਬੈਂਕ ਨੇ ਅਫਰੀਕਾ ਨੂੰ 63 ਅਰਬ ਡਾਲਰ ਦੇ ਕਰਜ਼ੇ ਦਿੱਤੇ, ਜਦ ਕਿ ਅਮਰੀਕੀ ਐਗਜ਼ਿਮ ਬੈਂਕ ਨੇ 1.7 ਅਰਬ ਡਾਲਰ ਦੇ ਦਿੱਤੇ ਸਨ। ‘ਚਾਈਨਾ ਐਗਜ਼ਿਮ ਬੈਂਕ’ ਨੇ ਸਾਰੇ 54 ਅਫਰੀਕੀ ਦੇਸ਼ਾਂ ਵਿੱਚ ਆਪਣਾ ਯੋਗਦਾਨ ਪਾਇਆ ਹੈ, ਜਦ ਕਿ ਅਮਰੀਕੀ ਐਗਜ਼ਿਮ ਬੈਂਕ ਨੇ ਪੰਜ ਦੇਸ਼ਾਂ ਵਿੱਚ ਹੀ ਪਾਇਆ ਹੈ। ਧਨ ਅਤੇ ਕੰਕਰੀਟ ਇੱਕ ਚੰਗੀ ਪ੍ਰਸਿੱਧੀ ਦੀ ਗਾਰੰਟੀ ਨਹੀਂ। ਘਾਨਾ ‘ਚ ਚੀਨੀਆਂ ‘ਤੇ ਸਥਾਨਕ ਮਾਈਨਿੰਗ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਲੱਗਦੇ ਹਨ। ਜ਼ਾਂਬੀਆ ਵਿੱਚ ਜਿੱਥੇ ਲਗਭਗ ਇੱਕ ਲੱਖ ਚੀਨੀ ਲੋਕ ਰਹਿੰਦੇ ਹਨ, ਸਥਾਨਕ ਸਿਆਸਤਦਾਨ ਚੀਨ ‘ਤੇ ਗੈਰ-ਹੁਨਰਮੰਦ ਮੁਲਾਜ਼ਮਾਂ ਨੂੰ ਲਿਆ ਕੇ ਪਰਵਾਸੀ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਸਾਰੇ ਅਫਰੀਕੀ ਮਹਾਂਦੀਪ ਵਿੱਚ ਚੀਨ ਦੀਆਂ ਬਹੁਤ ਸਾਰੀਆਂ ਵੱਖ-ਵੱਖ ਨੀਤੀਆਂ ਹਨ। ਇਕਸਾਰ ਅਕਸ ਬਣਾਉਣਾ ਜਾਂ ‘ਚਾਈਨਾ ਇੰਕ’ ਨੂੰ ਸਪੱਸ਼ਟਤਾ ਨਾਲ ਪੇਸ਼ ਕਰਨਾ ਹਮੇਸ਼ਾ ਸੌਖਾ ਨਹੀਂ ਰਿਹਾ ਹੈ। ਫਿਰ ਵੀ ਤੁਹਾਨੂੰ ਇਹ ਦੇਖਣ ਲਈ ਪੇਈਚਿੰਗ ਦੇ ਕਿਸੇ ‘ਕੂਲ ਐਡ’ ਨੂੰ ਪੀਣ ਦੀ ਲੋੜ ਨਹੀਂ ਕਿ ਚੀਨ ਦਾ ਅਕਸ ਇਥੇ ਬਹੁਤ ਸਾਰੇ ਪੱਛਮੀ ਦੇਸ਼ਾਂ ਨਾਲੋਂ ਬਿਹਤਰ ਹੈ।
ਯਕੀਨੀ ਤੌਰ ‘ਤੇ ਕੋਈ ਵੀ ਦੇਸ਼ ਇੰਨੇ ਵੱਡੇ ਮਹਾਦੀਪ ‘ਚ ਬਿਨਾਂ ਸਕਤ ਮਿਹਨਤ ਦੇ ਅਤੇ ਬਿਨਾਂ ਕੁਝ ਦੁਸ਼ਮਣ ਬਣਾਇਆਂ ਆਪਣੇ ਪ੍ਰੋਗਰਾਮਾਂ ਨੂੰ ਲਾਗੂ ਨਹੀਂ ਕਰ ਸਕਦਾ। ਚੀਨ ਮਿੱਤਰ ਵੀ ਬਣਿਆ ਰਿਹਾ ਹੈ।